ਮੋਦੀ ਦੀ ਸੋਨਾ ਨਾ ਖ਼ਰੀਦਣ ਦੀ ਅਪੀਲ ਵਿਰੁੱਧ ਸਰਾਫ਼ਾ ਕਾਰੋਬਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਜਤਾਇਆ ਰੋਸ

ਪੰਜਾਬ

ਮੋਗਾ, 13 ਮਈ ,ਬੋਲੇ ਪੰਜਾਬ ਬਿਊਰੋ;

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ਵਾਸੀਆਂ ਨੂੰ ਇੱਕ ਸਾਲ ਤੱਕ ਸੋਨਾ ਨਾ ਖ਼ਰੀਦਣ ਦੀ ਅਪੀਲ ਕਰਨ ਤੋਂ ਬਾਅਦ ਮੋਗਾ ਦੇ ਸਰਾਫ਼ਾ ਕਾਰੋਬਾਰੀਆਂ ਵਿੱਚ ਭਾਰੀ ਰੋਸ ਭੜਕਿਆ ਹੈ। ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਤੇ ਸੁਨਿਆਰਾ ਸੰਘ ਦੇ ਸੂਬਾ ਸਕੱਤਰ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਸ ਬਿਆਨ ਵਿਰੁੱਧ ਰੋਸ ਜ਼ਾਹਰ ਕੀਤਾ। ਸਰਾਫ਼ਾ ਬਾਜ਼ਾਰ ਬੰਦ ਕਰਨ ਦੇ ਮੁੱਦੇ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਸਰਾਫ਼ਾ ਕਾਰੋਬਾਰੀ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਸੋਨੇ ਦੀਆਂ ਲਗਾਤਾਰ ਬਦਲਦੀਆਂ ਕੀਮਤਾਂ ਕਾਰਨ ਕਾਰੋਬਾਰ ਅੱਧਾ ਰਹਿ ਗਿਆ ਹੈ। ਅਜਿਹੇ ਸਮੇਂ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਨੇ ਕਾਰੋਬਾਰੀਆਂ ਦੀ ਕਮਰ ਤੋੜ ਦਿੱਤੀ ਹੈ ਅਤੇ ਛੋਟੇ ਦੁਕਾਨਦਾਰਾਂ ਨੂੰ ਕੰਮ ਛੱਡਣ ਲਈ ਮਜਬੂਰ ਹੋਣਾ ਪੈ ਸਕਦਾ ਹੈ।

ਰਾਮੂੰਵਾਲੀਆ ਨੇ ਕਿਹਾ ਕਿ ਵਿਆਹਾਂ ਦਾ ਸੀਜ਼ਨ ਨੇੜੇ ਹੈ ਅਤੇ ਇਸ ਬਿਆਨ ਕਾਰਨ ਗਹਿਣਿਆਂ ਦੀ ਮੰਗ ਵਿੱਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇ ਸਰਕਾਰ ਇੱਕ ਸਾਲ ਸੋਨਾ ਨਾ ਖ਼ਰੀਦਣ ਦੀ ਅਪੀਲ ਕਰ ਸਕਦੀ ਹੈ ਤਾਂ ਉਸੇ ਇੱਕ ਸਾਲ ਲਈ ਸਰਾਫ਼ਾ ਕਾਰੋਬਾਰੀਆਂ ਦਾ GST, ਆਮਦਨ ਕਰ ਅਤੇ ਹੋਰ ਟੈਕਸ ਵੀ ਮਾਫ਼ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸੇ ਵਿਸ਼ੇਸ਼ ਕਾਰੋਬਾਰ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਆਪਣੇ ਮੰਤਰੀ ਮੰਡਲ ਅਤੇ ਰੈਲੀਆਂ ਦੇ ਫ਼ਜ਼ੂਲ ਖਰਚਿਆਂ ‘ਤੇ ਰੋਕ ਲਾਉਣੀ ਚਾਹੀਦੀ ਹੈ। ਕੇਂਦਰ ਸਰਕਾਰ ਤੋਂ ਇਸ ਬਿਆਨ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਦੇਸ਼ ਭਰ ਵਿੱਚ ਲੱਖਾਂ ਲੋਕ ਇਸ ਕਾਰੋਬਾਰ ਨਾਲ ਜੁੜੇ ਹਨ ਅਤੇ ਕਾਰੀਗਰਾਂ ਸਮੇਤ ਅਨੇਕਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਉੱਤੇ ਟਿਕੀ ਹੋਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।