ਪੰਜਾਬ ਸਰਕਾਰ ਹੜਤਾਲੀ ਮਜ਼ਦੂਰਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਵਾਨ ਕਰੇ ਇਫਟੂ
ਸ੍ਰੀ ਚਮਕੌਰ ਸਾਹਿਬ, 13 ਮਈ ,ਬੋਲੇ ਪੰਜਾਬ ਬਿਊਰੋ;
ਮਿਊਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਤੇ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਸਮੁੱਚੇ ਕਾਮਿਆਂ ਨੂੰ ਪੱਕੇ ਕਰਨ ,ਪੁਰਾਣੀ ਪੈਨਸ਼ਨ ਬਹਾਲ ਕਰਨ, ਠੇਕੇਦਾਰੀ ਪ੍ਰਣਾਲੀ ਬੰਦ ਕਰਨ ਨਿੱਜੀਕਰਨ ਕਰਨ ਦੀਆਂ ਨੀਤੀਆਂ ਬੰਦ ਕਰਨ ਆਦਿ ਮੰਗਾਂ ਲਈ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਸਮੁੱਚੇ ਕਾਮੇ ਹੜਤਾਲ ਵਿੱਚ ਡਟੇ ਹੋਏ ਹਨ। ਹੜਤਾਲ ਦੇ ਸੱਤਵੇਂ ਦਿਨ ਕਾਮਿਆਂ ਨੂੰ ਉਦੋਂ ਭਾਰੀ ਉਤਸ਼ਾਹ ਮਿਲਿਆ ਜਦੋਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਦੇ ਜ਼ਿਲ੍ਹਾ ਆਗੂ ਤੇ ਉਸਾਰੀ ਮਿਸਤਰੀ ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਬਲਾਕ ਚਮਕੌਰ ਸਾਹਿਬ ਵੱਲੋਂ ਆਗੂਆਂ ਤੇ ਵਰਕਰਾਂ ਨਾਲ ਸ਼ਮੂਲੀਅਤ ਕੀਤੀ ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਪ੍ਰਧਾਨ ਰਾਹੁਲ ਕੁਮਾਰ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਹੜਤਾਲ ਦੇ ਸੱਤਵੇਂ ਦਿਨ ਨਗਰ ਕੌਂਸਲ ਦੇ ਦਫਤਰ ਅੱਗੇ ਵਿਸ਼ਾਲ ਰੈਲੀ ਕੀਤੀ ਗਈ। ਜਿਸ ਨੂੰ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਇਫਟੂ ਦੇ ਜ਼ਿਲ੍ਹਾ ਜਰਨਲ ਸਕੱਤਰ ਮਲਾਗਰ ਸਿੰਘ ਖਮਾਣੋ, ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਡਾ ਭੀਮ ਰਾਓ ਅੰਬੇਦਕਰ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਵਿਚਾਰਾਂ ਤੇ ਚੱਲਣ ਦਾ ਦਾਅਵਾ ਤੇ ਵਾਅਦਾ ਕੀਤਾ ਗਿਆ ਸੀ। ਪ੍ਰੰਤੂ ਅੱਜ ਉਹਨਾਂ ਦੇ ਵਾਰਸਾਂ ਨੂੰ ਹੀ ਇਹ ਸਰਕਾਰ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਰਹੀ ਹੈ। ਅੱਜ ਪੰਜਾਬ ਦੀ ਸਰਕਾਰ ਉਹੀ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਕੇ ਸਮੁੱਚੇ ਬੁਨਿਆਦੀ ਸਹੂਲਤਾਂ ਦੇਣ ਵਾਲੇ ਵਿਭਾਗਾਂ ਨੂੰ ਖਤਮ ਕਰ ਰਹੀ ਹੈ। ਕਸਬਿਆਂ ਤੇ ਸ਼ਹਿਰਾਂ ਦੀ ਸਫਾਈ ਸਮੇਤ ਨਗਰ ਕੌਂਸਲ ਦੇ ਕੰਮਾਂ ਨੂੰ ਵੀ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਲਈ ਰੱਸੇ ਵੱਟ ਰਹੀ ਹੈ ।ਜਿਸ ਕਰਕੇ ਕੱਚੇ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਇਹਨਾਂ ਆਗੂਆਂ ਵੱਲੋਂ ਸਫਾਈ ਮਜ਼ਦੂਰਾਂ ਦੀ ਹੜਤਾਲ ਦੀ ਡਟਵੀ ਹਮਾਇਤ ਕਰਦਿਆਂ ਐਲਾਨ ਕੀਤਾ ਇਲਾਕਾ ਪੱਧਰੀ ਹੋਣ ਵਾਲੇ ਵਿਸ਼ਾਲ ਰੋਸ ਪ੍ਰਦਰਸ਼ਨਾਂ ਵਿੱਚ ਇਫਟੂ ਨਾਲ ਸੰਬੰਧਿਤ ਉਸਾਰੀ ਮਿਸਤਰੀ ਤੇ ਮਜ਼ਦੂਰ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਸਮੁੱਚੇ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।












