ਚੰਡੀਗੜ੍ਹ 17 ਮਈ ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੇਂਦਰੀ ਜਾਂਚ ਏਜੰਸੀਆਂ ਤੋਂ ਇੱਕ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਛਾਪੇਮਾਰੀ ਤੋਂ ਠੀਕ ਇੱਕ ਦਿਨ ਪਹਿਲਾਂ, 16 ਅਪਰੈਲ ਦੀ ਤੜਕਸਾਰ ਸਾਬਕਾ ਮੰਤਰੀ ਸੰਜੀਵ ਅਰੋੜਾ ਵੱਲੋਂ ਪਾਵਰ ਕਾਰਪੋਰੇਸ਼ਨ ਅਤੇ ਉਦਯੋਗ ਵਿਭਾਗ ਦੇ ਸਟਾਫ਼ ਨੂੰ ਐਮਰਜੈਂਸੀ ਵਿੱਚ ਕਿਉਂ ਤਲਬ ਕੀਤਾ ਗਿਆ ਸੀ?
ਮਜੀਠੀਆ ਨੇ ਦੋਸ਼ ਲਾਇਆ ਕਿ ਸਰਕਾਰੀ ਤੰਤਰ ਦੇ ਅੰਦਰ ਹੀ ਕੋਈ ਅਜਿਹਾ ‘ਭੇਤੀ’ ਮੌਜੂਦ ਹੈ ਜੋ ਸੰਜੀਵ ਅਰੋੜਾ ਲਈ ਕੰਮ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਰੋੜਾ ਕੋਲ ਕੇਂਦਰੀ ਏਜੰਸੀਆਂ ਦੀ ਆਉਣ ਵਾਲੀ ਕਾਰਵਾਈ ਦੀ ਅਗਾਊਂ ਸੂਚਨਾ ਸੀ, ਜਿਸ ਕਾਰਨ ਉਨ੍ਹਾਂ ਨੇ ਉਸ ਦਿਨ ਸਵੇਰੇ 5 ਵਜੇ ਹੀ ਅਧਿਕਾਰੀਆਂ ਅਤੇ ਦਫ਼ਤਰੀ ਅਮਲੇ ਨੂੰ ਸੱਦ ਲਿਆ ਸੀ। ਅਕਾਲੀ ਆਗੂ ਨੇ ਮੰਗ ਕੀਤੀ ਕਿ 16 ਅਪਰੈਲ ਦੀ ਤੜਕੇ ਦਫ਼ਤਰ ਖੋਲ੍ਹ ਕੇ ਕਥਿਤ ਤੌਰ ’ਤੇ ਸਬੂਤਾਂ ਨੂੰ ਨਸ਼ਟ ਕਰਨ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਤੋਂ ਕੇਂਦਰੀ ਏਜੰਸੀਆਂ ਸਖ਼ਤੀ ਨਾਲ ਪੁੱਛਗਿੱਛ ਕਰਨ।
ਅਕਾਲੀ ਉਮੀਦਵਾਰਾਂ ਨੂੰ NOC ਨਾ ਦੇਣ ’ਤੇ ਹਾਈਕੋਰਟ ਜਾਣ ਦੀ ਚਿਤਾਵਨੀਬਿਕਰਮ ਸਿੰਘ ਮਜੀਠੀਆ ਅੱਜ ਇੱਥੇ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚੇ ਹੋਏ ਸਨ। ਉਨ੍ਹਾਂ ਕਮਿਸ਼ਨ ਕੋਲ ਮੁੱਖ ਮੁੱਦਾ ਚੁੱਕਿਆ ਕਿ ਕਾਰਜਸਾਧਕ ਅਫ਼ਸਰਾਂ (EO) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਲੋੜੀਂਦੇ ਨੋ-ਡਿਊਜ਼ ਸਰਟੀਫਿਕੇਟ (NOCs) ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੂੰ ਅਪੀਲ ਕੀਤੀ ਕਿ ਅਕਾਲੀ ਉਮੀਦਵਾਰਾਂ ਨਾਲ ਇਨਸਾਫ਼ ਕੀਤਾ ਜਾਵੇ, ਨਹੀਂ ਤਾਂ ਪਾਰਟੀ ਨੂੰ ਮਜਬੂਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇਗਾ।












