ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਦਖਲ ਦੇਣ
ਮੋਹਾਲੀ, 03 ਜੂਨ ,ਬੋਲੇ ਪੰਜਾਬ ਬਿਊਰੋ;
ਪ੍ਰੀਤ ਸਿਟੀ ਸੈਕਟਰ-86 ਦੇ ਨਿਵਾਸੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗਮਾਡਾ ਅਤੇ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਕਾਰਨ ਨਿਵਾਸੀ ਆਪਣੇ ਹੱਕਾਂ ਲਈ ਸੰਘਰਸ਼ ਕਰਨ ਅਤੇ 10 ਜੂਨ ਨੂੰ ਧਰਨਾ ਲਗਾਉਣ ਲਈ ਮਜਬੂਰ ਹੋ ਰਹੇ ਹਨ।
ਵਾਰਡ ਨੰਬਰ 41 ਦੀ ਕੌਂਸਲਰ ਗੁਰਪ੍ਰੀਤ ਕੌਰ ਉੱਭਾ ਅਤੇ ਭਾਜਪਾ ਆਗੂ ਹਰਦੇਵ ਸਿੰਘ ਉੱਭਾ, ਸੂਬਾਈ ਪ੍ਰੈੱਸ ਸਕੱਤਰ ਭਾਜਪਾ ਪੰਜਾਬ ਨੇ ਕਿਹਾ ਕਿ ਪ੍ਰੀਤ ਸਿਟੀ ਦੇ ਨਿਵਾਸੀ ਪਿਛਲੇ ਕਈ ਸਾਲਾਂ ਤੋਂ ਬੁਨਿਆਦੀ ਸਹੂਲਤਾਂ ਅਤੇ ਅਣ-ਅਪ੍ਰੂਵਡ ਪਲਾਟਾਂ ਸਮੇਤ ਕਈ ਗੰਭੀਰ ਮੁੱਦਿਆਂ ਦੇ ਹੱਲ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀਆਂ ਜਾਇਜ਼ ਮੰਗਾਂ ਨੂੰ ਸੁਣਨਾ ਅਤੇ ਉਨ੍ਹਾਂ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇਕਰ ਸਮੱਸਿਆਵਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਤਾਂ ਨਿਵਾਸੀਆਂ ਦਾ ਗੁੱਸਾ ਹੋਰ ਵੱਧ ਸਕਦਾ ਹੈ ਅਤੇ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਗਮਾਡਾ ਅਤੇ ਪ੍ਰਸ਼ਾਸਨ ਦੀ ਹੋਵੇਗੀ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ ਅਤੇ ਸਬੰਧਿਤ ਵਿਭਾਗਾਂ ਨੂੰ ਪ੍ਰੀਤ ਸਿਟੀ ਦੇ ਨਿਵਾਸੀਆਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕਰਨ ਲਈ ਨਿਰਦੇਸ਼ ਜਾਰੀ ਕਰਨ ਤਾਂ ਜੋ ਲੋਕਾਂ ਨੂੰ 10 ਜੂਨ ਨੂੰ ਧਰਨੇ ਅਤੇ ਸੰਘਰਸ਼ ਦਾ ਰਾਹ ਨਾ ਅਪਣਾਉਣਾ ਪਵੇ।












