ਦੋ ਘੰਟਿਆਂ ਤੋਂ ਵੱਧ ਚੱਲੀ ਗੰਭੀਰ ਵਿਚਾਰ-ਚਰਚਾ, “ਫੂਲ ਜੋ ਲਹੂ ਮੇਂ ਖਿਲੇ” ਪੁਸਤਕ ਕੀਤੀ ਗਈ ਭੇਟ
ਨਵੀਂ ਦਿੱਲੀ, 16 ਜੂਨ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):
ਭਾਰਤੀ ਸਰਵਉੱਚ ਅਦਾਲਤ ਦੇ ਸੀਨੀਅਰ ਐਡਵੋਕੇਟ ਅਤੇ ਬਹੁਜਨ ਦ੍ਰਵਿੜ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਜੀਵਨ ਸਿੰਘ ਤਾਮਿਲ ਨੇ ਪਿਛਲੇ ਦਿਨੀਂ ਜਲੰਧਰ ਵਿਖੇ ਪੰਥਕ ਵਿਦਵਾਨ ਸਰਦਾਰ ਰਤਿੰਦਰ ਸਿੰਘ ਇੰਦੌਰ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤੀ ਸੰਵਿਧਾਨ, ਨਿਆਂਪਾਲਿਕਾ, ਭਾਰਤੀ ਸਮਾਜ ਵਿੱਚ ਦਲਿਤਾਂ ਦੀ ਸਥਿਤੀ, ਪੰਜਾਬ ਦੀ ਸਿਆਸਤ, ਸਿੱਖ ਪੰਥ ਦੇ ਮੂਲ ਸਿਧਾਂਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਰਹਿਤਨਾਮਿਆਂ, ਮੌਜੂਦਾ ਰਾਜਨੀਤਿਕ ਹਾਲਾਤ ਅਤੇ ਵਿਸ਼ਵ ਭਾਈਚਾਰੇ ਵਿੱਚ ਸਿੱਖਾਂ ਦੀ ਸਥਿਤੀ ਸਮੇਤ ਕਈ ਮਹੱਤਵਪੂਰਨ ਵਿਸ਼ਿਆਂ ਉੱਤੇ ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਬਹੁਜਨ ਦ੍ਰਵਿੜ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਰਦਾਰ ਤੀਰਥ ਸਿੰਘ, ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਅਜਨਾਲਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਮੁਲਾਕਾਤ ਦੌਰਾਨ ਐਡਵੋਕੇਟ ਜੀਵਨ ਸਿੰਘ ਤਾਮਿਲ ਨੇ ਸਿੱਖ ਧਰਮ ਅਤੇ ਭਾਰਤੀ ਸਮਾਜ ਨਾਲ ਸੰਬੰਧਿਤ ਹਿੰਦੀ ਭਾਸ਼ਾ ਵਿੱਚ ਲਿਖੀ ਆਪਣੀ ਪੁਸਤਕ “ਫੂਲ ਜੋ ਲਹੂ ਮੇਂ ਖਿਲੇ” ਸਰਦਾਰ ਰਤਿੰਦਰ ਸਿੰਘ ਇੰਦੌਰ ਨੂੰ ਆਪਣੇ ਦਸਤਖਤਾਂ ਸਮੇਤ ਭੇਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣਾ ਬਾਕੀ ਜੀਵਨ ਸਿਆਸਤ ਤੋਂ ਉੱਪਰ ਉੱਠ ਕੇ ਪੰਜਾਬ ਵਿੱਚ ਸਿਰਫ਼ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਕਰਨਾ ਚਾਹੁੰਦੇ ਹਨ। ਭਾਸ਼ਾਈ ਵੱਖਰਾਪਣ, ਤਾਮਿਲ, ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਬਾਵਜੂਦ ਵਿਚਾਰ-ਚਰਚਾ ਬਹੁਤ ਹੀ ਸਾਰਥਕ ਅਤੇ ਪ੍ਰਭਾਵਸ਼ਾਲੀ ਰਹੀ, ਜਿਸ ਨੂੰ ਹਾਜ਼ਰ ਸਾਰੇ ਸੱਜਣਾਂ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ ਅਤੇ ਸਰਾਹਿਆ। ਮਨੁੱਖਤਾ ਦੇ ਭਲੇ ਅਤੇ ਭਵਿੱਖ ਵਿੱਚ ਆਪਸੀ ਸਹਿਯੋਗ ਦੀ ਸੁਨਹਿਰੀ ਆਸ ਨਾਲ ਇਹ ਵਿਸ਼ੇਸ਼ ਮੀਟਿੰਗ ਸੰਪੰਨ ਹੋਈ।












