ਲੁਧਿਆਣਾ, 25 ਜੂਨ ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ)
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਪੰਜਾਬ ਮੁਲਾਜ਼ਮ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਅਤੇ ਪੰਜਾਬ ਮੁਲਾਜ਼ਮ-ਪੈਨਸ਼ਨਰ ਫਰੰਟ ਵੱਲੋਂ ਪੰਜਾਬ ਭਰ ਵਿੱਚ ਡੀ.ਸੀ. ਦਫ਼ਤਰਾਂ ਅੱਗੇ ਰੋਸ ਧਰਨਿਆਂ ਦੇ ਦਿੱਤੇ ਸੱਦੇ ਤਹਿਤ ਅੱਜ ਡੀ.ਸੀ. ਦਫ਼ਤਰ ਲੁਧਿਆਣਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਰੁਪਿੰਦਰ ਪਾਲ ਸਿੰਘ ਗਿੱਲ, ਸੁਖਵਿੰਦਰ ਸਿੰਘ ਲੀਲ, ਰਮਨਜੀਤ ਸਿੰਘ ਸੰਧੂ,ਸੰਦੀਪ ਭੁੰਬਕ, ਗੁਰਚਰਨ ਪੰਧੇਰ, ਅਮਿਤ ਅਰੋੜਾ, ਸੰਜੀਵ ਭਾਰਗਵ, ਗੁਰਮੇਲ ਸਿੰਘ ਮੈਡਲੇ ਅਤੇ ਗੁਰਪ੍ਰੀਤ ਸਿੰਘ ਖੱਟੜਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁਕਰ ਗਈ ਹੈ, ਜਿਸ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਨੂੰ ਉਸਦੇ ਵਾਅਦੇ ਯਾਦ ਕਰਵਾਉਣ ਲਈ ਅੱਜ ਸਾਂਝੇ ਤੌਰ ’ਤੇ ਸੰਘਰਸ਼ ਦਾ ਬਿਗੁਲ ਵਜਾਇਆ ਗਿਆ ਹੈ।
ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ (OPS) ਦੀ ਬਹਾਲੀ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, ਪੈਨਸ਼ਨਰਾਂ ਦੀ ਪੇ-ਕਮਿਸ਼ਨ ਗਣਨਾ 2.59 ਗੁਣਾਂਕ ਨਾਲ ਕਰਨਾ, ਮੁਲਾਜ਼ਮ ਵਿਰੋਧੀ ਪੱਤਰ ਮਿਤੀ 17-07-2020 ਅਤੇ 15-01-2015 ਰੱਦ ਕਰਨਾ, ਏ.ਸੀ.ਪੀ. ਸਕੀਮ ਲਾਗੂ ਕਰਨਾ, ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਕੱਟੇ ਭੱਤੇ ਬਹਾਲ ਕਰਨਾ, ਮਾਣ-ਭੱਤਾ/ਇਨਸੈਂਟਿਵ ਕਰਮਚਾਰੀਆਂ ਅਤੇ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨਾ ਆਦਿ ਸ਼ਾਮਲ ਹਨ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਨਾ ਮੰਨਿਆ ਤਾਂ 1 ਜੁਲਾਈ ਤੋਂ 10 ਜੁਲਾਈ ਤੱਕ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਚੇਤਾਵਨੀ ਪੱਤਰ ਦਿੱਤੇ ਜਾਣਗੇ। ਇਸ ਤੋਂ ਇਲਾਵਾ 17 ਜੁਲਾਈ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ।
ਅੱਜ ਦੇ ਵਿਸ਼ਾਲ ਰੋਸ ਧਰਨੇ ਵਿੱਚ ਪੀ.ਐੱਸ.ਐੱਮ.ਐੱਸ.ਯੂ. ਲੁਧਿਆਣਾ, ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ, ਅਧਿਆਪਕ ਜਥੇਬੰਦੀਆਂ, ਕੱਚੇ ਅਤੇ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਅਤੇ ਪੈਨਸ਼ਨਰ ਸੰਸਥਾਵਾਂ ਦੇ ਵੱਡੀ ਗਿਣਤੀ ਵਿੱਚ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਬਿਲਗਾ, ਖੁਸ਼ਵੰਤ ਸਿੰਘ, ਅਜੀਤਪਾਲ ਸਿੰਘ ਜੱਸੋਵਾਲ, ਸ਼ਾਮ ਸੁੰਦਰ, ਹਰਜੀਤ ਸਿੰਘ, ਬਲਦੇਵ ਸਿੰਘ ਵਾਲੀਆ, ਰਜਿੰਦਰ ਕੌਰ, ਚਮਕੌਰ ਸਿੰਘ ਬਰਮੀ, ਕੁਲਬੀਰ ਸਿੰਘ ਬੈਨੀਪਾਲ, ਅਵਤਾਰ ਸਿੰਘ ਗੱਗੜ, ਜਗਜੀਤ ਸਿੰਘ, ਹਰਬੰਸ ਸਿੰਘ, ਰੁਪਿੰਦਰਪਾਲ ਗਿੱਲ, ਰਮਨਜੀਤ ਸਿੰਧੂ, ਗੁਰਮੀਤ ਸਿੰਘ ਮਦਨੀਪੁਰ, ਹਰਪ੍ਰੀਤ ਗਰੇਵਾਲ, ਰਘਵੀਰ ਸਿੰਘ ਰਾਮਗੜ੍ਹ, ਦਰਸ਼ਨ ਸਿੰਘ, ਵਿਨੋਦ ਕੁਮਾਰ, ਬਲਦੇਵ ਕ੍ਰਿਸ਼ਨ ਮੋਦਗਿੱਲ, ਹਰਜੀਤ ਸਿੰਘ ਸੁਧਾਰ, ਹਰਮੀਤ ਸਿੰਘ ਕੀਂਗਰਾ, ਟਹਿਲ ਸਿੰਘ ਸਰਾਭਾ, ਸੁਸ਼ੀਲ ਕੁਮਾਰ, ਪਲਵਿੰਦਰ ਸਿੰਘ ਪੰਧੇਰ, ਗੁਰਚਰਨ ਸਿੰਘ ਦੁੱਗਾ, ਪ੍ਰੇਮ ਸਿੰਘ, ਕੁਲਪ੍ਰੀਤ ਸਿੰਘ ਪੱਖੋਵਾਲ, ਰੁਪਿੰਦਰਪਾਲ ਸਿੰਘ, ਜਸਵੰਤ ਸਿੰਘ ਜੀਰਖ, ਨਿਰਮਲ ਸਿੰਘ ਰੰਧਾਵਾ, ਹਰਵੰਤ ਸਿੰਘ ਮਾਂਗਟ, ਕੁਲਜਿੰਦਰ ਸਿੰਘ ਬੱਦੋਵਾਲ, ਵਿਕਰਮ ਸਿੰਘ ਕੱਦੋਂ ਅਤੇ ਮੁਖਤਿਆਰ ਸਿੰਘ ਢੋਲਣ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਮੁਲਾਜ਼ਮ ਹਾਜ਼ਰ ਸਨ।












