ਚੰਡੀਗੜ੍ਹ, 5 ਜੁਲਾਈ ,ਬੋਲੇ ਪੰਜਾਬ ਬਿਊਰੋ:
ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਕੇਡਰ ਦੇ ਆਈ.ਏ.ਐਸ. (IAS) ਅਫ਼ਸਰ ਵਿਪੁਲ ਉੱਜਵਲ ਦੇ ਇੱਕ ਖ਼ਾਸ ਪ੍ਰੋਜੈਕਟ ‘ਪੰਚਾਇਤ ਐਡਵਾਂਸਮੈਂਟ ਇੰਡੈਕਸ’ (PAI) ਨੂੰ ਰਾਸ਼ਟਰੀ ਪੱਧਰ ‘ਤੇ ਗੋਲਡ ਐਵਾਰਡ (ਸੋਨ ਤਗਮਾ) ਮਿਲਿਆ ਹੈ। ਇਹ ਪ੍ਰੋਜੈਕਟ ਭਾਰਤ ਵਿੱਚ ਪਿੰਡਾਂ ਦੇ ਵਿਕਾਸ ਅਤੇ ਕੰਮਕਾਜ ਦਾ ਹਿਸਾਬ-ਕਿਤਾਬ ਰੱਖਣ ਵਾਲਾ ਸਭ ਤੋਂ ਵੱਡਾ ਡਿਜਟਲ ਪਲੇਟਫਾਰਮ ਹੈ। ਇਹ ਐਵਾਰਡ ਡਿਜਟਲ ਤਕਨੀਕ ਰਾਹੀਂ ਸਰਕਾਰੀ ਕੰਮਾਂ ਨੂੰ ਬਿਹਤਰ ਬਣਾਉਣ ਲਈ ਦਿੱਤਾ ਗਿਆ ਹੈ।
ਇਹ ਵੱਕਾਰੀ ਸਨਮਾਨ ਜੈਪੁਰ ਦੇ ਰਾਜਸਥਾਨ ਇੰਟਰਨੈਸ਼ਨਲ ਸੈਂਟਰ ਵਿੱਚ 1-2 ਜੁਲਾਈ 2026 ਨੂੰ ਹੋਈ 29ਵੀਂ ਨੈਸ਼ਨਲ ਈ-ਗਵਰਨੈਂਸ ਕਾਨਫਰੰਸ ਦੌਰਾਨ ਦਿੱਤਾ ਗਿਆ। ਇਹ ਪ੍ਰੋਜੈਕਟ ਕੇਂਦਰੀ ਪੰਚਾਇਤੀ ਰਾਜ ਮੰਤਰਾਲੇ ਦੀ ਇੱਕ ਲਾਡਲਾ ਪ੍ਰਾਜੈਕਟ ਹੈ। ਵਿਪੁਲ ਉੱਜਵਲ, ਜੋ ਕਿ 2009 ਬੈਚ ਦੇ ਪੰਜਾਬ ਕੇਡਰ ਦੇ IAS ਅਫ਼ਸਰ ਹਨ ਅਤੇ ਅੱਜਕੱਲ੍ਹ ਕੇਂਦਰ ਸਰਕਾਰ ਦੇ ਪੰਚਾਇਤੀ ਰਾਜ ਮੰਤਰਾਲੇ ਵਿੱਚ ਡਾਇਰੈਕਟਰ Capacity Building Division ਵਜੋਂ ਸੇਵਾਵਾਂ ਨਿਭਾ ਰਹੇ ਹਨ, ਨੇ ਇਸ ਪ੍ਰੋਜੈਕਟ ਨੂੰ ਤਿਆਰ ਕਰਨ ਅਤੇ ਪੂਰੇ ਦੇਸ਼ ਵਿੱਚ ਲਾਗੂ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਦੇਸ਼ ਭਰ ਦੀਆਂ ਪੰਚਾਇਤਾਂ ਨੂੰ ਜੋੜਿਆ
ਇਸ ਪ੍ਰੋਜੈਕਟ ਦੇ ਦੂਜੇ ਪੜਾਅ (PAI 2.0) ਤਹਿਤ ਦੇਸ਼ ਦੀਆਂ 2,59,867 ਗ੍ਰਾਮ ਪੰਚਾਇਤਾਂ ਨੂੰ ਜੋੜਿਆ ਗਿਆ ਹੈ, ਜੋ ਕਿ ਭਾਰਤ ਦੀਆਂ ਕੁੱਲ ਪੰਚਾਇਤਾਂ ਦਾ ਲਗਭਗ 97.3 ਫ਼ੀਸਦੀ ਬਣਦਾ ਹੈ। ਪਹਿਲੀ ਵਾਰ ਦੇ ਮੁਕਾਬਲੇ ਇਸ ਵਾਰ ਪੰਚਾਇਤਾਂ ਦੀ ਹਿੱਸੇਦਾਰੀ ਵਿੱਚ ਵੱਡਾ ਵਾਧਾ ਹੋਇਆ ਹੈ। ਇਸ ਵਿੱਚ ਦੇਸ਼ ਦੇ 33 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਸਿਸਟਮ 150 ਵੱਖ-ਵੱਖ ਮਾਪਦੰਡਾਂ ਅਤੇ 230 ਡਾਟਾ ਪੁਆਇੰਟਾਂ ਦੇ ਆਧਾਰ ‘ਤੇ ਪੰਚਾਇਤਾਂ ਦੇ ਕੰਮਾਂ ਦੀ ਪਰਖ ਕਰਦਾ ਹੈ। ਕੰਮ ਨੂੰ ਸੌਖਾ ਬਣਾਉਣ ਲਈ, ਕੇਂਦਰ ਸਰਕਾਰ ਦੀਆਂ 11 ਮੁੱਖ ਸਕੀਮਾਂ (ਜਿਵੇਂ ਕਿ ਈ-ਗ੍ਰਾਮ ਸਵਰਾਜ, ਜਲ ਜੀਵਨ ਮਿਸ਼ਨ, ਮਨਰੇਗਾ, ਪੋਸ਼ਣ ਟਰੈਕਰ ਅਤੇ ਯੂ-ਡਾਈਸ+) ਦਾ ਡਾਟਾ ਸਿੱਧਾ ਇਸ ਪਲੇਟਫਾਰਮ ਨਾਲ ਜੋੜਿਆ ਗਿਆ ਹੈ।
ਇਸ ਮੁਹਿੰਮ ਤਹਿਤ ਪਿੰਡਾਂ ਦੇ ਵਿਕਾਸ ਨਾਲ ਜੁੜੇ 4.71 ਲੱਖ ਤੋਂ ਵੱਧ ਮੁਲਾਜ਼ਮਾਂ ਅਤੇ ਹਿੱਸੇਦਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਸ ਪੂਰੇ ਨੈੱਟਵਰਕ ਵਿੱਚ ਲਗਭਗ 37 ਲੱਖ ਚੁਣੇ ਹੋਏ ਨੁਮਾਇੰਦੇ, 7,135 ਬਲਾਕ ਵਿਕਾਸ ਅਫ਼ਸਰ (BDOs) ਅਤੇ 741 ਜ਼ਿਲ੍ਹਾ ਅਫ਼ਸਰ ਸ਼ਾਮਲ ਹਨ।
ਮੰਤਰਾਲੇ ਮੁਤਾਬਕ, ਇਸ ਇੰਡੈਕਸ ਦੇ ਸਕੋਰ ਦੇ ਆਧਾਰ ‘ਤੇ ਹੀ ਹੁਣ ਨੈਸ਼ਨਲ ਪੰਚਾਇਤ ਐਵਾਰਡ ਦਿੱਤੇ ਜਾ ਰਹੇ ਹਨ। ਪੰਜਾਬ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਪਿੰਡਾਂ ਦੇ ਵਿਕਾਸ ਦੀਆਂ ਯੋਜਨਾਵਾਂ ਬਣਾਉਣ ਲਈ ਵੀ ਇਸੇ ਡਾਟਾ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੰਤਰਾਲੇ ਨੇ ਦੱਸਿਆ ਕਿ ਵਿਪੁਲ ਉੱਜਵਲ ਨੇ ਇਸ ਸਿਸਟਮ ਦਾ ਖਾਕਾ ਤਿਆਰ ਕਰਨ, ਡਿਜੀਟਲ ਪੋਰਟਲ ਨੂੰ ਮਜ਼ਬੂਤ ਕਰਨ, ਰਾਜਾਂ ਨਾਲ ਤਾਲਮੇਲ ਬਣਾਉਣ ਅਤੇ ਵੱਡੇ ਪੱਧਰ ‘ਤੇ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ।
ਖ਼ਾਸ ਗੱਲ ਇਹ ਹੈ ਕਿ ਵਿਪੁਲ ਉੱਜਵਲ ਦੀ ਪਤਨੀ ਸੋਨਾਲੀ ਗਿਰੀ ਵੀ 2009 ਬੈਚ ਦੀ ਪੰਜਾਬ ਕੇਡਰ ਦੀ IAS ਅਫ਼ਸਰ ਹਨ। ਉਹ ਅੱਜਕੱਲ੍ਹ ਪੰਜਾਬ ਵਿੱਚ ਸਿੱਖਿਆ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ (Administrative Secretary) ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਅਫ਼ਸਰ ਜੋੜੀ ਨੇ e Governance ਪੱਖੋਂ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਸਦਕਾ ਇੱਕ ਖ਼ਾਸ ਪਛਾਣ ਬਣਾਈ ਹੈ।












