ਮੋਹਾਲੀ 8 ਜੁਲਾਈ ,ਬੋਲੇ ਪੰਜਾਬ ਬਿਊਰੋ;
ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਆਨ ਲਾਈਨ ਮੀਟਿੰਗ ਸੂਬਾ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਵਿੱਚ ਚੱਲ ਰਹੇ ਐੱਸ ਆਈ ਆਰ ਦੇ ਤਰੀਕਾਕਾਰ ਉੱਤੇ ਚਰਚਾ ਕੀਤੀ ਗਈ|ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਐੱਸ ਆਈ ਆਰ ਵਿੱਚ ਲੱਗੇ ਅਧਿਆਪਕ ਗੁਰਪ੍ਰੀਤ ਸਿੰਘ ਗੁਰਦਾਸਪੁਰ ਵੱਲੋਂ ਐੱਸ ਡੀ ਐੱਮ ਦਫ਼ਤਰ ਦੇ ਦਬਾਅ ਕਾਰਨ ਖੁਦਕੁਸ਼ੀ ਕਰਨ ਅਤੇ ਪ੍ਰਿਤਪਾਲ ਸਿੰਘ ਕੰਪਿਊਟਰ ਫੈਕਲਟੀ ਦੀ ਹਾਰਟ ਅਟੈਕ ਕਾਰਨ ਹੋਈ ਮੌਤ ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਗਈ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਉਹਨਾਂ ਨੇ ਕਿਹਾ ਕਿ ਇਹ ਹਾਦਸੇ ਨਹੀਂ ਹਨ ਸਗੋਂ ਸਰਕਾਰੀ ਤੰਤਰ ਦੇ ਬਦ ਇਖਲਾਕੀ ਰਵਈਏ ਤਹਿਤ ਕੀਤੇ ਗਏ ਕਤਲ ਹਨ ਜਿਨ੍ਹਾਂ ਦੇ ਜ਼ਿੰਮੇਵਾਰ ਸੰਬੰਧਿਤ ਐੱਸ ਡੀ ਐੱਮ ਅਤੇ ਡੀ ਸੀ ਹਨ|ਜਥੇਬੰਦੀ ਦੇ ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ, ਜਗਤਾਰ ਸਿੰਘ ਸੈਦੋਕੇ , ਤੇਜਿੰਦਰ ਸਿੰਘ ਅਤੇ ਕੁਲਦੀਪ ਗਰੋਵਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਮੁਲਾਜਮਾਂ ਉੱਤੇ ਕੰਮ ਦਾ ਬੇਲੋੜਾ ਬੋਝ ਪਾਇਆ ਹੋਇਆ ਹੈ, ਸਾਰੇ ਹੀ ਸਰਕਾਰੀ ਮਹਿਕਮੇ ਕਰਮਚਾਰੀਆਂ ਦੀ ਥੁੜ ਨਾਲ਼ ਜੂਝ ਰਹੇ ਹਨ, ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਲਈ ਨਵੀਂ ਭਰਤੀ ਨਹੀਂ ਕੀਤੀ ਜਾਂਦੀ ਸਗੋਂ ਉਹਨਾਂ ਦਾ ਸਾਰਾ ਕੰਮ ਅਧਿਆਪਕਾਂ ਉੱਤੇ ਪਾ ਦਿੱਤਾ ਜਾਂਦਾ ਹੈ, ਇਸ ਦੇ ਨਾਲ਼ ਹੀ ਅਧਿਕਾਰੀਆਂ ਦਾ ਇੱਕ ਦੂਜੇ ਤੋਂ ਪਹਿਲਾਂ ਕੰਮ ਕਰਕੇ ਵਾਹ ਵਾਈ ਖੱਟਣ ਲਈ ਰਵਈਆ ਹੋਰ ਵੀ ਘਿਨਾਉਣਾ ਹੋ ਜਾਂਦਾ ਹੈ ਉਹਨਾਂ ਇਹ ਵੀ ਦੱਸਿਆ ਕਿ ਬਹੁਤੇ ਬੀ ਐੱਲ ਓ ਆਂਗਣਵਾੜੀ ਤੇ ਹੈਲਥ ਵਰਕਰ ਹਨ ਇਹਨਾਂ ਦੀਆਂ ਨਾਲ਼ ਦੀ ਨਾਲ਼ ਡਿਊਟੀਆਂ ਮਾਵਾਂ ਭੈਣਾਂ ਸਤਿਕਾਰ ਯੋਜਨਾ ਤੇ ਪਲੱਸ ਪੋਲੀਓ ਮੁਹਿੰਮਾਂ ਵਿੱਚ ਵੀ ਲੱਗੀਆਂ ਹੋਈਆਂ ਹਨ |ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਬਾਜਵਾ ਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਐੱਸ ਆਈ ਆਰ ਵਿੱਚ ਲੱਗੇ ਬੀ ਐੱਲ ਓਜ਼ ਇੱਕੋ ਸਮੇਂ ਬਹੁਤ ਸਾਰੀਆਂ ਸਮੱਸਿਆਵਾਂ ਨਾਲ਼ ਜੂਝ ਰਹੇ ਹਨ ਜਿਨਾਂ ਵਿੱਚ ਪੰਜਾਬ ਚੋਣ ਕੀਮਸ਼ਨ ਵੱਲੋਂ ਨਿਰਧਾਰਿਤ 24/07/26 ਦੀ ਮਿਤੀ ਨੂੰ ਐੱਸ ਡੀ ਐੱਮਜ਼ ਵੱਲੋਂ 10/07 ਜਾਂ 15/7 ਕਰ ਦੇਣਾ, ਵਾਰ ਵਾਰ ਬੀ ਐੱਲ ਓ ਐਪ ਦਾ ਰੁਕ ਜਾਣਾ, ਨਿਯੁਕਤ ਕੀਤੇ ਬੀ ਐੱਲ ਏਜ਼ ਦਾ ਸਹਿਯੋਗ ਕਰਨ ਦੀ ਜਗ੍ਹਾ ਤੰਗ ਪ੍ਰੇਸ਼ਾਨ ਕਰਨਾ, ਵੋਟਰ ਵੱਲੋਂ ਫੋਟੋ ਜਾਂ ਹੋਰ ਸਹਿਯੋਗ ਨਾ ਮਿਲ਼ਣਾ, ਵੱਧ ਉਮਰ ਵਾਲ਼ੇ ਬੀ ਐੱਲ ਓਜ਼ ਵੱਲੋਂ ਐਪ ਨੂੰ ਚਲਾਉਣ ਵਿੱਚ ਮੁਸ਼ਕਿਲ ਆਦਿ ਸ਼ਾਮਲ ਹੈ|ਜਸਪਾਲ ਸਿੰਘ ਵਾਲੀਆ, ਅਮਰਜੀਤ ਸਿੰਘ ਵਾਲੀਆ, ਬਲਜੀਤ ਸਿੰਘ ਨੇ ਕਿਹਾ ਕਿ ਇੱਕ ਦਿਨ ਵਿੱਚ ਘਰ ਘਰ ਜਾ ਕੇ ਤਕਰੀਬਨ 60-70 ਫਾਰਮ ਹੀ ਇਕੱਠੇ ਕੀਤੇ ਜਾ ਸਕਦੇ ਹਨ, ਕਈ ਵਾਰ ਵੋਟਰਾਂ ਵੱਲੋਂ ਫਾਰਮ ਤਿਆਰ ਨਹੀਂ ਕੀਤਾ ਹੁੰਦਾ ਇਸ ਲਈ ਇੱਕ ਘਰ ਵਿੱਚ ਦੋ- ਦੋ, ਤਿੰਨ- ਤਿੰਨ ਚੱਕਰ ਵੀ ਲਗਾਉਣੇ ਪੈਂਦੇ ਹਨ ਜੋ ਆਸਾਨ ਕੰਮ ਨਹੀਂ ਹੈ |ਇਹ ਵੀ ਜ਼ਿਕਰਯੋਗ ਹੈ ਬਹੁਤ ਸਾਰੇ ਬਜ਼ੁਰਗ ਅਜਿਹੇ ਹਨ ਜਿਨ੍ਹਾਂ ਨੂੰ ਆਪਣੇ ਮਾਤਾ ਜਾਂ ਪਿਤਾ ਦਾ ਪੱਕਾ ਨਾਮ ਯਾਦ ਨਹੀਂ ਹੈ ਫਿਰ ਓਥੇ ਬੀ ਐੱਲ ਓ ਉਹਨਾਂ ਦੇ ਰਿਸ਼ਤੇਦਾਰ ਨੂੰ ਫੋਨ ਕਰਕੇ ਨਾਮ ਪਤਾ ਕਰਨਾ ਪੈਂਦਾ ਹੈ, ਕੁਝ ਵੋਟਰ ਅਜਿਹੇ ਹਨ ਜਿਨ੍ਹਾਂ ਕੋਲ਼ ਆਪਣਾ ਫੋਨ ਨੰਬਰ ਨਹੀਂ ਹੈ ਅਤੇ ਨਾ ਹੀ ਉਹਨਾਂ ਦਾ ਕੋਈ ਸਾਂਭਣਵਾਲਾ ਹੈ, ਓਥੇ ਵੀ ਕਈ ਦਿੱਕਤਾ ਆਉਂਦੀਆਂ ਹਨ |ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਮੁੱਖ ਚੋਣ ਕਮਿਸ਼ਨ ਪੰਜਾਬ ਸ੍ਰੀ ਮਤੀ ਅਨਿਦਿੱਤਾ ਮਿੱਤਰਾ ਤੋਂ ਮੰਗ ਕੀਤੀ ਕਿ ਐੱਸ ਆਈ ਆਰ ਦੇ ਦਬਾਅ ਕਾਰਨ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਐੱਸ ਡੀ ਐੱਮ ਉੱਤੇ ਕਤਲ ਦਾ ਪਰਚਾ ਦਰਜ਼ ਕੀਤਾ ਜਾਵੇ, ਬੀ ਐੱਲ ਓਜ਼ ਨਾਲ਼ ਮਨੁੱਖੀ ਵਿਵਹਾਰ ਕਰਨ ਦੇ ਨਿਰਦੇਸ਼ ਜ਼ਾਰੀ ਕੀਤੇ ਜਾਣ, ਸਾਰੇ ਬੀ ਐੱਲ ਓਜ਼ ਨਾਲ਼ ਐੱਸ ਆਈ ਆਰ ਲਈ ਸਹਾਇਕ ਬੀ ਐੱਲ ਓ ਲਗਾਇਆ ਜਾਵੇ, ਬੀ ਐੱਲ ਓ ਐੱਪ ਦਾ ਲਗਾਤਾਰ ਸੰਚਾਲਣ ਯਕੀਨੀ ਬਣਾਇਆ ਜਾਵੇ, ਬੀ ਐੱਲ ਏਜ਼ ਨੂੰ ਸਖ਼ਤ ਹਦਾਇਤ ਕੀਤੀ ਜਾਵੇ ਕਿ ਉਹ ਤੰਗ ਪ੍ਰੇਸ਼ਾਨ ਨਾ ਕਰਨ, ਜਿਹੜੇ ਅਫਸਰਾਂ ਨੇ ਆਪਣੇ ਪੱਧਰ ਤੇ ਐੱਸ ਆਈ ਆਰ ਦੀ ਮਿਤੀ ਬਦਲਣ ਦੀ ਜ਼ੁਰਤ ਕੀਤੀ ਹੈ ਉਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਇਸ ਦੇ ਨਾਲ਼ ਹੀ ਐੱਮ ਸੀਆ ਤੇ ਪੰਚਾ-ਸਰਪੰਚਾਂ ਨੂੰ ਬੀ ਐੱਲ ਓਜ਼ ਨੂੰ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਜਾਣ |ਅਵਤਾਰ ਸਿੰਘ ਧਨੋਆ, ਜਗਤਾਰ ਸਿੰਘ ਅਤੇ ਬਲਦੀਸ਼ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਬੀ ਐੱਲ ਓਜ਼ ਮਿਹਨਤੀ, ਇਮਾਨਦਾਰੀ ਤੇ ਲਗਣ ਨਾਲ਼ ਕੰਮ ਕਰ ਰਹੇ ਹਨ ਉਹਨਾਂ ਨੂੰ ਘੂਰਕੀਆਂ ਦੇਣ ਦੀ ਜਗ੍ਹਾ ਪ੍ਰੋਤਸਾਹਿਤ ਕਰਕੇ ਤੇਜ਼, ਗੁਣਵੱਤਾ ਵਾਲ਼ਾ ਕੰਮ ਕਰਵਾਇਆ ਜਾ ਸਕਦਾ ਹੈ|ਇਸ ਮੌਕੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਜਨਰਲ ਸਕੱਤਰ ਹਾਜਰ ਸਨ












