ਚੰਡੀਗੜ੍ਹ 15 ਜੁਲਾਈ ,ਬੋਲੇ ਪੰਜਾਬ ਬਿਊਰੋ;
ਸਰੀ ਦੇ ਸਿਟੀ ਹਾਲ ਨੂੰ ਕਿਸੇ ਅਣਜਾਣ ਵਿਅਕਤੀ ਵਲੋਂ ਸਾੜਨ ਦਾ ਯਤਨ ਕਰਨ ਦੀ ਘਟਨਾ ਸਾਹਮਣੇ ਆਈ ਹੈ, ਹਾਲਾਂਕਿ ਪਰ ਅੱਗ ਦੀਆਂ ਲਪਟਾਂ ਅਜੇ ਇੱਕ ਹਿੱਸੇ ਤੱਕ ਹੀ ਪਹੁੰਚੀਆਂ ਸਨ ਕਿ ਅੱਗ ਬੁਝਾਊ ਅਮਲੇ ਨੇ ਕਾਬੂ ਪਾ ਲਿਆ। ਪੁਲੀਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਤੜਕਸਾਰ ਜਿਵੇਂ ਹੀ ਉਨ੍ਹਾਂ ਨੂੰ ਅੱਗ ਦੀ ਸੂਚਨਾ ਮਿਲੀ ਤਾਂ ਅੱਗ ਬੁਝਾਊ ਅਮਲਾ ਤੁਰੰਤ ਮੌਕੇ ਤੇ ਪਹੁੰਚਿਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ।
ਪੁਲੀਸ ਬੁਲਾਰੇ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਅੱਗ ਲਾਏ ਜਾਣ ਦੇ ਸਬੂਤ ਮਿਲੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਗ ਕਿਸੇ 45-65 ਸਾਲ ਦੇ ਗੋਰੇ ਵਿਅਕਤੀ ਵਲੋਂ ਸਿਟੀ ਹਾਲ ਦੇ ਕੋਲ ਪਏ ਪੋਰਟੇਬਲ ਬਾਥਰੂਮ ਨੂੰ ਲਾਈ ਗਈ। ਬਾਥਰੂਮ ਪਲਾਸਟਿਕ ਦਾ ਬਣਿਆ ਹੋਣ ਕਰਕੇ ਅੱਗ ਜਲਦੀ ਭੜਕ ਗਈ। ਅੱਗ ਦੇ ਸੇਕ ਨਾਲ ਸਿਟੀ ਹਾਲ ਦੇ ਸ਼ੀਸ਼ੇ ਟੁੱਟ ਗਏ ਅਤੇ ਲਪਟਾਂ ਅੰਦਰ ਤੱਕ ਪਹੁੰਚ ਗਈਆਂ। ਇਸ ਘਟਨਾ ਦੌਰਾਨ ਹਾਲ ਦੇ ਇੱਕ ਪਾਸੇ ਪਿਆ ਕੁਝ ਫਰਨੀਚਰ ਸੜ ਗਿਆ, ਪਰ ਕੋਈ ਰਿਕਾਰਡ ਨਸ਼ਟ ਹੋਣ ਤੋਂ ਬਚਾਅ ਹੋ ਗਿਆ। ਉਸ ਮੌਕੇ ਸਿਟੀ ਹਾਲ ਬੰਦ ਹੋਣ ਕਾਰਨ ਜਾਨੀ ਨੁਕਾਸਨ ਤੋਂ ਵੀ ਬਚਾਅ ਰਿਹਾ।ਪੁਲੀਸ ਵਲੋਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਚੋਂ ਲਈ ਸ਼ੱਕੀ ਵਿਅਕਤੀ ਦੀ ਤਸਵੀਰ ਜਨਤਕ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸਦੀ ਪਛਾਣ ਕਰਕੇ ਪੁਲੀਸ ਨੂੰ ਸੂਚਿਤ ਕਰਨ। ਪੁਲੀਸ ਨੇ ਹੋਰ ਜਾਣਕਾਰੀ ਦੇਣ ਤੋਂ ਗੁਰੇਜ ਕਰਦਿਆਂ ਕਿਹਾ ਹੈ ਕਿ ਉਸ ਨਾਲ ਜਾਂਚ ਪ੍ਰਭਾਵਤ ਹੋ ਸਕਦੀ ਹੈ।












