‘ਸਤਲੁਜ’ ਨੇ ਫਿਰ ਖੋਲ੍ਹੇ ਪੰਜਾਬ ਦੇ ਕਾਲੇ ਦੌਰ ਦੇ ਜ਼ਖ਼ਮ, ਸੱਚ ਸਾਹਮਣੇ ਲਿਆਉਣ ਲਈ ਬਣੇ ਟ੍ਰਥ ਐਂਡ ਰਿਕਾਨਸਿਲੀਏਸ਼ਨ ਕਮਿਸ਼ਨ: ਬੀਬੀ ਕਿਰਨਜੋਤ ਕੌਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ 15 ਜੁਲਾਈ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਫ਼ਿਲਮ ਸਤਲੁਜ ਦੇ ਰਿਲੀਜ਼ ਹੋਣ ਨਾਲ ਪੰਜਾਬ ਦੇ ਕਾਲੇ ਦੌਰ ਅਤੇ ਸਰਕਾਰੀ ਜ਼ਬਰ-ਜ਼ੁਲਮ ਬਾਰੇ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਇਸ ਸੰਦਰਭ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਫ਼ਿਲਮ ਨੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ 1978 ਤੋਂ 1995 ਤੱਕ ਦੇ ਉਸ ਦੌਰ ਨਾਲ ਰੂ-ਬ-ਰੂ ਕਰਵਾਇਆ ਹੈ, ਜਿਸ ਨੇ ਪੰਜਾਬ ਦੇ ਇਤਿਹਾਸ ‘ਤੇ ਡੂੰਘੇ ਜ਼ਖ਼ਮ ਛੱਡੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ 80 ਅਤੇ 90 ਦੇ ਦਹਾਕੇ ਦੌਰਾਨ ਨਾਇਨਸਾਫ਼ੀਆਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਖ਼ੁਦ ਹੰਢਾਇਆ, ਉਨ੍ਹਾਂ ਲਈ ਇਨਸਾਫ਼ ਦੀ ਮੰਗ ਅੱਜ ਵੀ ਅਧੂਰੀ ਹੈ। ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਇੰਨੇ ਸਾਲਾਂ ਬਾਅਦ ਵੀ ਕਿਸੇ ਵੀ ਸਿਆਸੀ ਪਾਰਟੀ ਨੇ ਉਸ ਦੌਰ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੋਈ ਠੋਸ ਅਤੇ ਸਮਾਂਬੱਧ ਪ੍ਰੋਗਰਾਮ ਨਹੀਂ ਦਿੱਤਾ। ਸਿਰਫ਼ “ਮਾਰੇ ਗਏ, ਲੁੱਟੇ ਗਏ, ਦੂਜੇ ਦਰਜੇ ਦੇ ਨਾਗਰਿਕ ਬਣਾਏ ਗਏ ਅਤੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਗਿਆ” ਵਰਗੀਆਂ ਗੱਲਾਂ ਦੁਹਰਾਉਣ ਨਾਲ ਇਨਸਾਫ਼ ਨਹੀਂ ਮਿਲੇਗਾ। ਬੀਬੀ ਕਿਰਨਜੋਤ ਕੌਰ ਨੇ ਮੰਗ ਕੀਤੀ ਕਿ 1978 ਤੋਂ 1995 ਤੱਕ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ, ਸਾਜ਼ਿਸ਼ਾਂ, ਮਨੁੱਖੀ ਅਧਿਕਾਰਾਂ ਦੀਆਂ ਕਥਿਤ ਉਲੰਘਣਾਵਾਂ ਅਤੇ ਸਮਾਜਕ-ਰਾਜਨੀਤਿਕ ਹਾਲਾਤਾਂ ਦੀ ਨਿਰਪੱਖ ਪੜਤਾਲ ਲਈ ਟ੍ਰਥ ਐਂਡ ਰਿਕਾਨਸਿਲੀਏਸ਼ਨ ਕਮਿਸ਼ਨ ਦਾ ਗਠਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਕਮਿਸ਼ਨ ਅੱਗੇ ਉਹ ਹਿੰਦੂ ਭਾਈਚਾਰਾ ਵੀ ਆਪਣਾ ਪੱਖ ਰੱਖੇ, ਜੋ ਸਿੱਖਾਂ ਨਾਲ ਹੋਈ ਨਾਇਨਸਾਫ਼ੀ ਨੂੰ ਆਪਣਾ ਵੀ ਦਰਦ ਮੰਨਦਾ ਹੈ। ਇਸ ਦੇ ਨਾਲ ਹੀ ਪੰਜਾਬ ਨੂੰ ਹਿੰਦੂ-ਸਿੱਖ ਦੇ ਨਾਂ ‘ਤੇ ਵੰਡਣ ਵਾਲੀਆਂ ਤਾਕਤਾਂ ਅਤੇ ਸਾਜ਼ਿਸ਼ਾਂ ਨੂੰ ਵੀ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰੂਹ ਨੂੰ ਦਬਾਇਆ ਨਹੀਂ ਜਾ ਸਕਦਾ। ਇਹ ਧਰਤੀ ਨਫ਼ਰਤ ਨਹੀਂ, ਸੱਚ ਅਤੇ ਇਨਸਾਫ਼ ਦੀ ਹਾਮੀ ਹੈ। ਪੰਜਾਬ ਕੋਲ ਪਾਪੀਆਂ ਨੂੰ ਵੀ ਮੁਆਫ਼ ਕਰਨ ਦਾ ਵੱਡਾ ਦਿਲ ਹੈ, ਪਰ ਮੁਆਫ਼ੀ ਤੋਂ ਪਹਿਲਾਂ ਸੱਚ ਦਾ ਸਾਹਮਣੇ ਆਉਣਾ ਅਤੇ ਇਨਸਾਫ਼ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਸਿਰਫ਼ ਅਰਦਾਸਾਂ ਕਰਨ ਦਾ ਨਹੀਂ, ਸਗੋਂ ਸੱਚ ਸਾਹਮਣੇ ਲਿਆਉਣ ਅਤੇ ਇਨਸਾਫ਼ ਨੂੰ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣ ਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।