ਜੰਤਰ-ਮੰਤਰ ਪੁੱਜੇ ਨਗੀਨਾ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ, ਪ੍ਰਦਰਸ਼ਨਕਾਰੀਆਂ ਦਾ ਕੀਤਾ ਸਮਰਥਨ

ਨੈਸ਼ਨਲ ਪੰਜਾਬ

ਨਵੀਂ ਦਿੱਲੀ 19 ਜੁਲਾਈ ,ਬੋਲੇ ਪੰਜਾਬ ਬਿਊਰੋ;

ਨੀਟ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਖ਼ਿਲਾਫ਼ ਜੰਤਰ-ਮੰਤਰ ’ਤੇ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਹੁਣ ਹੋਰ ਤੇਜ਼ ਹੋ ਗਿਆ ਹੈ। ਨਗੀਨਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਐਤਵਾਰ ਦੁਪਹਿਰ ਢਾਈ ਵਜੇ ਦੇ ਕਰੀਬ ਆਪਣੇ ਸਾਥੀਆਂ ਅਤੇ ਲਗਭਗ 50 ਸਮਰਥਕਾਂ ਦੀ ਟੀਮ ਸਮੇਤ ਜੰਤਰ-ਮੰਤਰ ਪ੍ਰਦਰਸ਼ਨ ਵਾਲੀ ਥਾਂ ’ਤੇ ਪਹੁੰਚੇ। ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਚੰਦਰਸ਼ੇਖਰ ਆਜ਼ਾਦ ਦੇ ਇੱਕ ਸਮਰਥਕ ਨੇ ਦੱਸਿਆ ਕਿ ਸੰਸਦ ਮੈਂਬਰ ਇੱਥੇ ਇਹ ਯਕੀਨੀ ਬਣਾਉਣ ਲਈ ਪਹੁੰਚੇ ਹਨ ਕਿ ਦਿੱਲੀ ਪੁਲੀਸ ਹੁਣ ਅਭੀਜੀਤ ਦਿਪਕੇ ਨੂੰ ਉਸ ਤਰ੍ਹਾਂ ਹਿਰਾਸਤ ਵਿੱਚ ਨਾ ਲਵੇ, ਜਿਸ ਤਰ੍ਹਾਂ ਬੀਤੇ ਦਿਨੀਂ ਸੋਨਮ ਵਾਂਗਚੁੱਕ ਨੂੰ ਜਬਰਨ ਚੁੱਕਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਲਗਾਤਾਰ ਭੁੱਖ ਹੜਤਾਲ ਕਾਰਨ ਸਿਹਤ ਵਿਗੜਨ ਮਗਰੋਂ ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਨੂੰ ਸ਼ਨੀਵਾਰ ਦਿੱਲੀ ਪੁਲੀਸ ਵੱਲੋਂ ਸਫ਼ਦਰਜੰਗ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਸੀ। ਵਾਂਗਚੁੱਕ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਹੁਣ ‘ਕਾਕਰੋਚ ਜਨਤਾ ਪਾਰਟੀ’ (ਸੀ.ਜੇ.ਪੀ.) ਦੇ ਸੰਸਥਾਪਕ ਅਭੀਜੀਤ ਦਿਪਕੇ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਦਾ ਅੱਜ ਦੂਜਾ ਦਿਨ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਪ੍ਰਸ਼ਾਸਨ ਇਸ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਉਹ ਪਿੱਛੇ ਨਹੀਂ ਹਟਣਗੇ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੀ.ਜੇ.ਪੀ. ਦੇ ਬੁਲਾਰੇ ਨੇ ਦਿੱਲੀ ਪੁਲੀਸ ਦੀਆਂ ਸੰਭਾਵਿਤ ਗ੍ਰਿਫਤਾਰੀਆਂ ਦੇ ਖ਼ਦਸ਼ੇ ਦਰਮਿਆਨ ਸਮਰਥਕਾਂ ਨੂੰ ਡਟੇ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਸਾਰਿਆਂ ਨੂੰ ਸਵੇਰੇ 9 ਵਜੇ ਤੱਕ ਇੱਥੇ ਰੁਕਣ ਦੀ ਅਪੀਲ ਕਰਦਾ ਹਾਂ। ਉਸ ਤੋਂ ਬਾਅਦ ਜੰਤਰ-ਮੰਤਰ ’ਤੇ ਅਜਿਹਾ ਜਨ-ਸੈਲਾਬ ਉਮੜੇਗਾ ਕਿ ਕਿਸੇ ਵੀ ਪੁਲਿਸ ਪ੍ਰਸ਼ਾਸਨ ਦੀ ਸਾਨੂੰ ਹੱਥ ਲਾਉਣ ਦੀ ਹਿੰਮਤ ਨਹੀਂ ਹੋਵੇਗੀ।’’ਦੂਜੇ ਪਾਸੇ, ਅੰਦੋਲਨਕਾਰੀ ਆਗੂ ਆਸ਼ੂਤੋਸ਼ ਰਾਂਕਾ ਨੇ ਸਿੱਧੇ ਤੌਰ ’ਤੇ ਦਿੱਲੀ ਪੁਲੀਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਤਿੱਖੇ ਸ਼ਬਦੀ ਵਾਰ ਕੀਤੇ। ਰਾਂਕਾ ਨੇ ਕਿਹਾ, ‘‘ਤੁਸੀਂ ਲੋਕ ਵਰਦੀ ਪਾ ਕੇ ਸਾਹਮਣੇ ਕਿਉਂ ਨਹੀਂ ਆਉਂਦੇ? ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਆਪਣੀ ਅਧਿਕਾਰਤ ਵਰਦੀ ਪਹਿਨੋ ਅਤੇ ਸਾਨੂੰ ਆਪਣੇ ਚਿਹਰੇ ਦਿਖਾਓ।’’ ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮ ਬਿਨਾਂ ਵਰਦੀ ਦੇ ਪ੍ਰਦਰਸ਼ਨਕਾਰੀਆਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੰਸਦ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਮੌਕੇ 20 ਜੁਲਾਈ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ‘ਚਲੋ ਸੰਸਦ’ ਮਾਰਚ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਜੰਤਰ-ਮੰਤਰ ’ਤੇ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।