ਨਵੀਂ ਦਿੱਲੀ 19 ਜੁਲਾਈ ,ਬੋਲੇ ਪੰਜਾਬ ਬਿਊਰੋ;
ਲਦਾਖ ਦੇ ਉੱਘੇ ਵਾਤਾਵਰਣ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁੱਕ ਦੀ ਸਿਹਤ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਰੱਖੇ ਜਾਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਅਦਾਲਤ ਦੀ ਦਹਿਲੀਜ਼ ’ਤੇ ਪਹੁੰਚ ਗਿਆ ਹੈ। ਸੋਨਮ ਵਾਂਗਚੁੱਕ ਦੀ ਪਤਨੀ ਗੀਤਾਂਜਲੀ ਅੰਗਮੋ ਨੇ ਐਤਵਾਰ ਸਵੇਰੇ ਦਿੱਲੀ ਹਾਈਕੋਰਟ ਵਿੱਚ ਇੱਕ ਹੰਗਾਮੀ ਪਟੀਸ਼ਨ ਦਾਇਰ ਕਰਦਿਆਂ ਉਨ੍ਹਾਂ ਨੂੰ ਸਫ਼ਦਰਜੰਗ ਹਸਪਤਾਲ ਵਿੱਚੋਂ ਤੁਰੰਤ ਡਿਸਚਾਰਜ ਕਰਨ ਦੀ ਮੰਗ ਕੀਤੀ ਹੈ। ਗੀਤਾਂਜਲੀ ਅੰਗਮੋ ਨੇ ਜਨਤਕ ਤੌਰ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਸਰਕਾਰੀ ਸਫ਼ਦਰਜੰਗ ਹਸਪਤਾਲ ਦੀ ਕਾਰਜਪ੍ਰਣਾਲੀ ਤੋਂ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਾ ਹੈ ਅਤੇ ਉੱਥੇ ਮੈਡੀਕਲ ਦੇਖਭਾਲ ਦੇ ਨਾਂ ’ਤੇ ਉਨ੍ਹਾਂ ਦੇ ਪਤੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਨਜ਼ਰਬੰਦ ਰੱਖਿਆ ਜਾ ਰਿਹਾ ਹੈ।
ਗੀਤਾਂਜਲੀ ਅੰਗਮੋ ਨੇ ਹਸਪਤਾਲ ਪ੍ਰਸ਼ਾਸਨ ਵੱਲੋਂ ਜਾਰੀ ਮੈਡੀਕਲ ਰਿਪੋਰਟਾਂ ਅਤੇ ਅੰਕੜਿਆਂ ਵਿੱਚ ਵੱਡੀ ਗੜਬੜੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਦੱਸਿਆ ਕਿ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਵਾਂਗਚੁੱਕ ਦੇ ਸਰੀਰ ਵਿੱਚ ਪੋਟਾਸ਼ੀਅਮ ਦਾ ਪੱਧਰ ਘਟ ਕੇ 2.9 ਰਹਿ ਗਿਆ ਹੈ, ਜੋ ਕਿ ਬੇਹੱਦ ਚਿੰਤਾਜਨਕ ਅਤੇ ਜਾਨਲੇਵਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਸਪਤਾਲ ਨੇ ਆਪਣੀ ਜਨਤਕ ਹੈਲਥ ਬੁਲੇਟਿਨ ਵਿੱਚ ਇਸ ਅਸਲ ਅੰਕੜੇ ਨੂੰ ਸਾਫ਼ ਤੌਰ ’ਤੇ ਛੁਪਾ ਲਿਆ ਅਤੇ ਸਿਰਫ਼ ਪੋਟਾਸ਼ੀਅਮ ਦਾ ਪੱਧਰ ਘਟਣ ਦਾ ਜ਼ਿਕਰ ਕੀਤਾ।ਪੀੜਤ ਪਰਿਵਾਰ ਮੁਤਾਬਕ ਜਦੋਂ ਲਗਭਗ 10 ਘੰਟਿਆਂ ਦੀ ਜੱਦੋਜਹਿਦ ਅਤੇ ਵਾਰ-ਵਾਰ ਕੀਤੀਆਂ ਬੇਨਤੀਆਂ ਤੋਂ ਬਾਅਦ ਰਾਤ 10:30 ਵਜੇ ਉਨ੍ਹਾਂ ਨੂੰ ਸੋਨਮ ਵਾਂਗਚੁੱਕ ਦੇ ਖ਼ੂਨ ਦੇ ਸੈਂਪਲ ਬਾਹਰ ਲੈ ਕੇ ਜਾਣ ਦੀ ਇਜਾਜ਼ਤ ਮਿਲੀ, ਤਾਂ ਇੱਕ ਸੁਤੰਤਰ ਨਿੱਜੀ ਲੈਬਾਰਟਰੀ ਦੀ ਟੈਸਟ ਰਿਪੋਰਟ ਵਿੱਚ ਪੋਟਾਸ਼ੀਅਮ ਦਾ ਪੱਧਰ 3.5 ਆਇਆ, ਜੋ ਕਿ ਬਿਲਕੁਲ ਆਮ (ਨਾਰਮਲ) ਦਾਇਰੇ ਵਿੱਚ ਹੈ। ਗੀਤਾਂਜਲੀ ਨੇ ਦੋਸ਼ ਲਾਇਆ ਕਿ ਇਨ੍ਹਾਂ ਸਪੱਸ਼ਟ ਰਿਪੋਰਟਾਂ ਦੇ ਬਾਵਜੂਦ ਹਸਪਤਾਲ ਪ੍ਰਸ਼ਾਸਨ ਉਨ੍ਹਾਂ ਨੂੰ ਡਿਸਚਾਰਜ ਕਰਨ ਜਾਂ ਉਨ੍ਹਾਂ ਦੀ ਆਪਣੀ ਪਸੰਦ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਸ਼ਿਫਟ ਕਰਨ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ।
ਉਨ੍ਹਾਂ ਹਸਪਤਾਲ ਵਿੱਚ ਸੁਰੱਖਿਆ ਦੇ ਨਾਂ ’ਤੇ ਕੀਤੇ ਗਏ ਸਖ਼ਤ ਪਹਿਰੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸੋਨਮ ਵਾਂਗਚੁੱਕ ਦੇ ਕਮਰੇ ਵਾਲੇ ਫਲੋਰ ’ਤੇ ਤਕਰੀਬਨ 30 ਪੁਲੀਸ ਮੁਲਾਜ਼ਮ ਤਾਇਨਾਤ ਹਨ ਅਤੇ ਪੂਰੇ ਹਸਪਤਾਲ ਵਿੱਚ 100 ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ, ਜਿਸ ਕਾਰਨ ਪਰਿਵਾਰ ਦੀ ਆਵਾਜਾਈ ’ਤੇ ਵੀ ਭਾਰੀ ਪਾਬੰਦੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਇਹ ਕੋਈ ਡਾਕਟਰੀ ਇਲਾਜ ਨਹੀਂ, ਸਗੋਂ ਸਿੱਧੇ ਤੌਰ ’ਤੇ ਗੈਰ-ਕਾਨੂੰਨੀ ਹਿਰਾਸਤ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਸਪਤਾਲ ਵਿੱਚ ਸੋਨਮ ਵਾਂਗਚੁੱਕ ਨੂੰ ਕੁਝ ਵੀ ਹੁੰਦਾ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।ਹਾਈਕੋਰਟ ਦਾ ਰੁਖ਼ ਕਰਨ ਬਾਰੇ ਗੱਲ ਕਰਦਿਆਂ ਗੀਤਾਂਜਲੀ ਅੰਗਮੋ ਨੇ ਕਿਹਾ ਕਿ ਉਨ੍ਹਾਂ ਨੇ ਸੋਨਮ ਦੀ ਸਿਹਤ ਹੋਰ ਵਿਗੜਨ ਤੋਂ ਪਹਿਲਾਂ ਉਨ੍ਹਾਂ ਨੂੰ ਕਿਸੇ ਸੁਰੱਖਿਅਤ ਥਾਂ ’ਤੇ ਸ਼ਿਫਟ ਕਰਨ ਲਈ ਅਦਾਲਤ ਤੋਂ ਅੱਜ ਹੀ ਤੁਰੰਤ ਸੁਣਵਾਈ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਅਫ਼ਸੋਸਜਨਕ ਹੈ ਕਿ ਕਿਸੇ ਵੀ ਪਰਿਵਾਰ ਨੂੰ ਆਪਣੇ ਅਜ਼ੀਜ਼ ਦੇ ਇਲਾਜ ਲਈ ਸਿਰਫ਼ ਹਸਪਤਾਲ ਦੀ ਚੋਣ ਕਰਨ ਵਾਸਤੇ ਵੀ ਇਸ ਤਰ੍ਹਾਂ ਪੂਰੇ ਸਿਸਟਮ ਦੇ ਖ਼ਿਲਾਫ਼ ਲੜਨਾ ਪੈ ਰਿਹਾ ਹੈ। ਦੂਜੇ ਪਾਸੇ, ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਵਾਂਗਚੁੱਕ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ।












