ਡੀਸੀ ਮੋਹਾਲੀ ਕੋਮਲ ਮਿੱਤਲ ਨੂੰ ਸੌਂਪਿਆ ਮੰਗ ਪੱਤਰ
ਮੋਹਾਲੀ, 21 ਜੁਲਾਈ ,ਬੋਲੇ ਪੰਜਾਬ ਬਿਊਰੋ:
ਭਾਜਪਾ ਪੰਜਾਬ ਦੇ ਸਟੇਟ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਅੱਜ ਆਪਣੀ ਪਤਨੀ ਅਤੇ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 41 ਦੀ ਕੌਂਸਲਰ (ਐਮ.ਸੀ.) ਗੁਰਪ੍ਰੀਤ ਕੌਰ ਉੱਭਾ ਨਾਲ ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀਮਤੀ ਕੋਮਲ ਮਿੱਤਲ ਨਾਲ ਮੁਲਾਕਾਤ ਕਰਕੇ ਵਾਰਡ ਨੰਬਰ 41 ਅਤੇ ਸੰਭਾਲਕੀ ਨਾਲ ਸਬੰਧਤ ਅਹਿਮ ਜਨਤਕ ਮੁੱਦੇ ਉਠਾਏ।
ਉਨ੍ਹਾਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਵਾਰਡ ਨੰਬਰ 41 ਅਧੀਨ ਵੇਵ ਐਸਟੇਟ ਸੈਕਟਰ-85, ਸੈਕਟਰ-86, ਸੈਕਟਰ-88, ਸੰਭਾਲਕੀ ਅਤੇ ਨਾਨੂ ਮਾਜਰਾ ਵਿੱਚ ਸੈਨੀਟੇਸ਼ਨ ਦੇ ਬਹੁਤ ਮਾੜੇ ਹਾਲਾਤ, ਸੀਵਰੇਜ ਦੀ ਸਮੱਸਿਆ, ਮੀਂਹ ਦੇ ਪਾਣੀ ਦੀ ਨਿਕਾਸੀ, ਪੀਣ ਵਾਲੇ ਪਾਣੀ ਦੀ ਅਣਉਚਿਤ ਸਪਲਾਈ, ਖਰਾਬ ਸਟ੍ਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਪੱਕਾ ਹੱਲ ਕੀਤਾ ਜਾਵੇ।
ਇਸ ਮੌਕੇ ਸੰਭਾਲਕੀ ਦੀ ਪੰਚਾਇਤੀ/ਸਰਕਾਰੀ ਜ਼ਮੀਨ ‘ਤੇ ਬਿਨਾਂ ਬੋਲੀ ਕਥਿਤ ਨਾਜਾਇਜ਼ ਕਬਜ਼ੇ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਹਰਦੇਵ ਸਿੰਘ ਉੱਭਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਕਥਿਤ ਕਬਜ਼ਾ ਕਿਸ ਨੇ ਅਤੇ ਕਿਸ ਦੀ ਸਰਪ੍ਰਸਤੀ ਜਾਂ ਸਹਿ ਨਾਲ ਕੀਤਾ। ਜੇਕਰ ਜਾਂਚ ਦੌਰਾਨ ਕੋਈ ਵਿਅਕਤੀ, ਅਧਿਕਾਰੀ ਜਾਂ ਹੋਰ ਕੋਈ ਧਿਰ ਇਸ ਕਥਿਤ ਸਾਜ਼ਿਸ਼ ਜਾਂ ਗੈਰ-ਕਾਨੂੰਨੀ ਕਾਰਵਾਈ ਵਿੱਚ ਸ਼ਾਮਲ ਪਾਈ ਜਾਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਰਕਾਰੀ/ਪੰਚਾਇਤੀ ਜ਼ਮੀਨ ਨੂੰ ਤੁਰੰਤ ਕਬਜ਼ਾ-ਮੁਕਤ ਕਰਵਾਇਆ ਜਾਵੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਮੌਕੇ ‘ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਭਰੋਸਾ ਦਿਵਾਇਆ ਕਿ ਜਨਤਕ ਹਿੱਤ ਨਾਲ ਜੁੜੇ ਸਾਰੇ ਮਾਮਲਿਆਂ ਵਿੱਚ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਵਾਰਡ ਨੰਬਰ 41 ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਅਤੇ ਸਰਕਾਰੀ ਸੰਪਤੀ ਦੀ ਰੱਖਿਆ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ, ਪਾਰਦਰਸ਼ਤਾ ਅਤੇ ਵਿਕਾਸ ਲਈ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਜਨਹਿੱਤ ਨਾਲ ਜੁੜੇ ਹਰ ਮੁੱਦੇ ਨੂੰ ਹਰ ਮੰਚ ‘ਤੇ ਪੂਰੀ ਦ੍ਰਿੜਤਾ ਨਾਲ ਉਠਾਇਆ ਜਾਂਦਾ ਰਹੇਗਾ।












