ਮੰਗਾਂ ਸਬੰਧੀ ਕੋਈ ਠੋਸ ਕਾਰਵਾਈ ਦਾ ਭਰੋਸਾ ਨਹੀ ਮਿਲਿਆ
ਮੋਹਾਲੀ,27, ਅਕਤੂਬਰ ,ਬੋਲੇ ਪੰਜਾਬ ਬਿਉਰੋ;
ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਦੀਆਂ ਨੀਤੀਗਤ ਅਤੇ ਭਲਾਈ ਸਕੀਮਾਂ ਦੀਆਂ ਮੰਗਾਂ ਸਬੰਧੀ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਜ਼ਿਲ੍ਹਾ ਰੋਪੜ ਦੀ ਮੀਟਿੰਗ ਡਿਪਟੀ ਸਕੱਤਰ ਪਦਮਜੀਤ ਸਿੰਘ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ ਵੈਲਫੇਅਰ ਬੋਰਡ ਨਾਲ ਕਿਰਤ ਭਵਨ ਮੋਹਾਲੀ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਇਫਟੂ ਦੇ ਜ਼ਿਲ੍ਹਾ ਸਕੱਤਰ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਯੂਨੀਅਨ ਆਗੂਆਂ ਵੱਲੋਂ ਮੀਟਿੰਗ ਵਿੱਚ ਨਵੇਂ ਲੇਬਰ ਚੌਂਕ ਬਣਾਉਣ, ਬਣੇ ਹੋਏ ਲੇਬਰ ਚੌਂਕਾਂ ਵਿੱਚ ਬੁਨਿਆਦੀ ਸਹੂਲਤਾਂ ਲਾਗੂ ਕਰਨ, ਲੇਬਰ ਸੁਵਿਧਾ ਕੈਂਪ ਜਾਰੀ ਰੱਖਣ, 15ਵੀਂ ਲੇਬਰ ਕਾਨਫਰੰਸ ਵੱਲੋਂ ਤੈਅ ਕੀਤੀਆਂ ਉਜ਼ਰਤਾਂ ਦੇ ਫਾਰਮੂਲੇ ਅਨੁਸਾਰ ਬੋਰਡ ਦੀਆਂ ਸਕੀਮਾਂ ਵਿੱਚ ਆਰਥਿਕ ਵਾਧਾ ਕਰਨਾ, ਬੋਰਡ ਦੀਆਂ ਭਲਾਈ ਸਕੀਮਾਂ ਮਜ਼ਦੂਰਾਂ ਦੇ ਬੱਚਿਆਂ ਦੇ ਵਜ਼ੀਫੇ , ਐਕਸ ਗਰੇਸ਼ੀਆ ਗਰਾਂਟ ,ਪੈਨਸ਼ਨ ਕੇਸ ,ਮੈਡੀਕਲ ਕਲੇਮ, ਅਤੇ ਸੰਸਕਾਰ ਸਹਾਇਤਾ ਵਿੱਚ 60 ਸਾਲ ਦੀ ਉਮਰ ਦੀ ਸ਼ਰਤ ਖਤਮ ਕਰਨ, ਮਜ਼ਦੂਰਾਂ ਦੀ ਰਜਿਸਟਰੇਸ਼ਨ ਇੱਕ ਸਾਲ ਤੋਂ ਤਿੰਨ ਸਾਲ ਕਰਨ, ਭਲਾਈ ਸਕੀਮਾਂ ਸਬੰਧੀ ਰਜਿਸਟਰੇਸ਼ਨ ਦੀ ਸਮੇਂ ਸੀਮਾ ਵਿੱਚ ਘੱਟੋ ਘੱਟ ਛੇ ਮਹੀਨੇ ਦੀ ਛੋਟ ਦੇਣ, ਆਦਿ ਮੰਗਾਂ ਰੱਖੀਆਂ ਗਈਆਂ। ਭਾਵੇਂ ਕਿ ਜਥੇਬੰਦੀ ਵੱਲੋਂ ਇੱਕ ਮਹੀਨਾ ਪਹਿਲਾਂ ਸਬੰਧਤ ਵਿਭਾਗ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪ੍ਰੰਤੂ ਅਧਿਕਾਰੀ ਵੱਲੋਂ ਮੰਗਾਂ ਤੇ ਭਲਾਈ ਸਕੀਮਾਂ ਸਬੰਧੀ ਕੋਈ ਤਿਆਰੀ ਨਹੀਂ ਕੀਤੀ ਹੋਈ ਸੀ। ਲੇਬਰ ਚੌਕਾ ਵਿੱਚ ਬੁਨਿਆਦੀ ਸਹੂਲਤਾਂ ਦੇਣ ਸਬੰਧੀ ਕਾਰਵਾਈ ਸਿਰਫ ਨੋਟ ਕੀਤੀ ਗਈ , ਬਲਾਕ ਨੁਰਪੁਰਬੇਦੀ ਵਿਖੇ ਨਵਾਂ ਲੇਵਰ ਚੌਂਕ ਬਣਾਉਣ ਲਈ ਕੇਸ ਅਪਰੂਵ ਕਰਨ ਦੀ ਸਹਿਮਤੀ ਦਿੱਤੀ, ਲੇਬਰ ਸੁਵਿਧਾ ਕੈਂਪ ਸਬੰਧੀ ਮੌਕੇ ਤੇ ਹੀ ਲੇਬਰ ਇੰਸਪੈਕਟਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਸ਼ਡਿਊਲ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ।ਲੇਬਰ ਦੀ ਰਜਿਸਟਰੇਸ਼ਨ ਤਿੰਨ ਸਾਲ ਦੀ ਮੰਗ ਰੱਦ ਕੀਤੀ ਗਈ, ਆਰਥਿਕ ਸਹਾਇਤਾ ਵਿੱਚ ਵਾਧਾ ਕਰਨ ਸਬੰਧੀ ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿੱਚ ਹੈ, ਮੁੱਖ ਮੰਤਰੀ ਦੇ ਚਾਹੂਣ ਤੇ ਹੀ ਬੋਰਡ ਦੀ ਮੀਟਿੰਗ ਵਿੱਚ ਹੀ ਸੰਭਵ ਹੋ ਸਕੇਗਾ, ਭਲਾਈ ਸਕੀਮਾਂ ਸਬੰਧੀ ਸਮਾਂ ਸੀਮਾ ਤੈਅ ਕਰਨ ਸਬੰਧੀ ਵੀ ਕੋਈ ਠੋਸ ਜਵਾਬ ਨਹੀਂ ਦਿੱਤਾ। ਇਹਨਾਂ ਭਰੋਸਾ ਦਿੱਤਾ ਕਿ 14 ਦਿਨਾਂ ਦੇ ਵਿੱਚ ਵਿੱਚ ਨਵੇਂ ਲੇਬਰ ਕਾਰਡ, ਸਕੀਮਾਂ ਸਬੰਧੀ ਵਿਭਾਗ ਐਸਐਮਐਸ ਭੇਜ ਦਿੱਤਾ ਜਾਵੇਗਾ। ਭਲਾਈ ਸਕੀਮਾਂ ਸਬੰਧੀ ਵਿਭਾਗ ਦੀ ਆਨਲਾਈਨ ਸਾਈਡ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਮਜ਼ਦੂਰਾਂ ਦੇ ਪੈਨਸ਼ਨ ਕੇਸ ਜੋ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੇ ਹਨ ਪਹਿਲਾਂ ਵੀ ਦੋ ਤਿੰਨ ਵਾਰ ਜਾਣੂ ਕਰਾਇਆ ਗਿਆ ਸੀ ਹੁਣ ਉਹਨਾਂ ਨੇ ਭਰੋਸਾ ਹੀ ਦਿੱਤਾ ਕਿ ਅੱਜ ਸ਼ਾਮ ਤੱਕ ਕੇਸ ਮੁਕੰਮਲ ਕੀਤੇ ਜਾਣਗੇ। ਮੀਟਿੰਗ ਦੌਰਾਨ ਮਜ਼ਦੂਰਾਂ ਦੀਆਂ ਮੰਗਾਂ ਬੋਰਡ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਗੰਭੀਰ ਨਹੀਂ ਜਾਪੀ, ਮੀਟਿੰਗ ਵਿੱਚ ਬਲਵਿੰਦਰ ਸਿੰਘ ਭੈਰੋ ਮਾਜਰਾ, ਤਰਸੇਮ ਜੱਟਪੁਰਾ ਪ੍ਰਕਾਸ਼ ਸਿੰਘ ਰੰਗੀਆਂ, ਨਿਰਮਲ ਸਿੰਘ ਮੋਰਿੰਡਾ, ਮੇਘ ਸਿੰਘ ਆਦਿ ਆਗੂ ਹਾਜ਼ਰ ਸਨ।
ਮੀਟਿੰਗ ਉਪਰੰਤ ਮੰਗ ਪੱਤਰ ਦਿੰਦੇ ਹੋਏ ਆਗੂ












