ਨਵੀਂ ਦਿੱਲੀ 22 ਜੁਲਾਈ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਦਿੱਲੀ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼ ਨੂੰ ਸਿਆਸੀ ਰੰਗ ਨਾ ਦੇਣ ਸਬੰਧੀ ਦਿੱਤੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਜਾਇਜ਼ ਹੱਕਾਂ ਦੀ ਗੱਲ ਕਰਨਾ ਕਿਸੇ ਵੀ ਤਰ੍ਹਾਂ ਸਿਆਸਤ ਨਹੀਂ, ਸਗੋਂ ਲੋਕਤੰਤਰੀ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰਾਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਅਣਸੁਣਿਆ ਕਰਦੀਆਂ ਹਨ, ਉਸ ਵੇਲੇ ਚੁੱਪ ਰਹਿਣਾ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਜੇ ਵਿਦਿਆਰਥੀਆਂ ਦਾ ਸੰਘਰਸ਼ ਉਨ੍ਹਾਂ ਦੀ ਆਪਣੀ ਲੜਾਈ ਹੈ ਤਾਂ ਸਰਕਾਰ ਨੂੰ ਵੀ ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਲੋਕਾਂ ਅਤੇ ਜਥੇਬੰਦੀਆਂ ਨੂੰ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਉਠਾਉਣ ਤੋਂ ਰੋਕਣਾ ਠੀਕ ਨਹੀਂ। ਕਿਸੇ ਵੀ ਜਾਇਜ਼ ਸੰਘਰਸ਼ ਦਾ ਸਮਰਥਨ ਕਰਨਾ ਸਿਆਸੀ ਲਾਭ ਲੈਣਾ ਨਹੀਂ, ਸਗੋਂ ਇਨਸਾਫ਼ ਦਾ ਸਾਥ ਦੇਣਾ ਹੈ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਬਜਾਏ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਇਨਸਾਫ਼ਪਸੰਦ ਧਿਰ ਨੂੰ ਵਿਦਿਆਰਥੀਆਂ ਦੇ ਹੱਕ ਵਿੱਚ ਖੜ੍ਹਨ ਦਾ ਪੂਰਾ ਹੱਕ ਹੈ ਅਤੇ ਇਸ ਨੂੰ ਸਿਆਸੀ ਰੰਗ ਦੇਣਾ ਗਲਤ ਹੈ।












