ਹੁਸ਼ਿਆਰਪੁਰ , 23 ਜੁਲਾਈ,ਬੋਲੇ ਪੰਜਾਬ ਬਿਊਰੋ ;
ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਦਿੱਲੀ ਵਿਖੇ ਨੌਜਵਾਨਾਂ ਅਤੇ ਵਿਦਿਆਰਥੀਆਂ ਉੱਤੇ ਅਤੇ ਪਿਛਲੇ ਕੱਲ ਬਰਨਾਲਾ ਵਿੱਖੇ ਸਫਾਈ ਸੇਵਕਾਂ ਤੇ ਕੀਤੇ ਪੁਲਿਸ ਜਬਰ ਸਬੰਧੀ ਆਨਲਾਈਨ ਮੀਟਿੰਗ ਕਰਕੇ ਤਿੱਖੇ ਸ਼ਬਦਾਂ ਵਿੱਚ ਨਿਖੇਦੀ ਕੀਤੀ । ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਪ੍ਰਮੁੱਖ ਆਗੂਆਂ ਸਤੀਸ਼ ਰਾਣਾ, ਕਰਮ ਸਿੰਘ ਧਨੋਆ, ਰਣਜੀਤ ਸਿੰਘ ਰਾਣਵਾਂ, ਗਗਨਦੀਪ ਸਿੰਘ ਭੁੱਲਰ, ਕੁਲਵਿੰਦਰ ਸਿੰਘ, ਭਜਨ ਸਿੰਘ ਗਿੱਲ , ਧਨਵੰਤ ਸਿੰਘ ਭੱਠਲ, ਜਰਮਨਜੀਤ ਸਿੰਘ, ਮਨਜੀਤ ਸਿੰਘ ਬਾਸਰਕੇ, ਜਗਦੀਸ਼ ਸਿੰਘ ਚਾਹਲ, ਰਾਧੇ ਸ਼ਾਮ, ਕੁਲਦੀਪ ਸਿੰਘ ਉਦੋਕੇ, ਸੁਰਜੀਤ ਸਿੰਘ ਗਗੜਾ, ਸੁਖਦੇਵ ਸਿੰਘ ਸੈਣੀ, ਅਮਰੀਕ ਸਿੰਘ ਕੰਗ, ਜਸਵੀਰ ਸਿੰਘ ਤਲਵਾੜਾ, ਦਿਗਵਿਜੇ ਪਾਲ ਸ਼ਰਮਾ, ਕਰਮਜੀਤ ਸਿੰਘ ਬੀਹਲਾ ਅਤੇ ਬੋਬਿੰਦਰ ਸਿੰਘ ਨੇ ਆਖਿਆ ਕਿ ਅੱਜ ਦੀ ਮੀਟਿੰਗ ਵਿੱਚ ਪਿਛਲੇ ਦਿਨੀ ਨੀਟ ਦੇ ਲੀਕ ਹੋਏ ਪੇਪਰ ਨੂੰ ਲੈ ਕੇ ਕੇਂਦਰ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦਿੱਲੀ ਜੰਤਰ ਮੰਤਰ ਵਿਖੇ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਅਤੇ ਬੀਜੇਪੀ ਦੇ ਗੁੰਡਿਆਂ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਅਤੇ ਵਿਦਿਆਰਥੀਆਂ ਤੇ ਕੀਤੇ ਅੰਨੇ ਤਸ਼ਦਦ ਦੀ ਅਤੇ ਪਿਛਲੇ ਕੱਲ ਬਰਨਾਲਾ ਵਿਖੇ ਸਫਾਈ ਸੇਵਕਾਂ ਤੇ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵੱਲੋਂ ਕੀਤੇ ਅੰਨੇ ਪੁਲਸ ਤਸ਼ਦਦ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ । ਆਗੂਆਂ ਆਖਿਆ ਕਿ ਦਿੱਲੀ ਵਿਖੇ ਬੀਜੇਪੀ ਦੇ ਗੁੰਡਿਆਂ ਅਤੇ ਜਾਬਰ ਪੁਲਿਸ ਵਾਲਿਆਂ ਵੱਲੋਂ ਬੇਕਸੂਰ ਨੌਜਵਾਨਾਂ, ਵਿਦਿਆਰਥੀਆਂ ਉਹਨਾਂ ਦੇ ਮਾਪਿਆਂ ਅਤੇ ਇਥੋਂ ਤੱਕ ਕਿ ਇਲਾਜ ਕਰ ਰਹੇ ਡਾਕਟਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਆਗੂਆਂ ਅੱਗੇ ਆਖਿਆ ਕਿ ਪਿਛਲੇ ਕੱਲ ਬਰਨਾਲਾ ਵਿਖੇ ਸਫਾਈ ਸੇਵਕਾਂ ਵੱਲੋਂ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ 8 ਜੁਲਾਈ ਤੋਂ ਚੱਲ ਰਹੀ ਹੜਤਾਲ ਤੋੜਨ ਲਈ ਆਪ ਸਰਕਾਰ ਤੇ ਇਸ਼ਾਰੇ ਤੇ ਹੱਕ ਮੰਗਦੇ ਸਫਾਈ ਸੇਵਕਾਂ ਨੂੰ ਨਿਰਦੇਈ ਪੁਲਿਸ ਵੱਲੋਂ ਸ਼ਲੀਆਂ ਵਾਂਗ ਕੁੱਟਿਆ ਗਿਆ ਅਤੇ ਮੌਜੂਦ ਡੀਐਸਪੀ ਵੱਲੋਂ ਬਜ਼ੁਰਗ ਔਰਤਾਂ ਦੇ ਸਿਰਾਂ ਤੇ ਡਾਂਗਾਂ ਆਪ ਖੁਦ ਮਾਰੀਆਂ, ਇਸ ਲਈ ਜਾਲਮ ਡੀਐਸਪੀ ਸਮੇਤ ਸਮੁੱਚੇ ਦੋਸ਼ੀ ਪੁਲਿਸ ਕਰਮਚਾਰੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਸਾਂਝਾ ਫਰੰਟ ਦੇ ਉਕਤ ਆਗੂਆਂ ਆਪਣਾ ਬਿਆਨ ਜਾਰੀ ਰੱਖਦਿਆਂ ਆਖਿਆ ਕਿ ਕੇਂਦਰ ਸਰਕਾਰ ਸਿੱਖਿਆ ਮੰਤਰੀ ਤੋਂ ਤੁਰੰਤ ਅਸਤੀਫਾ ਲਵੇ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰੇ ਅਤੇ ਪੰਜਾਬ ਸਰਕਾਰ ਸਫਾਈ ਸੇਵਕਾਂ ਸਮੇਤ ਪਿਛਲੇ ਦਿਨੀ ਮਿਉਸਪਲ ਮੁਲਾਜ਼ਮ ਐਕਸ਼ਨ ਕਮੇਟੀ ਨਾਲ ਕੋਈ ਮੀਟਿੰਗ ਦੌਰਾਨ ਕੀਤੇ ਫੈਸਲੇ ਨੂੰ ਤੁਰੰਤ ਅਮਲੀ ਰੂਪ ਵਿੱਚ ਲਾਗੂ ਕਰੇ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰੇ । ਉਕਤ ਆਗੂਆਂ ਨੇ ਆਖਿਆ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵੱਲੋਂ ਬੇਰੁਜ਼ਗਾਰ ਲਾਈਨਮੈਨਾ, ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਤੇ ਮਨਰੇਗਾ ਕਰਮਚਾਰੀਆਂ ਨਾਲ ਵੀ ਇਸ ਤਰ੍ਹਾਂ ਦਾ ਹੀ ਦੁਰਵਿਵਹਾਰ ਕੀਤਾ ਗਿਆ ਹੈ। ਆਗੂਆਂ ਆਖਿਆ ਕਿ ਅੱਜ ਪੰਜਾਬ ਸਮੇਤ ਪੂਰੇ ਦੇਸ਼ ਅੰਦਰ ਹੱਕ ਮੰਗਦੇ ਸੰਘਰਸ਼ੀ ਲੋਕਾਂ ਨੂੰ ਪੁਲਿਸ ਜਬਰ ਨਾਲ ਦਵਾਇਆ ਜਾ ਰਿਹਾ ਹੈ ਜੋ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਆਗੂਆਂ ਸਾਰੇ ਹੀ ਸੰਘਰਸ਼ਸ਼ੀਲ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹਨਾਂ ਜਾਬਰ ਸਰਕਾਰ ਦੇ ਖਿਲਾਫ ਲੜਨ ਦਾ ਸੱਦਾ ਦਿੱਤਾ। ਅੱਜ ਦੀ ਮੀਟਿੰਗ ਵਿੱਚ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ 07 ਅਗਸਤ ਨੂੰ ਦਾਣਾ ਮੰਡੀ, ਸੈਕਟਰ 39 ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ, ਤਾਂ ਜੋ ਇਕੱਠੇ ਹੋ ਕੇ ਇਸ ਜਾਬਰ ਸਰਕਾਰ ਦਾ ਮੂੰਹ ਭੰਨਿਆ ਜਾ ਸਕੇ।












