ਦਿੱਲੀ ਜੰਤਰ ਮੰਤਰ ਤੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਕਰਨ ਵਾਲੇ ਦਿੱਲੀ ਪੁਲਿਸ ਅਧਿਕਾਰੀਆਂ ਤੇ ਪਰਚੇ ਦਰਜ ਕਰੋ
ਬਰਨਾਲੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਕਰਨ ਵਾਲੇ ਡੀ ਐੱਸ ਪੀ ਸਤਵੀਰ ਬੈਂਸ ਅਤੇ ਸਥਾਨਕ ਐੱਸ ਐੱਚ ਓ ਤੇ ਪਰਚਾ ਦਰਜ ਕਰੋ
ਮਾਨਸਾ 23 ਜੁਲਾਈ ,ਬੋਲੇ ਪੰਜਾਬ ਬਿਊਰੋ;
ਅੱਜ ਵੱਖ ਵੱਖ ਜਨਤਕ ਜਥੇਬੰਦੀਆਂ ਅਤੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਵੱਲੋਂ ਦਿੱਲੀ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਅਤੇ ਬਰਨਾਲੇ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਪਰਚੇ ਦਰਜ ਕਰਵਾਉਣ ਲਈ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਮਾਨਸਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰਪਾਲ ਸ਼ਰਮਾ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਸੁਖਜੀਤ ਸਿੰਘ ਰਾਮਾਨੰਦੀ,ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਚੋਟੀਆਂ,ਪੰਜਾਬ ਸਟੂਡੈਂਟ ਯੂਨੀਅਨ ਦੇ ਜਿਲਾ ਪ੍ਰਧਾਨ ਅਰਵਿੰਦਰ ਕੌਰ ਆਜ਼ਾਦ,ਬਹੁਜਨ ਮੁਕਤੀ ਪਾਰਟੀ ਦੇ ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਮਾਨਸਾ,ਡੀ ਟੀ ਐੱਫ ਵੱਲੋਂ ਜਸਵੀਰ ਸਿੰਘ ਭੰਮੇ ਖੁਰਦ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਮਨਮੋਹਨ ਸਿੰਘ,ਸਫਾਈ ਕਰਮਚਾਰੀ ਯੂਨੀਅਨ ਵੱਲੋਂ ਸੰਜੀਵ ਕੁਮਾਰ ਨੇਂ ਕਿਹਾ ਕਿ ਦੇਸ਼ ਵਿੱਚ 80 ਦੇ ਲੱਗਭਗ ਪੇਪਰ ਲੀਕ ਕਰਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦਿਆਂ ਧਰਮੇਂਦਰ ਪ੍ਰਧਾਨ ਦਾ ਬਚਾਅ ਕਰਨ ਦਾ ਨਤੀਜਾ ਮੋਦੀ ਸਰਕਾਰ ਨੂੰ ਆਗਾਮੀ ਸਮਿਆਂ ਦਰਮਿਆਨ ਭੁਗਤਣਾ ਪਵੇਗਾ। ਜੰਤਰ ਮੰਤਰ ਉੱਪਰ ਲਾਠੀਚਾਰਜ ਕਰਨ ਦੇ ਰੋਸ ਵਜੋਂ ਮਗਰਮੱਛ ਦੇ ਹੰਝੂ ਵਹਾਉਣ ਵਾਲੀ ਆਮ ਆਦਮੀ ਪਾਰਟੀ ਵੀ ਬਰਨਾਲੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਉੱਪਰ ਅੰਨੇਵਾਹ ਤਸ਼ੱਦਦ ਢਾਹ ਕੇ ਬੀਜੇਪੀ ਦੀ ਪੈੜ ਵਿੱਚ ਪੈਰ ਧਰਦਿਆਂ ਫਾਸ਼ੀਵਾਦ ਨੂੰ ਅਮਲੀ ਰੂਪ ਦੇਣ ਦੇ ਰਾਹ ਤੁਰ ਪਈ ਹੈ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਅਖਵਾਉਣ ਵਾਲੇ ਭਾਰਤ ਵਿੱਚ ਮੋਦੀ ਸ਼ਾਹ ਜੁੰਡਲੀ ਵੱਲੋਂ ਲੋਕਤੰਤਰ ਦਾ ਗਲਾ ਘੁੱਟਣ ਦੇ ਖਿਲਾਫ ਹੁਣ ਵਿਦੇਸ਼ਾਂ ਵਿੱਚ ਵੀ ਰੋਸ ਪ੍ਰਦਰਸ਼ਨ ਹੋਣ ਕਰਕੇ ਵਿਦਿਆਰਥੀ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਗੋਦੀ ਮੀਡੀਆ ਵੱਲੋਂ ਵਿਦਿਆਰਥੀਆਂ ਦੇ ਅੰਦੋਲਨ ਨੂੰ ਸਹੀ ਢੰਗ ਤਰੀਕੇ ਨਾਲ ਕਵਰੇਜ ਨਾਂ ਕਰਕੇ ਬਦਨਾਮ ਕਰਨ ਦੀਆਂ ਸਭ ਕੋਸ਼ਿਸ਼ਾਂ ਫੇਲ ਹੋਈਆਂ ਹਨ ਅਤੇ ਗੋਦੀ ਮੀਡੀਆ ਨੂੰ ਮੂੰਹ ਦੀ ਖਾਣੀ ਪਈ ਹੈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇਂ ਮੰਗ ਕੀਤੀ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਸਤੀਫਾ ਦੇਵੇ,ਨੀਟ ਦਾ ਪੇਪਰ ਲੀਕ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ,NTA ਵਰਗੀ ਭ੍ਰਿਸ਼ਟ ਅਤੇ ਗੈਰ ਜਿੰਮੇਵਾਰ ਸੰਸਥਾ ਨੂੰ ਭੰਗ ਕੀਤਾ ਜਾਵੇ,ਨਵੀਂ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ,ਪੇਪਰ ਲੀਕ ਹੋਣ ਕਾਰਨ ਖੁਦਕੁਸ਼ੀ ਕਰ ਗਏ ਵਿਦਿਆਰਥੀਆਂ ਨੂੰ ਇਨਸਾਫ਼ ਦਿੱਤਾ ਜਾਵੇ,ਦਿੱਲੀ ਜੰਤਰ ਮੰਤਰ ਤੇ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਲਾਠੀਚਾਰਜ ਕਰਨ ਵਾਲੇ ਦਿੱਲੀ ਪੁਲਿਸ ਅਧਿਕਾਰੀਆਂ ਤੇ ਪਰਚੇ ਦਰਜ ਕਰੋ,ਬਰਨਾਲੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਤੇ ਲਾਠੀਚਾਰਜ ਕਰਨ ਵਾਲੇ ਡੀ ਐੱਸ ਪੀ ਸਤਵੀਰ ਬੈਂਸ ਅਤੇ ਸਥਾਨਕ ਐੱਸ ਐੱਚ ਓ ਤੇ ਪਰਚਾ ਦਰਜ ਕੀਤਾ ਜਾਵੇ।












