ਨਵੀਂ ਦਿੱਲੀ 27 ਜੁਲਾਈ ,ਬੋਲੇ ਪੰਜਾਬ ਬਿਊਰੋ;
ਫ਼ੂਡ ਰੈਗੂਲੇਟਰ FSSAI (ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ) ਨੇ ਪੀਣ ਵਾਲੇ ਪਦਾਰਥਾਂ ‘ਤੇ ਵੱਡਾ ਫ਼ੈਸਲਾ ਲੈਂਦਿਆਂ ਕੰਪਨੀਆਂ ਨੂੰ ਉਨ੍ਹਾਂ ਦੇ ਲੇਬਲ ਤੋਂ ‘Energy Drink’ ਸ਼ਬਦ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਇਹ ਹੁਕਮ ਪੈਪਸੀ, ਰੈੱਡ ਬੁੱਲ, ਮੌਨਸਟਰ, ਰਿਲਾਇੰਸ ਅਤੇ ਹੈਲ ਐਨਰਜੀ ਸਮੇਤ ਸਾਰੀਆਂ ਪ੍ਰਮੁੱਖ ਕੰਪਨੀਆਂ ‘ਤੇ ਲਾਗੂ ਹੋਵੇਗਾ।
FSSAI ਦਾ ਕਹਿਣਾ ਹੈ ਕਿ ਭਾਰਤ ਵਿੱਚ ਫਿਲਹਾਲ ‘Energy Drink’ ਨਾਂ ਦੀ ਕੋਈ ਅਧਿਕਾਰਤ ਖੁਰਾਕੀ ਸ਼੍ਰੇਣੀ ਜਾਂ ਮਾਪਦੰਡ ਮੌਜੂਦ ਨਹੀਂ ਹੈ। ਅਜਿਹੇ ਵਿੱਚ ਇਸ ਸ਼ਬਦ ਦੀ ਵਰਤੋਂ ਉਪਭੋਗਤਾਵਾਂ ਨੂੰ ਗੁੰਮਰਾਹ ਕਰ ਸਕਦੀ ਹੈ। ਇਸ ਤੋਂ ਇਲਾਵਾ ‘ਸਰੀਰ ਅਤੇ ਦਿਮਾਗ ਨੂੰ ਊਰਜਾ ਦਿੰਦਾ ਹੈ’ ਜਾਂ ‘ਕਮਜ਼ੋਰੀ ਦੂਰ ਕਰਦਾ ਹੈ’ ਵਰਗੇ ਦਾਅਵਿਆਂ ਨੂੰ ਵੀ ਗੁੰਮਰਾਹਕੁੰਨ ਮੰਨਿਆ ਗਿਆ ਹੈ।
ਰੈਗੂਲੇਟਰ ਨੇ ਕੰਪਨੀਆਂ ਨੂੰ ਆਪਣੇ ਉਤਪਾਦਾਂ ਦੇ ਲੇਬਲ ਤੋਂ ‘Energy Drink’ ਅਤੇ ਇਸੇ ਤਰ੍ਹਾਂ ਦੇ ਹੋਰ ਸ਼ਬਦ ਹਟਾਉਣ ਲਈ 90 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਫੈਸਲੇ ਦਾ ਅਸਰ ਪੈਪਸੀ, ਰੈੱਡ ਬੁੱਲ, ਮੌਨਸਟਰ ਬੈਵਰੇਜ, ਕੈਂਪਾ ਐਨਰਜੀ ਅਤੇ ਹੈਲ ਐਨਰਜੀ ਵਰਗੀਆਂ ਵੱਡੀਆਂ ਕੰਪਨੀਆਂ ‘ਤੇ ਪਵੇਗਾ। ਇਹਨਾਂ ਸਾਰੀਆਂ ਕੰਪਨੀਆਂ ਨੂੰ ਆਪਣੀ ਪੈਕੇਜਿੰਗ ਅਤੇ ਲੇਬਲਿੰਗ ਵਿੱਚ ਬਦਲਾਅ ਕਰਨਾ ਪਵੇਗਾ।












