ਇਹ ਸਰਗਰਮੀ ਭਰਾਤਰੀ ਸਰੋਕਾਰਾਂ ਦਰਮਿਆਨ ਪ੍ਰਗਟ ਹੋਈ ਸਹੀ ਪਹੁੰਚ ਦੀ ਇੱਕ ਝਲਕ, ਜਿੱਤ ਦੀਆਂ ਮੁਬਾਰਕਾਂ ਦੇ ਨਾਲ ਨਾਲ ਖੜ੍ਹੇ ਮੁੱਦਿਆਂ ਦੇ ਫਿਕਰ ਯਾਦ ਕਰਾਏ ਗਏ ਹਨ

ਚੰਡੀਗੜ੍ਹ ਪੰਜਾਬ

ਵਿਦਿਆਰਥੀ ਸੰਘਰਸ਼ ਦੀ ਜਿੱਤ ‘ਚ ਕਿਸਾਨ ਰੈਲੀਆਂ

ਵਾਅਦਾ ਕੀਤੇ ਮੁੱਦਿਆਂ ਨੂੰ ਲਾਗੂ ਕਰਾਉਣ ਲਈ ਸੰਘਰਸ਼ ਪਹਿਰੇਦਾਰੀ ਰੱਖਣ ਦੀ ਅਪੀਲ

ਚੰਡੀਗੜ੍ਹ 28 ਜੁਲਾਈ, ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋ ) ;

ਨੀਟ ਪੇਪਰ ਘੁਟਾਲੇ ਖਿਲਾਫ ਜੰਤਰ ਮੰਤਰ ‘ਤੇ ਹੋਏ ਵਿਦਿਆਰਥੀ ਸੰਘਰਸ਼ ਦੀ ਜਿੱਤ ਨੂੰ ਮੁਬਾਰਕ ਕਹਿਣ ਅਤੇ ਵਾਅਦਾ ਕੀਤੇ ਮੁੱਦਿਆਂ ‘ਤੇ ਵਿਦਿਆਰਥੀ ਸੰਘਰਸ਼ ਚੌਕਸੀ ਕਾਇਮ ਰੱਖਣ ਦਾ ਸੰਦੇਸ਼ ਦੇਣ ਲਈ ਅੱਜ ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਦੇ 18 ਜ਼ਿਲ੍ਹਾ ਕੇਂਦਰਾਂ ‘ਤੇ ਵੱਡੀਆਂ ਜਨਤਕ ਰੈਲੀਆਂ ਕਰਕੇ ਸ਼ਹਿਰਾਂ ਵਿੱਚ ਜੇਤੂ ਮੁਜ਼ਾਹਰੇ ਕੀਤੇ । ਇਹਨਾਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਜਗਤਾਰ ਸਿੰਘ ਕਾਲਾਝਾੜ,ਜਨਕ ਸਿੰਘ ਭੁਟਾਲ ਤੇ ਜ਼ਿਲਿਆਂ ਦੇ ਆਗੂਆਂ ਨੇ ਕਿਹਾ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਮਨਵਾਉਣ ਰਾਹੀਂ ਵਿਦਿਆਰਥੀ ਅੰਦੋਲਨ ਨੇ ਅਹਿਮ ਮੁਢਲੀ ਜਿੱਤ ਹਾਸਿਲ ਕੀਤੀ ਹੈ। ਪਰ ਨਾਲ ਹੀ ਜਥੇਬੰਦੀ ਨੇ ਵਿਦਿਆਰਥੀ ਵਰਗ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਕੂਮਤੀ ਕਿਰਦਾਰ ਤੇ ਵਿਹਾਰ ਨੂੰ ਯਾਦ ਰੱਖਿਆ ਜਾਣਾ ਚਾਹੀਦਾ ਹੈ, ਦਰਜ ਹੋਏ ਕੇਸ ਰੱਦ ਕਰਵਾਉਣ ਤੇ ਮੁਆਵਜ਼ਾ ਹਾਸਲ ਕਰਨ ਲਈ ਸੰਘਰਸ਼ ਚੌਕਸੀ ਦੀ ਲੋੜ ਪੈਣੀ ਹੈ ਕਿਉਂਕਿ ਸਰਕਾਰਾਂ ਮਗਰੋਂ ਝੂਠੇ ਕੇਸ ਵਾਪਸ ਲੈਣ ਤੋਂ ਵੀ ਭੱਜਦੀਆਂ ਆਈਆਂ ਹਨ ਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਵੀ ਟਾਲਾ ਵੱਟਿਆ ਜਾਂਦਾ ਰਿਹਾ ਹੈ। ਇਸ ਲਈ ਵਿਦਿਆਰਥੀ ਵਰਗ ਨੂੰ ਅਵੇਸਲੇ ਹੋਣ ਦੀ ਥਾਂ ਚੇਤਨ ਪਹਿਰੇਦਾਰੀ ਕਰਨੀ ਚਾਹੀਦੀ ਹੈ। ਕੁਝ ਖੇਤਰਾਂ ‘ਚ ਵਿਦਿਆਰਥੀਆਂ ਨਾਲ ਹੋ ਰਹੇ ਸਲੂਕ ਦੀਆਂ ਖਬਰਾਂ ਵੀ ਹਕੂਮਤ ਦੀ ਨੀਅਤ ਦੇ ਸੰਕੇਤ ਦੇ ਰਹੀਆਂ ਹਨ ਕਿ ਇਹ ਹਕੂਮਤ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਦੇ ਮਨਸੂਬੇ ਪਾਲ ਰਹੀ ਹੈ ਇਸ ਦਾ ਜਵਾਬ ਦੇਣ ਲਈ ਵਿਦਿਆਰਥੀ ਵਰਗ ਨੂੰ ਏਕਾ ਕਾਇਮ ਕਰਕੇ ਦੁਜੇ ਤਬਕਿਆਂ ਨਾਲ ਸਾਂਝ ਪਾਉਣ ਦੀ ਲੋੜ ਹੈ।

ਆਗੂਆਂ ਨੇ ਕਿਹਾ ਇਸ ਮੁੱਢਲੀ ਜਿੱਤ ਦੇ ਹੌਸਲੇ ਨੂੰ ਸਿੱਖਿਆ ਤੇ ਰੁਜਗਾਰ ਦੇ ਹੱਕ ਲਈ ਵੱਡੇ ਸੰਘਰਸ਼ ਇਰਾਦਿਆਂ ‘ਚ ਬਦਲਣ ਦੀ ਲੋੜ ਹੈ। ਸਿੱਖਿਆ ਮੰਤਰੀ ਦੇ ਅਸਤੀਫੇ ਰਾਹੀਂ ਚਾਹੇ ਸਰਕਾਰ ਨੂੰ ਵਿਦਿਆਰਥੀਆਂ ਨੇ ਕਟਹਿਰੇ ‘ਚ ਖੜ੍ਹੇ ਕਰਕੇ ਟੈਸਟ ਪ੍ਰਣਾਲੀ ਦੇ ਭ੍ਰਿਸ਼ਟਾਚਾਰ ਅੰਦਰ ਉਸ ਦੀ ਜਵਾਬਦੇਹੀ ਤੈਅ ਕਰਵਾਈ ਹੈ ਪਰ ਇਕ ਮੰਤਰੀ ਦੇ ਬਦਲੇ ਜਾਣਾ ਆਪਣੇ ਆਪ ਵਿੱਚ ਸਿੱਖਿਆ ਖੇਤਰ ਅੰਦਰ ਕਿਸੇ ਬਦਲਾਅ ਦਾ ਸਾਧਨ ਨਹੀਂ ਬਣਨ ਲੱਗਿਆ। ਇਸ ਤਬਦੀਲੀ ਲਈ ਸਿੱਖਿਆ ਖੇਤਰ ਅੰਦਰ ਲਾਗੂ ਹੋ ਰਹੀਆਂ ਮੌਜੂਦਾ ਕਾਰਪੋਰੇਟ ਪੱਖੀ ਸਾਮਰਾਜੀ ਨੀਤੀਆਂ ਦੇ ਹੱਲੇ ਨੂੰ ਰੋਕਣ ਦੀ ਲੋੜ ਹੈ। ਇਹ ਜਿੱਤ ਸਿੱਖਿਆ ਖੇਤਰ ਅੰਦਰ ਇਹਨਾਂ ਨੀਤੀਆਂ ਖ਼ਿਲਾਫ਼ ਮੁਲਕ ਪੱਧਰੇ ਸੰਘਰਸ਼ਾਂ ਦੀ ਸ਼ੁਰੂਆਤ ਬਣਨੀ ਚਾਹੀਦੀ ਹੈ।

ਅੱਜ ਦੇ ਇਹਨਾਂ ਵਿਸ਼ਾਲ ਇਕੱਠਾਂ ਨੇ ਦੇਸ਼ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਸਭ ਲਈ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਲਈ ਮੁਲਕ ਪੱਧਰੀ ਵਿਦਿਆਰਥੀ ਲਹਿਰ ਦੀ ਉਸਾਰੀ ਕਰਨ ਲਈ ਜੁਟ ਜਾਣ। ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਤੇ ਕੇਂਦਰੀਕਰਨ ਖਿਲਾਫ ਵਿਸ਼ਾਲ ਸੰਘਰਸ਼ ਲਹਿਰ ਦੀ ਉਸਾਰੀ ਕਰਨ। ਸਭ ਲਈ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਬੁਲੰਦ ਕਰਦਿਆਂ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੇ ਰਾਹ ਪੈਣ। ਆਪਣੇ ਹੱਕਾਂ ਲਈ ਸੰਘਰਸ਼ਾਂ ‘ਤੇ ਰਾਹ ‘ਤੇ ਅੱਗੇ ਵਧਦਿਆਂ, ਅਖੌਤੀ ਆਰਥਿਕ ਸੁਧਾਰਾਂ ਦੇ ਹੱਲੇ ਖਿਲਾਫ ਜੂਝ ਰਹੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ, ਮੁਲਾਜਮਾਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਨਾਲ ਜੋਟੀ ਪਾਈ ਜਾਵੇ। ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹਮਲੇ ਖਿਲਾਫ ਜੂਝਦੀ ਲੋਕ ਲਹਿਰ ਦਾ ਹਿੱਸਾ ਬਣ ਕੇ ਤੁਰਿਆ ਜਾਵੇ।

ਇਹਨਾਂ ਇਕੱਠਾਂ ਵਿੱਚ ਪੰਜਾਬ ਸਰਕਾਰ ਵੱਲੋਂ ਸਫਾਈ ਕਰਮਚਾਰੀਆਂ, ਮਨਰੇਗਾ ਕਰਮਚਾਰੀਆਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਕੀਤੇ ਜਾ ਰਹੇ ਜਬਰ ਦੀ ਸਖ਼ਤ ਨਿੰਦਾ ਕੀਤੀ ਗਈ। ਸਫ਼ਾਈ ਕਰਮਚਾਰੀਆਂ ਵੱਲੋਂ 30 ਜੁਲਾਈ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ। ਇਹਨਾਂ ਇਕੱਠਾਂ ਨੂੰ ਪੀ ਐਸ ਯੂ ,(ਰੰਧਾਵਾ) ਪੰਜਾਬ ਖੇਤ ਮਜ਼ਦੂਰ ਯੂਨੀਅਨ, ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।