ਸੁਰੱਖਿਆ ਦੇ ਨਾਂ ‘ਤੇ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਂਝਾ ਨਾ ਰੱਖਿਆ ਜਾਵੇ: ਬੀਬੀ ਰਣਜੀਤ ਕੌਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 2 ਅਗਸਤ,ਬੋਲੇ ਪੰਜਾਬ ਬਿਊਰੋ;

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਕਰੋੜਾਂ ਸਿੱਖਾਂ ਦੀ ਆਸਥਾ, ਸ਼ਰਧਾ ਅਤੇ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਨਾਂ ‘ਤੇ ਸੰਗਤਾਂ ਨੂੰ ਆਪਣੇ ਪਵਿੱਤਰ ਅਸਥਾਨ ਦੇ ਦਰਸ਼ਨਾਂ ਤੋਂ ਵਾਂਝਾ ਰੱਖਣਾ ਕਿਸੇ ਵੀ ਪੱਖੋਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਰਕਾਰ ਨੂੰ ਇਸ ਮਾਮਲੇ ਨੂੰ ਕੇਵਲ ਸੁਰੱਖਿਆ ਦੇ ਨਜ਼ਰੀਏ ਨਾਲ ਨਹੀਂ, ਸਗੋਂ ਸੰਵਿਧਾਨ ਵੱਲੋਂ ਦਿੱਤੀ ਧਾਰਮਿਕ ਆਜ਼ਾਦੀ ਅਤੇ ਸੰਗਤਾਂ ਦੀਆਂ ਭਾਵਨਾਵਾਂ ਦੇ ਸੰਦਰਭ ਵਿੱਚ ਵੇਖਣਾ ਚਾਹੀਦਾ ਹੈ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੂੰ ਸੁਰੱਖਿਆ ਸੰਬੰਧੀ ਕਿਸੇ ਕਿਸਮ ਦੀ ਚਿੰਤਾ ਹੈ ਤਾਂ ਉਸ ਦੇ ਹੱਲ ਲਈ ਹੋਰ ਸਖ਼ਤ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾ ਸਕਦੇ ਹਨ, ਪਰ ਲਾਂਘੇ ਨੂੰ ਬੰਦ ਰੱਖਣਾ ਜਾਂ ਦਰਸ਼ਨਾਂ ‘ਤੇ ਰੋਕ ਲਗਾਉਣਾ ਇਸ ਦਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਧਾਰਮਿਕ ਯਾਤਰਾ ਦਾ ਅਧਿਕਾਰ ਹਰ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਅਤੇ ਇਸ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਨਾ ਠੀਕ ਨਹੀਂ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਨਾਲ ਲੋੜੀਂਦੇ ਕੂਟਨੀਤਕ ਯਤਨ ਕਰਕੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਨਿਯਮਤ, ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਤੁਰੰਤ ਕਦਮ ਚੁੱਕੇ ਜਾਣ, ਤਾਂ ਜੋ ਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਬਿਨਾਂ ਕਿਸੇ ਰੁਕਾਵਟ ਆਪਣੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਦੇ ਦਰਸ਼ਨ ਕਰ ਸਕਣ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਸੇ ਸਿਆਸੀ ਬਹਿਸ ਦਾ ਨਹੀਂ, ਸਗੋਂ ਸਿੱਖ ਕੌਮ ਦੀਆਂ ਸਦੀਆਂ ਪੁਰਾਣੀਆਂ ਅਰਦਾਸਾਂ, ਆਸਥਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਇਸ ਲਈ ਇਸ ਮਸਲੇ ਨੂੰ ਸੁਰੱਖਿਆ ਜਾਂ ਰਾਜਨੀਤੀ ਦੀ ਐਨਕ ਨਾਲ ਦੇਖਣ ਦੀ ਬਜਾਏ ਧਾਰਮਿਕ ਅਧਿਕਾਰਾਂ ਅਤੇ ਮਨੁੱਖੀ ਸੰਵੇਦਨਾਵਾਂ ਦੇ ਨਜ਼ਰੀਏ ਨਾਲ ਵੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੰਗਤਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਜਲਦ ਤੋਂ ਜਲਦ ਪੂਰੀ ਤਰ੍ਹਾਂ ਮੁੜ ਸੁਚਾਰੂ ਬਣਾਉਣ ਲਈ ਠੋਸ ਪਹਿਲ ਕਰਨੀ ਚਾਹੀਦੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।