“ਥੱਕੇ-ਟੁੱਟੇ ਤੇ ਲੁੱਟੇ ਜਾ ਰਹੇ ਲੋਕਾਂ ਨੂੰ ਉੱਠਣ ਦਾ ਸਨੇਹਾ ਦਿੰਦੀ ਹੈ ਗੁਰਦੀਪ ਸੈਣੀ ਦੀ ਕਵਿਤਾ” — ਚਰਨਜੀਤ ਗਿੱਲ ਸਮਾਲਸਰ
ਲੁਧਿਆਣਾ 3 ਅਗਸਤ ,ਬੋਲੇ ਪੰਜਾਬ ਬਿਊਰੋ;
‘ਕਲਾ ਸੰਗਮ ਨੀਲੋਂ ਪੁਲ’ ਵੱਲੋਂ ਪ੍ਰਸਿੱਧ ਗ਼ਜ਼ਲਗੋ ਗੁਰਦੀਪ ਸੈਣੀ ਦੀ ਪੁਸਤਕ ‘ਔੜ ਤੇ ਬਰਸਾਤ’ ‘ਤੇ ਇੱਕ ਵਿਸ਼ੇਸ਼ ਗੋਸ਼ਟੀ ਡਾ. ਜਲੌਰ ਸਿੰਘ ਖੀਵਾ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਸਮਾਗਮ ਵਿੱਚ ਸੰਤ ਸਿੰਘ ਸੋਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ, ਸਭਾ ਦੇ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ, ਲੇਖਕ ਗੁਰਦੀਪ ਸੈਣੀ ਅਤੇ ਜਨਰਲ ਸਕੱਤਰ ਬੁੱਧ ਸਿੰਘ ਨੀਲੋਂ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ।
ਸਮਾਗਮ ਦੀ ਸ਼ੁਰੂਆਤ ਵਿੱਚ ਸਭਾ ਦੇ ਪ੍ਰਧਾਨ ਅਨਿਲ ਫ਼ਤਿਹਗੜ੍ਹ ਜੱਟਾਂ ਨੇ ਆਏ ਸਾਹਿਤਕਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਬਾਅਦ ਗੁਰਦੀਪ ਸੈਣੀ ਨੇ ਆਪਣੀ ਰਚਨਾ-ਪ੍ਰਕਿਰਿਆ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ ਨਾਲ ਹਾਜ਼ਰੀਨ ਨਾਲ ਸਾਂਝ ਪਾਈ।
ਕਿਤਾਬ ‘ਤੇ ਪਹਿਲਾ ਪਰਚਾ ਚਰਨਜੀਤ ਗਿੱਲ ਸਮਾਲਸਰ ਵੱਲੋਂ ਪੜ੍ਹਿਆ ਗਿਆ। ਉਨ੍ਹਾਂ ਨੇ ਗੁਰਦੀਪ ਸੈਣੀ ਦੀ ਕਵਿਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਵਿਤਾ ਥੱਕੇ-ਟੁੱਟੇ ਅਤੇ ਲੁੱਟੇ ਜਾ ਰਹੇ ਲੋਕਾਂ ਨੂੰ ਉੱਠਣ ਅਤੇ ਸੰਘਰਸ਼ ਕਰਨ ਦਾ ਸੁਨੇਹਾ ਦਿੰਦੀ ਹੈ।

ਇਸ ਤੋਂ ਬਾਅਦ ਸੰਤ ਸਿੰਘ ਸੋਹਲ ਨੇ ਇੱਕ ਗੁਣਵੱਤਾ ਭਰਪੂਰ ਕਿਤਾਬ ‘ਤੇ ਸਾਰਥਕ ਸੰਵਾਦ ਰਚਾਉਣ ਲਈ ‘ਕਲਾ ਸੰਗਮ ਨੀਲੋਂ ਪੁਲ’ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗ਼ਜ਼ਲ ਦੀ ਤਕਨੀਕ ਅਤੇ ਵਿਸ਼ਾ-ਵਸਤੂ ਬਾਰੇ ਬਹੁਮੁੱਲੀਆਂ ਗੱਲਾਂ ਸਾਂਝੀਆਂ ਕੀਤੀਆਂ। ਪ੍ਰਸਿੱਧ ਨਾਵਲਕਾਰ ਗੁਰਦੀਪ ਮੁਕੱਦਮ, ਦੀਪ ਜਗਤਪੁਰੀ ਅਤੇ ਗੁਰਨਾਮ ਬਾਵਾ ਨੇ ਗੁਰਦੀਪ ਸੈਣੀ ਦੇ ਜੀਵਨ ਸੰਘਰਸ਼ ਅਤੇ ਰਚਨਾ-ਪ੍ਰਕਿਰਿਆ ‘ਤੇ ਚਾਨਣਾ ਪਾਇਆ।
ਬੁੱਧ ਸਿੰਘ ਨੀਲੋਂ ਵੱਲੋਂ ਲਿਖਿਆ ਪਰਚਾ ਅਮਨ ਆਜ਼ਾਦ ਵੱਲੋਂ ਪੜ੍ਹਿਆ ਗਿਆ। ਬੁੱਧ ਸਿੰਘ ਨੀਲੋਂ ਨੇ ਆਪਣੇ ਪਰਚੇ ਵਿੱਚ ਗੁਰਦੀਪ ਸੈਣੀ ਨੂੰ ਸਮਾਜਿਕ ਸਰੋਕਾਰਾਂ ਨੂੰ ਵਿਅੰਗਮਈ ਸ਼ਬਦਾਂ ਵਿੱਚ ਬਿਆਨ ਕਰਨ ਵਾਲਾ ਸ਼ਾਇਰ ਦੱਸਿਆ। ਉਨ੍ਹਾਂ ਕਿਹਾ ਕਿ ਗੁਰਦੀਪ ਸੈਣੀ ਨੇ ਗ਼ਜ਼ਲ ਵਿਧਾ ਨੂੰ ਅਰਬੀ-ਫ਼ਾਰਸੀ ਦੇ ਪ੍ਰਭਾਵ ‘ਚੋਂ ਕੱਢ ਕੇ ਪੰਜਾਬ ਦੀ ਮਿੱਟੀ ਨਾਲ ਜੋੜਿਆ ਹੈ।
ਸੁਰਿੰਦਰ ਰਾਮਪੁਰੀ ਨੇ ਗੁਰਦੀਪ ਸੈਣੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਪਹਿਲੀ ਹੀ ਕਿਤਾਬ ਨਾਲ ਇੱਕ ਵੱਖਰੀ ਪਛਾਣ ਕਾਇਮ ਕਰ ਲਈ ਹੈ। ਬਲਵੰਤ ਮਾਂਗਟ ਨੇ ‘ਕਲਾ ਸੰਗਮ ਨੀਲੋਂ ਪੁਲ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਇਸ ਮੰਚ ਨੇ ਦਰਿਆ ‘ਤੇ ਪੁਲ ਬਣਨ ਦਾ ਸੁਹਿਰਦ ਕਾਰਜ ਕੀਤਾ ਹੈ; ‘ਔੜ ਤੇ ਬਰਸਾਤ’ ਰਾਹੀਂ ਮਾਲਵੇ ਅਤੇ ਦੁਆਬੇ ਵਿਚਕਾਰ ਇੱਕ ਮਜ਼ਬੂਤ ਸਾਹਿਤਕ ਸਾਂਝ ਕਾਇਮ ਹੋਈ ਹੈ।
ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਗ਼ਜ਼ਲ ਦੀ ਤਕਨੀਕ ਅਤੇ ਕਿਤਾਬ ਬਾਰੇ ਗਿਆਨਵਰਧਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਗ਼ਜ਼ਲ-ਲੇਖਣੀ ਲਈ ਨਿਰੰਤਰ ਅਭਿਆਸ ਨੂੰ ਅਤਿ-ਜ਼ਰੂਰੀ ਦੱਸਿਆ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ‘ਕਲਾ ਸੰਗਮ ਨੀਲੋਂ ਪੁਲ’ ਸੱਚਮੁੱਚ ਹੀ ਕਲਾ ਦਾ ਇੱਕ ਅਨੋਖਾ ਸੰਗਮ ਹੈ। ਉਨ੍ਹਾਂ ਨੇ ਕਿਤਾਬ ਵਿੱਚ ਵਰਤੇ ਗਏ ਬਿੰਬਾਂ ਦੀ ਸੁੰਦਰਤਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਾਹਿਤ ਜ਼ਿੰਦਗੀ ਦਾ ਵਿਸਥਾਰ ਨਹੀਂ ਬਲਕਿ ਸਾਰ ਹੁੰਦਾ ਹੈ, ਅਤੇ ਕਾਵਿ-ਸੰਵੇਦਨਾ ਨੂੰ ਸਮਝਣ ਲਈ ਲੋਕ-ਧਾਰਾ ਨੂੰ ਸਮਝਣਾ ਜ਼ਰੂਰੀ ਹੈ। ਇਸ ਸੈਸ਼ਨ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਬੁੱਧ ਸਿੰਘ ਨੀਲੋਂ ਨੇ ਭਾਵਪੂਰਤ ਤਰੀਕੇ ਨਾਲ ਨਿਭਾਈ।
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਸੰਤ ਸਿੰਘ ਸੋਹਲ, ਗੁਰਦੀਪ ਸੈਣੀ, ਚਰਨਜੀਤ ਗਿੱਲ ਸਮਾਲਸਰ ਅਤੇ ਗੁਰਨਾਮ ਬਿਜਲੀ ਸ਼ਾਮਲ ਹੋਏ।
ਕਵੀ ਦਰਬਾਰ ਦਾ ਆਗਾਜ਼ ਜੋਰਾਵਰ ਸਿੰਘ ਪੰਛੀ ਨੇ ਆਪਣੀ ਗ਼ਜ਼ਲ “ਇੱਕ ਅਜਨਬੀ ਦੇ ਨਾਲ ਮੁਲਾਕਾਤ ਹੋ ਗਈ” ਨਾਲ ਕੀਤਾ। ਇਸ ਤੋਂ ਬਾਅਦ ਕੁਲਵਿੰਦਰ ਦਿਲਗੀਰ ਨੇ ਗੀਤ “ਜਿੰਦ ਪਲ-ਪਲ ਦੁਖੜੇ ਸਹਿੰਦੀ”, ਮਨਜੀਤ ਧੰਜਲ ਨੇ ਗੀਤ “ਯਾਦਾਂ ਦੀ ਪਟਾਰੀ ਖੋਲ੍ਹੀ”, ਅਵਤਾਰ ਸਿੰਘ ਉਟਾਲਾਂ ਨੇ ਗੀਤ “ਸਾਡੇ ਵਿੱਚ ਦੂਰੀਆਂ”, ਸੰਤ ਸਿੰਘ ਸੋਹਲ ਨੇ “ਭੋਰਾ ਨਾ ਆਸ ਰੱਖੀ”, ਮੀਤ ਪਾਣੀਪਤ ਨੇ “ਮੈਨੂੰ ਤਾਂ ਇਹ ਲੱਗਦੀ ਹੈ ਮਾਂ ਵਰਗੀ”, ਦੀਪ ਜਗਤਪੁਰੀ ਨੇ “ਮੇਰੇ ਹਰਫ਼ਾਂ ਦੇ ਰੰਗ ਕਾਲੇ ਨੇ”, ਅਤੇ ਗੁਰਨਾਮ ਬਾਵਾ ਨੇ “ਉਨ੍ਹਾਂ ਲਈ ਤਾਂ ਮੈਂ ਯਾਰੋ” ਸੁਣਾ ਕੇ ਸਰੋਤਿਆਂ ਦੀ ਦਾਦ ਹਾਸਲ ਕੀਤੀ।
ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਜਗਦੇਵ ਮਕਸੂਦੜਾ ਨੇ “ਵਿਸਕੀ ਦੀ ਬੋਤਲ ਵਰਗੀ”, ਕਰਨੈਲ ਸਿਵੀਆ ਨੇ “ਫ਼ਿਰਨ ਮਾਰਦੇ ਠੇਡੇ ਲੋਕਾਂ ਨੂੰ”, ਚਰਨਜੀਤ ਸਮਾਲਪੁਰ ਨੇ “ਕਿੱਥੇ ਮੇਰੇ ਪੁਰਖਿਆਂ ਨੂੰ”, ਗੁਰਸੇਵਕ ਢਿੱਲੋਂ ਨੇ “ਕੀਤੇ ਬੋਟ ਉਡਾਰ ਅਸਾਂ ਨੇ ਹੌਲੀ-ਹੌਲੀ”, ਦੀਪ ਦਿਲਬਰ ਨੇ “ਪੁਲ ਮਿਲਾਪਾਂ ਦੇ ਗੀਤ ਨੇ”, ਬਲਵੰਤ ਮਾਂਗਟ ਨੇ “ਸਾਨੂੰ ਪਿੱਠ ‘ਤੇ ਥਾਪੜਾ”, ਗੁਰਦੀਪ ਸੈਣੀ ਨੇ “ਹਰ ਤਜ਼ਰਬੇ ਨੂੰ ਜਦੋਂ ਸ਼ਬਦਾਂ ‘ਚ ਪਾ ਕੇ ਤੋਲਿਆ”, ਅਵਤਾਰ ਸਮਾਲਸਰ ਨੇ ਆਪਣਾ ਗੀਤ, ਮਲਕੀਤ ਮਾਲੜਾ ਨੇ “ਜਿਨ੍ਹਾਂ ਨੇ ਮੰਜ਼ਿਲ ਪਾਉਣੀ ਹੁੰਦੀ ਏ”, ਅਤੇ ਡਾ. ਜਲੌਰ ਸਿੰਘ ਖੀਵਾ ਨੇ ਗੀਤ “ਉੱਡ-ਉੱਡ ਆਈਆਂ ਮੋਰਨੀਆਂ” ਪੇਸ਼ ਕੀਤਾ। ਰੁਪਿੰਦਰ ਪਾਲ ਗਿੱਲ ਨੇ ਕਵਿਤਾ ਸੁਣਾਈ।
ਇਨ੍ਹਾਂ ਤੋਂ ਇਲਾਵਾ ਰੁਪਿੰਦਰ ਗਿੱਲ, ਅਮਨ ਆਜ਼ਾਦ ਅਤੇ ਸੁਰਿੰਦਰ ਰਾਮਪੁਰੀ ਨੇ ਸਰੋਤਿਆਂ ਵਜੋਂ ਹਾਜ਼ਰੀ ਭਰੀ। ਇਸ ਸੈਸ਼ਨ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਦੀਪ ਦਿਲਬਰ ਨੇ ਬਾਖ਼ੂਬੀ ਨਿਭਾਈ। ਸਭਾ ਦੇ ਪ੍ਰਬੰਧਕੀ ਕਾਰਜਾਂ ਨੂੰ ਜੱਗਾ ਮਕਸੂਦੜਾ, ਅਮਨ ਆਜ਼ਾਦ ਅਤੇ ਬਲਵੰਤ ਮਾਂਗਟ ਵੱਲੋਂ ਸੁਚੱਜੇ ਢੰਗ ਨਾਲ ਨਿਭਾਇਆ ਗਿਆ।
ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਕਰਨੈਲ ਸਿਵੀਆ ਵੱਲੋਂ ਆਏ ਸਾਰੇ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।











