ਮੰਡੀ ਗੋਬਿੰਦਗੜ੍ਹ, 5 ਅਗਸਤ,ਬੋਲੇ ਪੰਜਾਬ ਬਿਊਰੋ:
ਉਦਯੋਗ-ਕੇਂਦਰਤ ਸਿੱਖਿਆ ਅਤੇ ਸਹਿਯੋਗਾਤਮਕ ਅਧਿਐਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦਿਆਂ ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ) ਨੇ ਕਲੱਸਟਰ ਯੂਨੀਵਰਸਿਟੀ ਸ੍ਰੀਨਗਰ ਨਾਲ ਇੱਕ ਸਮਝੌਤਾ (ਐਮਓਯੂ) ਪੱਤਰ ‘ਤੇ ਹਸਤਾਖਰ ਕੀਤੇ ਹਨ। ਇਹ ਸਮਝੌਤਾ ਅਕਾਦਮਿਕ ਉਤਕ੍ਰਿਸ਼ਟਤਾ, ਖੋਜ, ਨਵੀਨਤਾ ਅਤੇ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਸਮਝੌਤਾ ਪੱਤਰ ‘ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਅਤੇ ਕਲੱਸਟਰ ਯੂਨੀਵਰਸਿਟੀ ਸ੍ਰੀਨਗਰ ਦੇ ਰਜਿਸਟਰਾਰ ਪ੍ਰੋ. ਸਈਅਦ ਵਿਲਾਇਤ ਹੁਸੈਨ ਰਿਜ਼ਵੀ ਨੇ ਰਸਮੀ ਤੌਰ ‘ਤੇ ਹਸਤਾਖਰ ਕੀਤੇ। ਇਸ ਮੌਕੇ ਕਲੱਸਟਰ ਯੂਨੀਵਰਸਿਟੀ ਸ੍ਰੀਨਗਰ ਦੇ ਵਾਈਸ-ਚਾਂਸਲਰ ਪ੍ਰੋ. ਮੁਹੰਮਦ ਮੋਬੀਨ ਵੀ ਹਾਜ਼ਰ ਸਨ। ਸਮਝੌਤਾ ਪੱਤਰ ਦਾ ਅਦਾਨ-ਪ੍ਰਦਾਨ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਹਾਜ਼ਰੀ ਵਿੱਚ ਹੋਇਆ, ਜਿਸ ਨਾਲ ਇਸ ਇਤਿਹਾਸਕ ਸਾਂਝ ਦੀ ਮਹੱਤਤਾ ਹੋਰ ਵੱਧ ਗਈ।
ਇਸ ਭਾਈਵਾਲੀ ਤਹਿਤ ਮੇਗਾ ਰੁਜ਼ਗਾਰ ਮੇਲੇ, ਪਲੇਸਮੈਂਟ, ਇੰਟਰਨਸ਼ਿਪ ਦੇ ਮੌਕੇ, ਉਦਯੋਗ-ਕੇਂਦਰਿਤ ਵਰਕਸ਼ਾਪਾਂ, ਫੈਕਲਟੀ ਵਿਕਾਸ ਪ੍ਰੋਗਰਾਮ, ਸਾਂਝੇ ਖੋਜ ਪ੍ਰੋਜੈਕਟ ਅਤੇ ਵਿਦਿਆਰਥੀ ਤੇ ਫੈਕਲਟੀ ਅਦਾਨ-ਪ੍ਰਦਾਨ ਪ੍ਰੋਗਰਾਮ ਕੀਤੇ ਜਾਣਗੇ। ਇਨ੍ਹਾਂ ਦਾ ਉਦੇਸ਼ ਉਦਯੋਗ ਅਤੇ ਅਕਾਦਮਿਕ ਜਗਤ ਵਿਚਕਾਰ ਮਜ਼ਬੂਤ ਸਾਂਝ ਸਥਾਪਤ ਕਰਨਾ, ਵਿਦਿਆਰਥੀਆਂ ਦੀ ਰੋਜ਼ਗਾਰਯੋਗਤਾ ਵਿੱਚ ਵਾਧਾ ਕਰਨਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਵਿਹਾਰਕ ਅਤੇ ਬਹੁ-ਵਿਸ਼ਿਅਕ ਸਿੱਖਣ ਦੇ ਮੌਕੇ ਪ੍ਰਦਾਨ ਕਰਨਾ ਹੈ।
ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਇਸ ਸਾਂਝ ਦਾ ਸਵਾਗਤ ਕਰਦਿਆਂ ਕਿਹਾ ਕਿ ਅਰਥਪੂਰਨ ਅਕਾਦਮਿਕ ਭਾਈਵਾਲੀਆਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਰੋਜ਼ਗਾਰ ਬਾਜ਼ਾਰ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਹਿਯੋਗ ਗਿਆਨ ਦੇ ਅਦਾਨ-ਪ੍ਰਦਾਨ, ਨਵੀਨਤਾ ਅਤੇ ਸਰਵਪੱਖੀ ਵਿਕਾਸ ਲਈ ਨਵੇਂ ਰਸਤੇ ਖੋਲ੍ਹਦੇ ਹਨ।
ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਕਿਹਾ ਕਿ ਇਹ ਸਮਝੌਤਾ ਯੂਨੀਵਰਸਿਟੀ ਦੇ ਉਸ ਵਿਜ਼ਨ ਨੂੰ ਦਰਸਾਉਂਦਾ ਹੈ, ਜਿਸ ਅਧੀਨ ਸਿੱਖਿਆ, ਖੋਜ, ਨਵੀਨਤਾ ਅਤੇ ਉਦਯੋਗ ਨੂੰ ਇੱਕ ਸਾਂਝੇ ਮੰਚ ‘ਤੇ ਲਿਆ ਕੇ ਅਜਿਹੇ ਭਵਿੱਖੀ ਪੇਸ਼ੇਵਰ ਤਿਆਰ ਕੀਤੇ ਜਾਂਦੇ ਹਨ ਜੋ ਸਮਾਜ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਣ।












