ਪੰਨੂ ਕਤਲ ਸਾਜ਼ਿਸ਼ ਕੇਸ: ਭਾਰਤ ‘ਤੇ ਲੱਗੇ ਦੋਸ਼ਾਂ ਵਿਚਾਲੇ ਪੰਨੂ ਖੁਦ ਅਦਾਲਤ ਵਿੱਚ ਰੱਖੇਗਾ ਆਪਣਾ ਪੱਖ, ਨਵੰਬਰ ਵਿਚ ਫ਼ੈਸਲਾ ਦੇਣ ਦੀ ਅਪੀਲ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 6 ਅਗਸਤ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਅਮਰੀਕਾ ਦੀ ਦੱਖਣੀ ਨਿਊਯਾਰਕ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੇ ਨਿਖਿਲ ਗੁਪਤਾ ਮਾਮਲੇ ਵਿੱਚ ਅਮਰੀਕੀ ਸਰਕਾਰ ਨੇ 25 ਸਤੰਬਰ 2026 ਨੂੰ ਹੋਣ ਵਾਲੀ ਸਜ਼ਾ ਸੁਣਾਉਣ ਦੀ ਕਾਰਵਾਈ ਮੁਲਤਵੀ ਕਰਨ ਲਈ ਅਦਾਲਤ ਕੋਲ ਅਰਜ਼ੀ ਦਾਇਰ ਕੀਤੀ ਹੈ। ਅਦਾਲਤ ਵਿੱਚ ਦਾਇਰ ਸਰਕਾਰੀ ਪੱਤਰ ਅਨੁਸਾਰ, ਕਤਲ ਦੀ ਸਾਜ਼ਿਸ਼ ਦਾ ਨਿਸ਼ਾਨਾ ਬਣੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਸਜ਼ਾ ਸੁਣਾਉਣ ਦੀ ਕਾਰਵਾਈ ਦੌਰਾਨ ਖੁਦ ਅਦਾਲਤ ਵਿੱਚ ਹਾਜ਼ਰ ਹੋ ਕੇ ਆਪਣਾ ਬਿਆਨ ਦੇਣ ਦੀ ਇੱਛਾ ਜਤਾਈ ਹੈ। ਕਿਉਂਕਿ ਉਹ 25 ਸਤੰਬਰ ਨੂੰ ਅਮਰੀਕਾ ਤੋਂ ਬਾਹਰ ਹੋਣਗੇ, ਇਸ ਲਈ ਅਮਰੀਕੀ ਸਰਕਾਰ ਨੇ ਸੁਣਵਾਈ ਨੂੰ 6 ਜਾਂ 20 ਨਵੰਬਰ 2026 ਤੱਕ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਸਰਕਾਰੀ ਪੱਤਰ ਵਿੱਚ ਇਹ ਵੀ ਦਰਜ ਹੈ ਕਿ ਬਚਾਅ ਪੱਖ ਨੂੰ ਵੀ ਇਸ ਮੁਲਤਵੀ ‘ਤੇ ਕੋਈ ਇਤਰਾਜ਼ ਨਹੀਂ ਹੈ। ਦਸਣਯੋਗ ਹੈ ਕਿ ਨਿਖਿਲ ਗੁਪਤਾ ਉਹ ਭਾਰਤੀ ਨਾਗਰਿਕ ਹੈ ਜਿਸ ਨੇ ਅਮਰੀਕੀ ਅਦਾਲਤ ਵਿੱਚ ਉਸ ਸਾਜ਼ਿਸ਼ ਨਾਲ ਸਬੰਧਤ ਦੋਸ਼ਾਂ ਨੂੰ ਕਬੂਲ ਕੀਤਾ ਹੈ, ਜਿਸ ਵਿੱਚ ਅਮਰੀਕਾ ਵਿੱਚ ਰਹਿੰਦੇ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਯੋਜਨਾ ਬਣਾਉਣ ਦਾ ਦੋਸ਼ ਹੈ। ਅਮਰੀਕੀ ਜਾਂਚ ਏਜੰਸੀਆਂ ਦੇ ਦੋਸ਼ਾਂ ਅਨੁਸਾਰ, ਇਹ ਕਥਿਤ ਸਾਜ਼ਿਸ਼ ਭਾਰਤ ਦੀ ਖੁਫ਼ੀਆ ਏਜੰਸੀ ਨਾਲ ਜੁੜੇ ਇੱਕ ਅਧਿਕਾਰੀ ਦੇ ਨਿਰਦੇਸ਼ਾਂ ਹੇਠ ਰਚੀ ਗਈ ਸੀ। ਇਸ ਮਾਮਲੇ ਨੇ ਇੱਕ ਵਾਰ ਫਿਰ ਉਹਨਾਂ ਗੰਭੀਰ ਦੋਸ਼ਾਂ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ ਕਿ ਭਾਰਤ ਦੀ ਧਰਤੀ ਤੋਂ ਬਾਹਰ ਰਹਿ ਰਹੇ ਆਜ਼ਾਦਪਸੰਦ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਕਥਿਤ ਯੋਜਨਾਵਾਂ ਬਣਾਈਆਂ ਗਈਆਂ। ਅਮਰੀਕਾ ਨੇ ਪੰਨੂਂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਸਬੰਧੀ ਅਪਰਾਧਿਕ ਕੇਸ ਚਲਾਇਆ ਹੈ, ਜਦਕਿ ਕੈਨੇਡਾ ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਦੌਰਾਨ ਵੀ ਭਾਰਤੀ ਏਜੰਟਾਂ ਦੀ ਸੰਭਾਵਿਤ ਭੂਮਿਕਾ ਬਾਰੇ ਜਨਤਕ ਦੋਸ਼ ਲਗਾਏ ਸਨ। ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਜਦਕਿ ਸੰਬੰਧਿਤ ਅਦਾਲਤੀ ਅਤੇ ਜਾਂਚ ਪ੍ਰਕਿਰਿਆਵਾਂ ਅਜੇ ਵੀ ਜਾਰੀ ਹਨ। ਹੁਣ ਅਮਰੀਕੀ ਅਦਾਲਤ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਸੰਭਾਵਿਤ ਬਿਆਨ ਇਸ ਮਾਮਲੇ ਦਾ ਸਭ ਤੋਂ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਅਦਾਲਤ ਨਿਖਿਲ ਗੁਪਤਾ ਨੂੰ ਸਜ਼ਾ ਸੁਣਾਉਣ ਬਾਰੇ ਆਪਣਾ ਅੰਤਿਮ ਫ਼ੈਸਲਾ ਦੇਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।