ਪੰਜਾਬ ਸਰਕਾਰ ਦੀ ਵਿੱਤੀ ਬਦ ਇੰਤਜ਼ਾਮੀ ਕਾਰਣ ਸਕੂਲਾਂ ਦੇ ਚੁੱਲ੍ਹੇ ਠੰਢੇ ਹੋਣ ਕਿਨਾਰੇ

ਚੰਡੀਗੜ੍ਹ ਪੰਜਾਬ

ਪਿਛਲੇ ਫੰਡ ਅਪ੍ਰੈਲ ਮਹੀਨੇ ਦੇ ਆਖ਼ਰੀ ਹਫਤੇ ਵਿੱਚ ਹੋਏ ਸਨ ਜਾਰੀ

ਫੰਡ ਜਾਰੀ ਕਰਨ ‘ਚ ਸਰਕਾਰੀ ਲਾਪਰਵਾਹੀ ਨੇ ਅਧਿਆਪਕ ਕੀਤੇ ਕਰਜ਼ਦਾਰ

ਦੁਕਾਨਦਾਰਾਂ ਨੇ ਹੋਰ ਉਧਾਰ ਦੇਣ ਤੋਂ ਕੀਤੇ ਹੱਥ ਖੜ੍ਹੇ

ਚੰਡੀਗੜ੍ਹ 12 ਅਗਸਤ,ਬੋਲੇ ਪੰਜਾਬ ਬਿਉਰੋ :
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਪਹਿਲਾਂ ਵਧੀਆ ਵਿੱਤ ਪ੍ਰਬੰਧਨ ਦੇ ਕੀਤੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ ਜਦੋਂ ਸਕੂਲਾਂ ਵਿੱਚ ਮਿੱਡ ਡੇ ਮੀਲ ਸਕੀਮ ਅਧੀਨ ਬਣ ਰਹੇ ਖਾਣੇ ਨੂੰ ਤਿਆਰ ਕਰਨ ਲਈ ਜਾਰੀ ਹੋਣ ਵਾਲੀ ਰਾਸ਼ੀ ਤਿੰਨ ਮਹੀਨੇ ਪੱਛੜ ਗਈ ਹੈ। ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕ ਮਿੱਡ ਡੇ ਮੀਲ ਤਿਆਰ ਕਰਨ ਲਈ ਲੋੜੀਂਦੇ ਰਾਸ਼ਨ ਲਈ ਤਿੰਨ ਮਹੀਨਿਆਂ ਤੋਂ ਵਧੇਰੇ ਸਮੇਂ ਤੋਂ ਆਪਣੇ ਪੱਧਰ ‘ਤੇ ਪ੍ਰਬੰਧ ਕਰ ਰਹੇ ਹਨ। ਵਿਭਾਗ ਵੱਲੋਂ ਅਪ੍ਰੈਲ ਮਹੀਨੇ ਦੇ ਆਖ਼ਰੀ ਹਫਤੇ ਵਿੱਚ ਭੇਜੇ ਫੰਡਾਂ ਤੋਂ ਬਾਅਦ ਅਧਿਆਪਕਾਂ ਨੇ ਆਪਣੇ ਕੋਲੋਂ ਰਾਸ਼ੀ ਦੇ ਕੇ ਅਤੇ ਕੁਝ ਨੇ ਦੁਕਾਨਦਾਰਾਂ ਤੋਂ ਉਧਾਰ ਲੈ ਕੇ ਹੁਣ ਤੱਕ ਗੁਜ਼ਾਰਾ ਕੀਤਾ ਹੈ, ਪਰ ਹੁਣ ਅਧਿਆਪਕਾਂ ਅਤੇ ਦੁਕਾਨਦਾਰਾਂ ਦੋਹਾਂ ਦੇ ਹੱਥ ਖੜ੍ਹੇ ਹੋ ਗਏ ਹਨ। ਦੁਕਾਨਦਾਰਾਂ ਨੇ ਹੋਰ ਉਧਾਰ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਤੋਂ ਇਲਾਵਾ ਵਿਭਾਗ ਵੱਲੋਂ ਮੌਸਮੀ ਫ਼ਲ ਲਈ ਆਉਂਦੀ ਰਾਸ਼ੀ 5 ਰੁਪਏ ਵੀ ਨਾਕਾਫ਼ੀ ਹੈ, ਜਿਸਦਾ ਬੋਝ ਵੀ ਅਧਿਆਪਕਾਂ ਦੀਆਂ ਜੇਬਾਂ ‘ਤੇ ਹੀ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਵਿੱਤ ਪ੍ਰਬੰਧਨ ਵਿੱਚ ਬਦ ਇੰਤਜ਼ਾਮੀ ਦਾ ਖਾਮਿਆਜ਼ਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਸਰਕਾਰ ਦੀ ਆਰਥਿਕ ਮੰਦਹਾਲੀ ਅਤੇ ਵਿੱਤੀ ਬਦ ਇੰਤਜ਼ਾਮੀ ਹੁਣ ਸਿੱਖਿਆ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਵੱਲੋਂ ਸਕੂਲੀ ਸਿੱਖਿਆ ਵਰਗੀਆਂ ਬੁਨਿਆਦੀ ਸੇਵਾਵਾਂ ਲਈ ਵੀ ਸਮੇਂ ਸਿਰ ਫੰਡ ਮੁਹਈਆ ਨਾ ਕਰਵਾਏ ਜਾਣਾ ਇਸ ਗੱਲ ਦਾ ਸਪਸ਼ਟ ਸਬੂਤ ਹੈ ਕਿ ਪੰਜਾਬ ਸਰਕਾਰ ਦਾ ਵਿੱਤੀ ਪ੍ਰਬੰਧਨ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ।

ਡੀ ਟੀ ਐੱਫ ਦੇ ਮੀਤ ਪ੍ਰਧਾਨਾਂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਪਿਆਰ ਕੋਟਲੀ, ਬੇਅੰਤ ਫੂਲੇਵਾਲਾ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਮੁਕੇਸ਼ ਕੁਮਾਰ, ਕੁਲਵਿੰਦਰ ਜੋਸ਼ਨ ਅਤੇ ਜਸਵਿੰਦਰ ਔਜਲਾ ਅਤੇ ਪ੍ਰੈੱਸ ਸਕੱਤਰ ਪਵਨ ਕੁਮਾਰ, ਸਹਾਇਕ ਵਿੱਤ ਸਕੱਤਰ ਤਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਇਸ ਵਾਰ ਮਿੱਡ ਡੇ ਮੀਲ ਵਰਕਰਾਂ ਨੂੰ ਜੁਲਾਈ ਮਹੀਨੇ ਦੀ ਪੂਰੀ ਤਨਖਾਹ ਵੀ ਨਹੀਂ ਦਿੱਤੀ ਗਈ ਹੈ ਜਿਸ ਕਾਰਣ ਉਨ੍ਹਾਂ ਵਰਕਰਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਢੇ ਹੋਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਇਸ਼ਤਿਹਾਰਬਾਜ਼ੀ ਕਰਨ, ਵੋਟ ਬੈਂਕ ਪੱਕਾ ਕਰਨ ਅਤੇ ਹੋਰ ਗੈਰ ਜਰੂਰੀ ਕੰਮਾਂ ਲਈ ਪੈਸੇ ਦੀ ਕੋਈ ਕਮੀ ਨਹੀਂ ਹੈ, ਪਰ ਸਕੂਲਾਂ ਵਿੱਚ ਕੰਮ ਕਰ ਰਹੇ ਵਰਕਰਾਂ ਨੂੰ ਮਿਲ ਰਹੇ ਨਾ ਮਾਤਰ ਭੱਤੇ ਦੀ ਰਾਸ਼ੀ 3000/- ਨੂੰ ਵੀ ਦੇਰੀ ਨਾਲ ਜਾਰੀ ਕੀਤਾ ਜਾਣਾ ਜਾਂ ਅਧੂਰਾ ਜਾਰੀ ਕੀਤਾ ਜਾਣਾ ਨਿਖੇਧੀਯੋਗ ਹੈ। ਆਗੂਆਂ ਨੇ ਮੰਗ ਕੀਤੀ ਕਿ ਮਿੱਡ ਡੇ ਮੀਲ ਸਬੰਧੀ ਰਾਸ਼ੀ ਅਤੇ ਮਿੱਡ ਡੇ ਮੀਲ ਵਰਕਰਾਂ ਦੇ ਰਹਿੰਦੇ ਮਾਣ ਭੱਤੇ ਲਈ ਲੋੜੀਂਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਸਕੂਲ ਮੁਖੀਆਂ/ ਅਧਿਆਪਕਾਂ ਨੂੰ ਇਸ ਕੰਮ ਲਈ ਆਪਣੀ ਜੇਬ ਵਿੱਚੋਂ ਖਰਚ ਕਰਨ ਜਾਂ ਉਧਾਰ ਲੈਣ ਲਈ ਮਜਬੂਰ ਨਾ ਹੋਣਾ ਪਵੇ ਅਤੇ ਵਿਦਿਆਰਥੀਆਂ ਦੇ ਪੋਸ਼ਣ ਅਤੇ ਸਿੱਖਿਆ ਨਾਲ ਜੁੜੀ ਇਸ ਨੂੰ ਮਹੱਤਵਪੂਰਨ ਯੋਜਨਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਆਗੂਆਂ ਨੇ ਕਿਹਾ ਕਿ ਇਸ ਸਬੰਧੀ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਡੀ ਟੀ ਐੱਫ ਪੰਜਾਬ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿੱਚ ਸਰਕਾਰ ਖਿਲਾਫ ਸੰਘਰਸ਼ ਦਾ ਐਲਾਨ ਕਰੇਗੀ ਅਤੇ ਖਾਣਾ ਬਣਾਉਣ ਤੋਂ ਹੱਥ ਖਿੱਚਣ ਲਈ ਮਜਬੂਰ ਹੋਵੇਗੀ। ਇਸ ਸਥਿਤੀ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਜਿੰਮੇਵਾਰ ਹੋਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।