ਦੋ ਹਫ਼ਤੇ ਪੁਰਾਣੀ ਖੰਘ, ਭੁੱਖ ਘੱਟ ਲੱਗਣਾ ਤੇ ਵਜ਼ਨ ਘਟਣਾ ਹੋ ਸਕਦੇ ਹਨ ਟੀ.ਬੀ. ਦੇ ਲੱਛਣ
ਸਰਕਾਰੀ ਹਸਪਤਾਲਾਂ ਵਿਚ ਟੀ. ਬੀ. ਦਾ ਮੁਫ਼ਤ ਮਿਆਰੀ ਇਲਾਜ ਉਪਲਭਧ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਅਗਸਤ ,ਬੋਲੇ ਪੰਜਾਬ ਬਿਊਰੋ:
ਟੀ.ਬੀ. ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਂਚ ਤੇ ਜਾਗਰੂਕਤਾ ਕੈਂਪ ਰੋਜ਼ਾਨਾ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਜ਼ਿਲ੍ਹਾ ਟੀ.ਬੀ. ਅਧਿਕਾਰੀ ਡਾ. ਨਵਦੀਪ ਸਿੰਘ ਨੇ ਦਸਿਆ ਕਿ ਦੇਸ਼ ਵਿਚ ਤਪਦਿਕ ਦੇ ਮੁਕੰਮਲ ਖ਼ਾਤਮੇ ਲਈ ਤੀਬਰ ਰੋਕਥਾਮ ਮੁਹਿੰਮ ਚੱਲ ਰਹੀ ਹੈ ਜਿਸ ਤਹਿਤ ਸਿਹਤ ਟੀਮਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਟੀ.ਬੀ. ਦੇ ਲੱਛਣਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਕੈਂਪਾਂ ਵਿਚ ਸ਼ੱਕੀ ਮਰੀਜ਼ਾਂ ਦੀ ਮੌਕੇ ’ਤੇ ਹੀ ਐਕਸਰੇ ਜਾਂਚ ਕੀਤੀ ਜਾਂਦੀ ਹੈl ਪੁਸ਼ਟੀ ਹੋਣ ਮਗਰੋਂ ਮਰੀਜ਼ਾਂ ਦੀ ਤੁਰੰਤ ਰਜਿਸਟਰੇਸ਼ਨ ਕੀਤੀ ਜਾਂਦੀ ਹੈ ਅਤੇ ਮਾਹਰ ਡਾਕਟਰ ਵਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ l ਉਨ੍ਹਾਂ ਦਸਿਆ ਕਿ ਜ਼ਿਲ੍ਹੇ ਦੇ ਸਬ-ਡਵੀਜ਼ਨਲ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ, ਪ੍ਰਾਇਮਰੀ ਹੈਲਥ ਸੈਂਟਰਾਂ ਤੇ ਆਯੁਸ਼ਮਾਨ ਅਰੋਗਿਆ ਕੇਂਦਰਾਂ ਤੋਂ ਇਲਾਵਾ ਜੇਲਾਂ, ਝੁੱਗੀਆਂ, ਬਸਤੀਆਂ, ਨਿਰਮਾਣ ਸਥਾਨਾਂ, ਸਕੂਲਾਂ, ਦਫ਼ਤਰਾਂ ਆਦਿ ਵਿਚ ਵੀ ਜਾਂਚ ਤੇ ਜਾਗਰੂਕਤਾ ਦਾ ਕੰਮ ਨਾਲੋ-ਨਾਲ ਚੱਲ ਰਿਹਾ ਹੈ। ਅਧਿਕਾਰੀਆਂ ਮੁਤਾਬਕ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਟੀ.ਬੀ. ਦੇ ਮਰੀਜ਼ਾਂ ਦੀ ਸ਼ੁਰੂਆਤੀ ਪਛਾਣ ਕਰ ਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ ਸ਼ੁਰੂ ਕਰਨਾ ਹੈ ਤਾਕਿ ਬੀਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਦਸਿਆ ਕਿ ਟੀਬੀ ਦਾ ਪੱਕਾ ਇਲਾਜ ਮੌਜੂਦ ਹੈ ਅਤੇ ਇਹ ਬੀਮਾਰੀ ਹੋਣ ’ਤੇ ਘਬਰਾਉਣ ਦੀ ਲੋੜ ਨਹੀਂ। ਹਰ ਸਰਕਾਰੀ ਸਿਹਤ ਸੰਸਥਾ ਵਿਚ ਡਾਟਸ ਪ੍ਰਣਾਲੀ ਰਾਹੀਂ ਇਸ ਬੀਮਾਰੀ ਦਾ ਬਿਲਕੁਲ ਮੁਫ਼ਤ ਇਲਾਜ ਹੁੰਦਾ ਹੈ। ਜਦ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ ਤਾਂ ਟੀ.ਬੀ. ਜਿਹੀ ਜਾਨਲੇਵਾ ਬੀਮਾਰੀ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ। ਇਹ ਬੀਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ l ਜ਼ਿਕਰਯੋਗ ਹੈ ਕਿ ਦੋ ਹਫ਼ਤੇ ਪੁਰਾਣੀ ਖੰਘ, ਵਜ਼ਨ ਘਟਣਾ, ਭੁੱਖ ਘੱਟ ਲੱਗਣੀ, ਬਲਗਮ ਵਿਚ ਖ਼ੂਨ ਆਉਣਾ, ਸ਼ਾਮ ਸਮੇਂ ਬੁਖ਼ਾਰ, ਥਕਾਵਟ ਮਹਿਸੂਸ ਹੋਣਾ, ਵਾਰ ਵਾਰ ਪਸੀਨਾ ਆਉਣਾ ਟੀਬੀ ਦੇ ਸੰਕੇਤ ਅਤੇ ਲੱਛਣ ਹੋ ਸਕਦੇ ਹਨ।












