ਡੇਰਾਬੱਸੀ, 28 ਅਗਸਤ ,ਬੋਲੇ ਪੰਜਾਬ ਬਿਉਰੋ;
ਅੱਜ ਪਿੰਡ ਫਤਿਹਪੁਰ ਵਿਖੇ ਪਿੰਡ ਵਾਸੀਆਂ ਦੀ ਇੱਕ ਭਰਵੀਂ ਮੀਟਿੰਗ ਮਹਿਲਾ ਸਰਪੰਚ ਦੇ ਪਤੀ ਕੁਲਵੰਤ ਸਿੰਘ ਅਤੇ ਪੰਚ ਦੇ ਪਤੀ ਜਗਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਖੁਲਾਸਾ ਕੀਤਾ ਕਿ ਰਾਜਨੀਤਕ ਦਬਾਅ ਹੇਠ ਉਨ੍ਹਾਂ ਨੂੰ ਬਦਨਾਮ ਕਰਨ ਲਈ ਮਾਈਨਿੰਗ ਵਿਭਾਗ ਦੇ ਅਫ਼ਸਰ ਜਤਿਨ ਸ਼ਿਵਾਲਿਕ ਰਾਹੀਂ ਥਾਣਾ ਡੇਰਾਬੱਸੀ ਵਿਖੇ ਇੱਕ ਝੂਠਾ ਪਰਚਾ ਦਰਜ ਕਰਵਾਇਆ ਗਿਆ ਸੀ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਸਿਆਸੀ ਸਾਜ਼ਿਸ਼ ਤਹਿਤ ਰਵਿੰਦਰ ਸਿੰਘ ਨੰਬਰਦਾਰ, ਦੀਪਕ ਸਿੰਘ ਗੋਗਾ (ਪੰਚ), ਸਿਮਰ ਕੌਰ (ਪੰਚ), ਲਖਵਿੰਦਰ ਸਿੰਘ (ਸਾਬਕਾ ਸਰਪੰਚ), ਗੁਰਪ੍ਰੀਤ ਸਿੰਘ (ਸਾਬਕਾ ਸਰਪੰਚ), ਚਰਨ ਕੌਰ (ਸਾਬਕਾ ਸਰਪੰਚ), ਨੀਲਮ, ਰਣਜੀਤ ਸਿੰਘ ਉਰਫ਼ ਕਾਲਾ, ਗੁਰਵਿੰਦਰ ਸਿੰਘ, ਲਵਜੀਤ ਸਿੰਘ, ਸੰਦੀਪ ਕੁਮਾਰ ਅਤੇ ਹੋਰਨਾਂ ਵਿਅਕਤੀਆਂ ਦੀ ਸ਼ਹਿ ‘ਤੇ ਮਿਤੀ 10 ਫਰਵਰੀ 2025 ਨੂੰ ਐੱਫ.ਆਈ.ਆਰ. ਨੰਬਰ 32 ਦਰਜ ਕਰਵਾਈ ਗਈ ਸੀ।
ਇਸ ਮਾਮਲੇ ਸਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੇਸ ਦੀ ਸੁਣਵਾਈ ਦੌਰਾਨ 3 ਅਗਸਤ 2026 ਨੂੰ ਏ.ਐੱਸ.ਆਈ. ਨਿਰਭੈ ਸਿੰਘ (ਥਾਣਾ ਡੇਰਾਬੱਸੀ) ਨੇ ਅਦਾਲਤ ਵਿੱਚ ਪੇਸ਼ ਹੋ ਕੇ ਸਪੱਸ਼ਟ ਕੀਤਾ ਕਿ ਲਗਾਏ ਗਏ ਸਾਰੇ ਦੋਸ਼ ਜਾਂਚ ਦੌਰਾਨ ਬੇਬੁਨਿਆਦ ਅਤੇ ਝੂਠੇ ਪਾਏ ਗਏ ਹਨ। ਇਸ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਉਪਰੋਕਤ ਐੱਫ.ਆਈ.ਆਰ. ਨੂੰ ਤੁਰੰਤ ਰੱਦ ਕਰ ਦਿੱਤਾ ਹੈ।
ਆਗੂਆਂ ਨੇ ਗੰਭੀਰ ਦੋਸ਼ ਲਾਇਆ ਕਿ ਕੁਝ ਸਾਬਕਾ ਪੰਚਾਂ ਅਤੇ ਸਰਪੰਚਾਂ ਨੇ ਮੌਜੂਦਾ ਪੰਚਾਇਤ ਨੂੰ ਲੋਕਾਂ ਵਿੱਚ ਬਦਨਾਮ ਕਰਨ ਅਤੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਡਾਹੁਣ ਲਈ ਜਾਣ-ਬੁੱਝ ਕੇ ਇਹ ਘੜਿਆ ਹੋਇਆ ਡਰਾਮਾ ਰਚਿਆ ਸੀ, ਜਿਸਦਾ ਅਸਲ ਮਕਸਦ ਉਨ੍ਹਾਂ ਨੂੰ ਕੰਮ ਨਾ ਕਰਨ ਦੇਣਾ ਅਤੇ ਮਾਈਨਿੰਗ ਦੇ ਨਾਂ ਹੇਠ ਫਸਾਉਣਾ ਸੀ।
ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਮੌਜੂਦਾ ਪੰਚਾਇਤ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨ ਅਤੇ ਸਿਆਸੀ ਦਬਾਅ ਹੇਠ ਝੂਠੇ ਦੋਸ਼ ਲਗਾਉਣ ਵਾਲੇ ਇਨ੍ਹਾਂ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆਖਿਰ ਵਿੱਚ ਆਗੂਆਂ ਨੇ ਕਿਹਾ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਅੱਜ ਸਾਬਤ ਹੋ ਗਿਆ ਹੈ ਕਿ ਬਦਲਾਖੋਰੀ ਤਹਿਤ ਲਗਾਏ ਗਏ ਸਾਰੇ ਦੋਸ਼ ਪੂਰੀ ਤਰ੍ਹਾਂ ਮਨਘੜਤ ਸਨ।












