ਨਵੀਂ ਦਿੱਲੀ 30 ਅਗਸਤ ,ਬੋਲੇ ਪੰਜਾਬ ਬਿਊਰੋ;
ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਵਿਭਿੰਨਤਾ ਵਿੱਚ ਏਕਤਾ ਭਾਰਤ ਦੇ ਡੀ ਐੱਨ ਏ ਵਿੱਚ ਹੈ ਅਤੇ ਇਸ ‘ਤੇ ਖ਼ੁਸ਼ੀ ਜਤਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਨਮਾਨ ਕਰਨ ਦੇ ਨਾਲ-ਨਾਲ ਇਸ ਨੂੰ ਸਵੀਕਾਰ ਵੀ ਕੀਤਾ ਜਾਣਾ ਚਾਹੀਦਾ ਹੈ।
ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਵਿੱਚ ਇਨਫੋਸਿਸ ਥੀਏਟਰ ‘ਚ ਆਯੋਜਿਤ ਇੱਕ ਵਿਸ਼ਾਲ ਸਮਾਗਮ ਦੌਰਾਨ 6,000 ਤੋਂ ਵੱਧ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਅਤੇ ਵੱਖ-ਵੱਖ ਧਰਮਾਂ ਦੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ, ਭਾਗਵਤ ਨੇ ਵਿਭਿੰਨਤਾ ਨੂੰ ਅਪਣਾਉਣ ਅਤੇ ਭਾਈਚਾਰਿਆਂ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ, “ਜਦੋਂ ਅਸੀਂ ਅਮਰੀਕਾ ਜਾਂ ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਕਹਿੰਦੇ ਹਾਂ, ਤਾਂ ਇੱਕ ਸ਼ਬਦ ਦੀ ਅਕਸਰ ਚਰਚਾ ਹੁੰਦੀ ਹੈ ਅਤੇ ਉਹ ਹੈ ਬਹੁਲਵਾਦ (Pluralism)। ਅਤੇ ਜਦੋਂ ਅਸੀਂ ਭਾਰਤ ਕਹਿੰਦੇ ਹਾਂ, ਤਾਂ ਇੱਕ ਹੋਰ ਵਾਕੰਸ਼ ਦੀ ਚਰਚਾ ਹੁੰਦੀ ਹੈ ਤੇ ਉਹ ਹੈ ਵਿਭਿੰਨਤਾ ਵਿੱਚ ਏਕਤਾ।” ਉਨ੍ਹਾਂ ਦੀ ਇਸ ਗੱਲ ‘ਤੇ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਮਾਰੀਆਂ।ਉਨ੍ਹਾਂ ਨੇ ਇਹ ਗੱਲ ਅਮਰੀਕਨ ਹਿੰਦੂਜ਼ ਫਾਰ ਐਂਗੇਜਮੈਂਟ ਐਂਡ ਡਾਇਲਾਗ ਫੋਰਮ ਵੱਲੋਂ ਆਯੋਜਿਤ “ਯੂਨੀਵਰਸਲ ਵਨਨੇਸ ਸੈਲੀਬ੍ਰੇਸ਼ਨ” ਸਮਾਗਮ ਵਿੱਚ ਕਹੀ।
ਉਨ੍ਹਾਂ ਕਿਹਾ, “ਭਾਰਤ ਲਈ ਏਕਤਾ ਅਤੇ ਵਿਭਿੰਨਤਾ, ਦੋਵੇਂ ਉਸ ਦੇ ਡੀ ਐੱਨ ਏ ਵਿੱਚ ਹਨ।” ਉਨ੍ਹਾਂ ਸਵਾਮੀ ਵਿਵੇਕਾਨੰਦ ਦੇ ਇੱਕ ਸੁਨੇਹੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਰਾਸ਼ਟਰ ਦੇ ਸਾਹਮਣੇ ਇੱਕ ਟੀਚਾ ਹੁੰਦਾ ਹੈ, ਜਿਸ ਨੂੰ ਉਸ ਨੇ ਪੂਰਾ ਕਰਨਾ ਹੁੰਦਾ ਹੈ ਅਤੇ ਇੱਕ ਕਿਸਮਤ ਹੁੰਦੀ ਹੈ, ਜਿਸ ਨੂੰ ਉਸ ਨੇ ਸਾਕਾਰ ਕਰਨਾ ਹੁੰਦਾ ਹੈ।
ਆਰ ਐੱਸ ਐੱਸ ਮੁਖੀ ਨੇ ਕਿਹਾ, “ਭਾਰਤ ਨੂੰ ਕਿਹੜੀ ਕਿਸਮਤ ਮਿਲੀ ਹੈ? ਭਾਰਤ ਦਾ ਉਦੇਸ਼ ਇਸ ਵਿਭਿੰਨਤਾ ਵਿੱਚ ਏਕਤਾ ਨੂੰ ਸਾਕਾਰ ਕਰਨਾ ਅਤੇ ਸਮੇਂ-ਸਮੇਂ ‘ਤੇ ਦੁਨੀਆ ਨੂੰ ਵੀ ਇਸ ਦਾ ਅਹਿਸਾਸ ਕਰਵਾਉਣਾ ਹੈ। ਅਸੀਂ ਇੱਕ ਹਾਂ ਅਤੇ ਸਾਡੀ ਇਹੀ ਵਿਭਿੰਨਤਾ ਸਾਡੀ ਏਕਤਾ ਨੂੰ ਹੋਰ ਵਧੇਰੇ ਸੁੰਦਰ ਬਣਾਉਂਦੀ ਹੈ।”
ਕਰੀਬ ਇੱਕ ਘੰਟੇ ਦੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ, “ਵਿਭਿੰਨਤਾ ‘ਤੇ ਖ਼ੁਸ਼ੀ ਮਨਾਈ ਜਾਣੀ ਚਾਹੀਦੀ ਹੈ, ਉਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਸਾਨੂੰ ਏਕਤਾ ਦੀ ਇਸ ਭਾਵਨਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਇੱਕ ਬਹੁਤ ਹੀ ਸੱਚੀ ਭਾਵਨਾ ਹੈ।”












