ਪੰਜਾਬ ‘ਚ ਅਵਾਰਾ ਕੁੱਤਿਆਂ ਦਾ ਕਹਿਰ! ਦੋ ਸਾਲਾ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

ਪੰਜਾਬ

ਫਿਰੋਜ਼ਪੁਰ ਛਾਉਣੀ ਵਿੱਚ ਦੋ ਸਾਲਾ ਬੱਚੇ ’ਤੇ ਅਵਾਰਾ ਕੁੱਤੇ ਦਾ ਹਮਲਾ, ਚਿਹਰੇ ’ਤੇ ਗੰਭੀਰ ਸੱਟਾਂ

ਫਿਰੋਜ਼ਪੁਰ 9 ਸਤੰਬਰ ,ਬੋਲੇ ਪੰਜਾਬ ਬਿਊਰੋ;

ਫਿਰੋਜ਼ਪੁਰ ਛਾਉਣੀ ਦੀ ਗਲੀ ਨੰਬਰ 1 ਵਿੱਚ ਘਰ ਦੇ ਬਾਹਰ ਖੇਡ ਰਹੇ ਦੋ ਸਾਲਾ ਬੱਚੇ’ਤੇ ਅਵਾਰਾ ਕੁੱਤੇ ਨੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਕੁੱਤੇ ਨੇ ਕਰੀਬ 10 ਮਿੰਟ ਤੱਕ ਬੱਚੇ ਨੂੰ ਨੋਚਿਆ। ਬੱਚੇ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਮੌਕੇ’ਤੇ ਪਹੁੰਚੇ ਅਤੇ ਕਾਫ਼ੀ ਜੱਦੋ ਜਹਿਦ ਤੋਂ ਬਾਅਦ ਉਸ ਨੂੰ ਕੁੱਤੇ ਦੇ ਚੁੰਗਲ ਤੋਂ ਛੁਡਾਇਆ। ਪੀੜਤ ਬੱਚੇ ਦੀ ਪਛਾਣ ਰਾਘਵ ਵਜੋਂ ਹੋਈ ਹੈ। ਹਮਲੇ ਦੌਰਾਨ ਕੁੱਤੇ ਨੇ ਬੱਚੇ ਦੇ ਚਿਹਰੇ ਅਤੇ ਮੂੰਹ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ ਉਸ ਦੇ ਚਿਹਰੇ’ਤੇ ਗੰਭੀਰ ਸੱਟਾਂ ਲੱਗੀਆਂ ਹਨ।ਪਰਿਵਾਰਕ ਮੈਂਬਰਾਂ ਨੇ ਰਾਘਵ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।
ਸਥਾਨਕ ਵਸਨੀਕ ਗਿਰਜੇਸ਼ ਅਗਰਵਾਲ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਆਮ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ। ਛਾਉਣੀ ਬੋਰਡ ਦੇ ਸੈਨੇਟਰੀ ਸੁਪਰਡੈਂਟ ਅਭਿਸ਼ੇਕ ਪਾਂਡੇ ਨੇ ਕਿਹਾ ਕਿ ਬੋਰਡ ਵੱਲੋਂ ਸਮੇਂ-ਸਮੇਂ’ਤੇ ਅਵਾਰਾ ਕੁੱਤਿਆਂ ਨੂੰ ਫੜਨ ਲਈ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਲੋਕਾਂ ਵੱਲੋਂ ਗਲੀਆਂ ਵਿੱਚ ਕੁੱਤਿਆਂ ਨੂੰ ਖਾਣਾ ਪਾਉਣ ਕਾਰਨ ਸਮੱਸਿਆ ਵਧਦੀ ਹੈ। ਬੋਰਡ ਵੱਲੋਂ ਕੁੱਤਿਆਂ ਦੀ ਨਸਬੰਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਠੋਸ ਕਦਮ ਨਾ ਚੁੱਕੇ ਤਾਂ ਉਹ ਛਾਉਣੀ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਕੇ ਸਖ਼ਤ ਕਾਰਵਾਈ ਦੀ ਮੰਗ ਕਰਨਗੇ। ਉੱਥੇ ਦੂਜੇ ਪਾਸੇ ਇਸ ਵਾਪਰੀ ਘਟਨਾ ਤੋਂ ਬਾਅਦ ਵੀ ਕੁੱਤਾ ਪ੍ਰੇਮੀ ਜਿਨਾਂ ਨੂੰ ਅੰਗਰੇਜ਼ੀ ਦੇ ਵਿੱਚ ਡੋਗ ਲਵਰ ਕਹਿੰਦੇ ਨੇ ਉਹ ਚੁੱਪ ਹਨ। ਪਤਾ ਨਹੀਂ ਉਹ ਕਿੰਨੇ ਲੋਕਾਂ ਦੀਆਂ ਜਾਨਾਂ ਲੈ ਕੇ ਆਪਣੀ ਜੁਬਾਨ ਖੋਲਣਗੇ। ਬੇਜੁਬਾਨਾਂ ਦੇ ਨਾਂ ‘ਤੇ ਉਗਰਾਹੀਆਂ ਕਰਨ ਵਾਲੇ ਇਹਨਾਂ ਅਖੌਤੀ ਕੁੱਤਾ ਪ੍ਰੇਮੀਆਂ ਦੇ ਵਿਰੁੱਧ ਆਮ ਅਵਾਮ ਨੂੰ ਝੰਡਾ ਬੁਲੰਦ ਕਰਨਾ ਪੈਣਾ ਹੈ ਤਾਂ ਹੀ ਸਮਾਜ ਨੂੰ ਖੂੰਖਾਰ ਕੁੱਤਿਆਂ ਤੋਂ ਬਚਾਇਆ ਜਾ ਸਕਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।