ਕਾਰਪੋਰੇਟਾਂ ਦੇ ਕਰਜ਼ੇ ਅਤੇ ਟੈਕਸ ਮਾਫ਼, ਪਰ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਅਣਗੌਲੀਆਂ; 20 ਸਤੰਬਰ ਦੀ ਜਲੰਧਰ ਕਾਨਫ਼ਰੰਸ ਵਿੱਚ ਬਰੇਟਾ ਖੇਤਰ ਤੋਂ ਹੋਵੇਗੀ ਵੱਡੀ ਸ਼ਮੂਲੀਅਤ: ਮਜ਼ਦੂਰ ਮੁਕਤੀ ਮੋਰਚਾ

ਚੰਡੀਗੜ੍ਹ ਪੰਜਾਬ


ਬਰੇਟਾ / ਪਿੰਡ ਬਹਾਦਰਪੁਰ 12 ਸਤੰਬਰ ,ਬੋਲੇ ਪੰਜਾਬ ਬਿਊਰੋ;
ਪਿੰਡ ਬਹਾਦਰਪੁਰ ਵਿਖੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਇੱਕ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਕਾਮਰੇਡ ਗੁਰਮੀਤ ਨੰਦਗੜ੍ਹ, ਜ਼ਿਲ੍ਹਾ ਆਗੂ ਭੋਲਾ ਸਿੰਘ ਬਹਾਦਰਪੁਰ, ਪਿੰਡ ਪ੍ਰਧਾਨ ਜਗਤਾਰ ਸਿੰਘ ਅਤੇ ਕੁਕੂ ਸਿੰਘ ਖਾਲਸਾ ਨੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਜਨ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਾਲ 2014-15 ਤੋਂ 2023-24 ਤੱਕ ਸਰਕਾਰ ਵੱਲੋਂ 16,35,379 ਕਰੋੜ ਰੁਪਏ ਦਾ ਐਨ.ਪੀ.ਏ. (NPA) ਅਤੇ 7.40 ਲੱਖ ਕਰੋੜ ਰੁਪਏ ਦੀ ਕਾਰਪੋਰੇਟ ਟੈਕਸ ਛੋਟ ਦਿੱਤੀ ਗਈ—ਯਾਨੀ ਕੁੱਲ 23,75,379 ਕਰੋੜ ਰੁਪਏ ਵੱਡੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਏ ਗਏ। ਦੂਜੇ ਪਾਸੇ, ਦੇਸ਼ ਦਾ ਅੰਨਦਾਤਾ ਕਿਸਾਨ ਅਤੇ ਦਿਹਾੜੀਦਾਰ ਮਜ਼ਦੂਰ ਮਾਤਰ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਪਿਸ ਰਿਹਾ ਹੈ, ਪਰ ਉਨ੍ਹਾਂ ਦਾ ਕਰਜ਼ਾ ਮਾਫ਼ ਕਰਨ ਲਈ ਸਰਕਾਰ ਕੋਲ ਕੋਈ ਨੀਤੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਾਰਪੋਰੇਟਾਂ ਦੀ ਦੌਲਤ ਸਾਊਦੀ ਅਰਬ ਵਰਗੇ ਦੇਸ਼ਾਂ ਦੀ ਕੁੱਲ ਜੀ.ਡੀ.ਪੀ. (GDP) ਤੋਂ ਵੀ ਵੱਧ ਚੁੱਕੀ ਹੈ, ਜਦਕਿ ਮੱਧ ਵਰਗ ਦੀ ਆਰਥਿਕ ਹਾਲਤ ਇਹ ਹੈ ਕਿ ਸੋਨਾ ਗਿਰਵੀ ਰੱਖ ਕੇ ਲਏ ਕਰਜ਼ੇ 2023 ਵਿੱਚ 7.46 ਲੱਖ ਕਰੋੜ ਤੋਂ ਵਧ ਕੇ 2026 ਵਿੱਚ 18.6 ਲੱਖ ਕਰੋੜ ਰੁਪਏ ਹੋ ਗਏ ਹਨ।
ਆਗੂਆਂ ਨੇ ਦੋਸ਼ ਲਾਇਆ ਕਿ ਦੇਸ਼ ਵਿੱਚ ਸੰਵਿਧਾਨਕ ਸੰਸਥਾਵਾਂ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਭੁੱਲ ਕੇ ਸੱਤਾ ਦੀ ਵਫ਼ਾਦਾਰੀ ਕਰ ਰਹੀਆਂ ਹਨ। ਨਵੇਂ ਕਾਨੂੰਨਾਂ ਜ਼ਰੀਏ ਦੇਸ਼ ਦੇ ਸੰਘੀ ਢਾਂਚੇ ‘ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਰਾਜਾਂ ਦੇ ਨਾਲ-ਨਾਲ ਆਦਿਵਾਸੀਆਂ ਦੇ ਹੱਕ ਖੋਹੇ ਜਾ ਰਹੇ ਹਨ। ਲੋਕਤੰਤਰ ਦਾ ਘਾਣ ਕਰਦਿਆਂ ਜਮਹੂਰੀ ਆਵਾਜ਼ਾਂ ਨੂੰ ਪੁਲਿਸ ਅਤੇ ਸਾਦੇ ਕੱਪੜਿਆਂ ਵਾਲੇ ਗੁੰਡਿਆਂ ਰਾਹੀਂ ਦਬਾਇਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਬਿਨਾਂ ਮੁਕੱਦਮੇ ਦੇ ਸਾਲਾਂ ਬੱਧੀ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।
ਦੇਸ਼ ਵਿੱਚ ਵਧ ਰਹੀ ਬੇਲਗਾਮ ਮਹਿੰਗਾਈ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਿਰਤੀ ਲੋਕ ਆਪਣੀ ਆਮਦਨ ਦਾ ਵੱਡਾ ਹਿੱਸਾ ਬੁਨਿਆਦੀ ਲੋੜਾਂ ਉੱਤੇ ਹੀ ਖਰਚ ਕਰਦੇ ਹਨ। ਮਹਿੰਗਾਈ ਵਿੱਚ ਹੋਇਆ ਹਰ ਇੱਕ ਫੀਸਦੀ ਵਾਧਾ ਲੱਖਾਂ-ਕਰੋੜਾਂ ਪਰਿਵਾਰਾਂ ਦਾ ਬਜਟ ਵਿਗਾੜ ਦਿੰਦਾ ਹੈ। ਖੰਡ, ਚਾਹ, ਤੇਲ, ਸਬਜ਼ੀਆਂ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ ਅਤੇ ਘਰਾਂ ਵਿੱਚ ਬਹੁਤ ਜ਼ਰੂਰੀ ਵਸਤਾਂ ਲਈ ਵੀ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ।
ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇਸ਼ ਵਿੱਚ ਜ਼ਮੀਨ, ਜਮਹੂਰੀਅਤ ਅਤੇ ਆਜ਼ਾਦੀ ਮੁੜ ਗੰਭੀਰ ਖਤਰੇ ਵਿੱਚ ਹੈ। ਇਸ ਸਥਿਤੀ ਦਾ ਸਾਹਮਣਾ ਕਰਨ ਲਈ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਨਾ ਪਵੇਗਾ।
ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ 20 ਸਤੰਬਰ ਨੂੰ ਜਲੰਧਰ ਵਿਖੇ ਹੋਣ ਵਾਲੀ ‘ਮਜ਼ਦੂਰ ਕਿਸਾਨ ਏਕਤਾ ਕਾਨਫ਼ਰੰਸ’ ਵਿੱਚ ਬਰੇਟਾ ਏਰੀਏ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।