ਚੰਡੀਗੜ੍ਹ 13 ਸਤੰਬਰ,ਬੋਲੇ ਪੰਜਾਬ ਬਿਊਰੋ;
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਕਾਦਮਿਕ ਕੌਂਸਲ ਵੱਲੋਂ ਐੱਮ.ਏ. ਇਤਿਹਾਸ ਦੇ ਸਿਲੇਬਸ ਵਿੱਚੋਂ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਹਟਾਉਣ ਦਾ ਲਿਆ ਗਿਆ ਫੈਸਲਾ ਬੇਹੱਦ ਮੰਦਭਾਗਾ, ਚਿੰਤਾਜਨਕ ਅਤੇ ਪੰਜਾਬ ਦੇ ਮਹਾਨ ਵਿਰਸੇ ਉੱਤੇ ਸਿੱਧਾ ਹਮਲਾ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਦੀ ਵਿਰਾਸਤ ਅਤੇ ਇਤਿਹਾਸ ਨੂੰ ਮਿਟਾਉਣ ਦੀ ਇੱਕ ਡੂੰਘੀ ਸਾਜ਼ਿਸ਼ ਕਰਾਰ ਦਿੱਤਾ ਹੈ।ਕੇਂਦਰ ਵਿੱਚ ਰਹੀਆਂ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਅਧਿਕਾਰਾਂ ਅਤੇ ਹੱਕਾਂ ’ਤੇ ਡਾਕੇ ਮਾਰੇ ਹਨ। ਪਹਿਲਾਂ ਕੇਂਦਰ ਵਿੱਚ ਸੱਤਾਧਾਰੀ ਕਾਂਗਰਸੀ ਹਾਕਮਾਂ ਨੇ ਸਾਡੀ ਰਾਜਧਾਨੀ ਚੰਡੀਗੜ੍ਹ ਖੋਹ ਕੇ ਉੱਥੋਂ ਪੰਜਾਬੀ ਜ਼ਬਾਨ ਦਾ ਖ਼ਾਤਮਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਭਾਜਪਾਈ ਹਾਕਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਰੂਪ ਅਤੇ ਹੋਂਦ ਨੂੰ ਖੋਹ ਕੇ ਸਾਡਾ ਇਤਿਹਾਸ ਮਿਟਾਉਣ ’ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਫੈਸਲਿਆਂ ਨੂੰ ਅਜੇ ਵੀ ਨਾ ਰੋਕਿਆ ਗਿਆ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੇ ਹੱਕਾਂ ਦਾ ਕੀ ਹਸ਼ਰ ਹੋਵੇਗਾ, ਇਸ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਪੰਜਾਬ ਯੂਨੀਵਰਸਿਟੀ ਵਰਗੀ ਇਤਿਹਾਸਕ ਸੰਸਥਾ ਵਿੱਚੋਂ ਪੰਜਾਬ ਅਤੇ ਸਿੱਖਾਂ ਦੇ ਲਾਸਾਨੀ ਇਤਿਹਾਸ ਨੂੰ ਗਾਇਬ ਕਰਨਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲੋਂ ਤੋੜਨ ਦੀ ਕੋਸ਼ਿਸ਼ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ ਅਤੇ ਵਿਕਾਸ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਰਿਹਾ ਹੈ ਪਰ ਅੱਜ ਇਸ ਸੰਸਥਾ ਨੂੰ ਪੰਜਾਬ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕਦਮ ਚੁੱਕੇ ਜਾ ਰਹੇ ਹਨ।ਪੀਰ ਮੁਹੰਮਦ ਨੇ ਕਿਹਾ ਕਿ ਪਾਰਟੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਫੈਸਲੇ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਦੇਸ਼-ਵਿਦੇਸ਼ ਵਿੱਚ ਵੱਸਦੇ ਹਰ ਸੱਚੇ ਪੰਜਾਬੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਮਾਂ-ਬੋਲੀ, ਇਤਿਹਾਸ ਅਤੇ ਹੱਕਾਂ ਦੀ ਰਾਖੀ ਲਈ ਇਸ ਅਨਿਆਂਪੂਰਨ ਫੈਸਲੇ ਵਿਰੁੱਧ ਇੱਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ। ਉਨ੍ਹਾਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਐੱਮ.ਏ. ਇਤਿਹਾਸ ਦੇ ਸਿਲੇਬਸ ਵਿੱਚ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਪਹਿਲਾਂ ਵਾਂਗ ਬਹਾਲ ਕੀਤਾ ਜਾਵੇ, ਨਹੀਂ ਤਾਂ ਇਸ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।












