ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ’ਤੇ ਲਿਖੀ ਕਿਤਾਬ ਦਿੱਲੀ ’ਚ ਰਿਲੀਜ਼, ਜਗਜੀਤ ਸਿੰਘ ਦਰਦੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 14 ਸਤੰਬਰ,ਬੋਲੇ ਪੰਜਾਬ ਬਿਉਰੋ (ਮਨਪ੍ਰੀਤ ਸਿੰਘ ਖਾਲਸਾ):-

ਦਿੱਲੀ ਦੇ ਨਰਾਇਨਾ ਵਿਹਾਰ ਕਲੱਬ ਵਿਖੇ ਅੱਜ ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ਅਤੇ ਸਿੱਖ ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਮਰਪਿਤ ਕਿਤਾਬ ਰਿਲੀਜ਼ ਕੀਤੀ ਗਈ। ਸਰਦਾਰ ਕੁਲਦੀਪ ਸਿੰਘ ਬੱਗਾ ਸਿਮਕੋ ਹੇਅਰ ਫਿਕਸੋ ਦੇ ਮਾਲਕ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਜਗਜੀਤ ਸਿੰਘ ਦਰਦੀ ਨੇ ਸ਼ਿਰਕਤ ਕੀਤੀ, ਜਦਕਿ ਵੱਖ-ਵੱਖ ਬੁਲਾਰਿਆਂ ਨੇ ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ, ਸੰਘਰਸ਼, ਸੇਵਾ-ਭਾਵਨਾ ਅਤੇ ਸਮਾਜ ਨਾਲ ਉਨ੍ਹਾਂ ਦੇ ਗੂੜ੍ਹੇ ਸਬੰਧਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਿਤਾਬ ਦੀ ਭੂਮਿਕਾ ਵਿੱਚ ਉਨ੍ਹਾਂ ਨੂੰ ਅਜਿਹੀ ਸ਼ਖ਼ਸੀਅਤ ਵਜੋਂ ਦਰਸਾਇਆ ਗਿਆ ਹੈ, ਜਿਸ ਨੇ ਆਪਣੀ ਜ਼ਿੰਦਗੀ ਨੂੰ ਸਿਰਫ਼ ਨਿੱਜੀ ਉਪਲਬਧੀਆਂ ਤੱਕ ਸੀਮਤ ਨਾ ਰੱਖਦਿਆਂ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਬਣਾਉਣ ਨੂੰ ਤਰਜੀਹ ਦਿੱਤੀ।
ਕਿਤਾਬ ਵਿੱਚ ਦਰਜ ਵੇਰਵਿਆਂ ਅਨੁਸਾਰ ਸਰਦਾਰ ਕੁਲਦੀਪ ਸਿੰਘ ਬੱਗਾ ਦਾ ਜੀਵਨ 1947 ਦੀ ਵੰਡ ਦੇ ਦਰਦ ਅਤੇ ਉਸ ਸਮੇਂ ਦੇ ਹਾਲਾਤਾਂ ਨਾਲ ਜੁੜਿਆ ਰਿਹਾ। ਬਚਪਨ ਵਿੱਚ ਉਨ੍ਹਾਂ ਨੇ ਵੰਡ ਕਾਰਨ ਪੈਦਾ ਹੋਏ ਦੁੱਖਾਂ ਨੂੰ ਨੇੜਿਓਂ ਮਹਿਸੂਸ ਕੀਤਾ ਅਤੇ ਆਪਣੇ ਪਰਿਵਾਰ ਦੀਆਂ ਮੁਸ਼ਕਲਾਂ ਦੇ ਬਾਵਜੂਦ ਹਿੰਮਤ ਨਹੀਂ ਹਾਰੀ। ਉਨ੍ਹਾਂ ਨੇ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਮਿਹਨਤ ਕੀਤੀ ਅਤੇ ਜੀਵਨ ਵਿੱਚ ਆਉਂਦੀਆਂ ਔਕੜਾਂ ਨੂੰ ਆਪਣੀ ਮੰਜ਼ਿਲ ਦੇ ਰਾਹ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ। ਕਿਤਾਬ ਵਿੱਚ ਉਨ੍ਹਾਂ ਦੀ ਸਖ਼ਸ਼ੀਅਤ ਨੂੰ ਪਰਿਵਾਰਕ ਜ਼ਿੰਮੇਵਾਰੀਆਂ, ਸਮਾਜਿਕ ਸਰੋਕਾਰਾਂ ਅਤੇ ਸਿੱਖੀ ਨਾਲ ਜੁੜੀ ਸੋਚ ਦਾ ਸੁਮੇਲ ਦੱਸਿਆ ਗਿਆ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਕੇਂਦਰ ਇਹ ਰਿਹਾ ਕਿ ਸਫ਼ਲਤਾ ਦਾ ਅਰਥ ਸਿਰਫ਼ ਆਪਣੇ ਲਈ ਕੁਝ ਹਾਸਲ ਕਰਨਾ ਨਹੀਂ, ਸਗੋਂ ਆਪਣੇ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਕੁਝ ਛੱਡ ਕੇ ਜਾਣਾ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸਰਦਾਰ ਕੁਲਦੀਪ ਸਿੰਘ ਬੱਗਾ ਦਾ ਜੀਵਨ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਦੀ ਸਾਦਗੀ, ਮਿਹਨਤ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਅਤੇ ਸਿੱਖ ਸਮਾਜ ਨਾਲ ਜੁੜੇ ਰਹਿਣ ਦੀ ਭਾਵਨਾ ਨੂੰ ਉਨ੍ਹਾਂ ਦੀ ਸਖ਼ਸ਼ੀਅਤ ਦੀਆਂ ਵਿਸ਼ੇਸ਼ਤਾਵਾਂ ਵਜੋਂ ਉਜਾਗਰ ਕੀਤਾ ਗਿਆ। ਇਸ ਮੌਕੇ ਡਾ ਹਰਜਿੰਦਰ ਸਿੰਘ ਅਤੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਕੁਲਮੋਹਨ ਸਿੰਘ ਨੇ ਵੀਡੀਓ ਸੁਨੇਹੇ ਰਾਹੀਂ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਜੀਵਨ ਨੂੰ ਕਿਤਾਬ ਦੇ ਰੂਪ ਵਿੱਚ ਸੰਭਾਲਣਾ ਸਿਰਫ਼ ਯਾਦਾਂ ਨੂੰ ਸਾਂਭਣਾ ਨਹੀਂ, ਬਲਕਿ ਆਉਣ ਵਾਲੀ ਪੀੜ੍ਹੀ ਤੱਕ ਉਸ ਦੇ ਤਜਰਬਿਆਂ, ਸੰਘਰਸ਼ ਅਤੇ ਵਿਚਾਰਾਂ ਨੂੰ ਪਹੁੰਚਾਉਣਾ ਵੀ ਹੈ। ਇਸੇ ਮਕਸਦ ਨਾਲ ਸਰਦਾਰ ਕੁਲਦੀਪ ਸਿੰਘ ਬੱਗਾ ਦੇ ਜੀਵਨ ਨਾਲ ਸਬੰਧਤ ਇਹ ਪੁਸਤਕ ਪਾਠਕਾਂ ਦੇ ਹਵਾਲੇ ਕੀਤੀ ਗਈ। ਇਸ ਮੌਕੇ ਡਾ ਦਵਿੰਦਰ ਸਿੰਘ, ਸ੍ਰੀ ਕਪਿਲ ਚੋਪੜਾ, ਡਾ ਵਨੀਤਾ, ਦਿੱਲੀ ਕਮੇਟੀ ਮੈਂਬਰ ਸਰਦਾਰ ਪਰਮਜੀਤ ਸਿੰਘ ਖੁਰਾਣਾ ਸਮੇਤ ਵਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜਿਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।