FIR ਦਰਜ ਹੋਣ ਦੇ ਇੱਕ ਮਹੀਨੇ ਬਾਅਦ ਵੀ ਪੁਲਿਸ ਨੇ ਨਹੀਂ ਕੀਤੀ ਗ੍ਰਿਫ਼ਤਾਰੀ
ਸਰਕਾਰੀ ਪ੍ਰੋਗਰਾਮਾਂ ਵਿੱਚ ਆਪ ਵਿਧਾਇਕ ਨਾਲ ਸ਼ਰੇਆਮ ਘੁੰਮ ਰਹੇ ਹਨ ਇਰਾਦਾ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਵਿਅਕਤੀ
ਪਟਿਆਲਾ 16 ਸਤੰਬਰ ,ਬੋਲੇ ਪੰਜਾਬ ਬਿਊਰੋ:
ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਮੀਤ ਪ੍ਰਧਾਨ ਗੁਰਸੇਵਕ ਅੰਟਾਲ ਅਤੇ ਪੀੜਤ ਗੁਲਜ਼ਾਰ ਸਿੰਘ, ਵਾਸੀ ਪਿੰਡ ਮੰਡੋਲੀ, ਹਲਕਾ ਘਨੌਰ, ਜ਼ਿਲ੍ਹਾ ਪਟਿਆਲਾ ਵੱਲੋਂ ਆਪ ਵਿਧਾਇਕ ਗੁਰਲਾਲ ਘਨੌਰ ’ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਮਲਜੀਤ ਸਿੰਘ, ਜੋ ਕਿ ਬਾਣੇਧਾਰੀ ਗੁਰਸਿੱਖ ਨੌਜਵਾਨ ਹੈ, ਨਾਲ ਪਿੰਡ ਮੰਡੋਲੀ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੈਬ ਸਿੰਘ, ਯਾਦਵਿੰਦਰ ਸਿੰਘ, ਜੋਤੀ, ਅੰਗਰੇਜ਼ ਸਿੰਘ ਅਤੇ ਹੋਰ 10 ਤੋਂ 15 ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ।

ਪੀੜਤ ਪਰਿਵਾਰ ਦੇ ਦੋਸ਼ਾਂ ਅਨੁਸਾਰ, ਇਸ ਦੌਰਾਨ ਗੋਲੀ ਚਲਾ ਕੇ ਕਮਲਜੀਤ ਸਿੰਘ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇੱਕ ਗੋਲੀ ਉਸ ਦੇ ਪੇਟ ਵਿੱਚ ਲੱਗੀ। ਮੌਕੇ ’ਤੇ ਜਦੋਂ ਕਮਲਜੀਤ ਸਿੰਘ ਦੀ ਪਤਨੀ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨਾਲ ਵੀ ਕਥਿਤ ਤੌਰ ’ਤੇ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ।
ਪੀੜਤ ਪਰਿਵਾਰ ਵੱਲੋਂ ਇਹ ਵੀ ਇਲਜ਼ਾਮ ਲਗਾਇਆ ਗਿਆ ਕਿ ਘਟਨਾ ਦੌਰਾਨ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ।
ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਾਰਿਸ ਪੰਜਾਬ ਦੇ ਪਾਰਟੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਕ ਹੈ ਅਤੇ ਉਹ ਹਲਕਾ ਘਨੌਰ ਵਿੱਚ ਪਾਰਟੀ ਦੇ ਪੋਸਟਰ ਲਗਾਉਂਦਾ ਸੀ। ਉਨ੍ਹਾਂ ਦੇ ਦੋਸ਼ਾਂ ਅਨੁਸਾਰ, ਇਸ ਕਾਰਨ ਪਹਿਲਾਂ ਵੀ ਵਿਧਾਇਕ ਦੇ ਸਮਰਥਕਾਂ ਵੱਲੋਂ ਕਮਲਜੀਤ ਸਿੰਘ ਨੂੰ ਪੋਸਟਰ ਲਗਾਉਣ ਤੋਂ ਰੋਕਿਆ ਗਿਆ ਅਤੇ ਧਮਕੀਆਂ ਦਿੱਤੀਆਂ ਗਈਆਂ ।












