ਮਹਿੰਗਾਈ ਦੀ ਮਾਰ ਹੇਠ ਲੋੜਵੰਦ ਪਰਿਵਾਰਾਂ ਲਈ ਨੈਸ਼ਨਲ ਅਕਾਲੀ ਦਲ ਬਣਿਆ ਸਹਾਰਾ, ਤਿਲਕ ਨਗਰ ਦੇ ਸੰਤ ਨਗਰ ’ਚ ਰਾਸ਼ਨ, ਸਬਜ਼ੀਆਂ, ਖੰਡ ਤੇ ਹੋਰ ਜ਼ਰੂਰੀ ਸਮਾਨ ਵੰਡਿਆ

ਨੈਸ਼ਨਲ ਪੰਜਾਬ

ਪਰਮਜੀਤ ਸਿੰਘ ਪੰਮਾ ਤੇ ਰਸ਼ਮੀਤ ਕੌਰ ਬਿੰਦਰਾ ਵੱਲੋਂ ਸਮਾਜ ਨੂੰ ਸੇਵਾ ਲਈ ਅੱਗੇ ਆਉਣ ਦੀ ਅਪੀਲ

ਨਵੀਂ ਦਿੱਲੀ, 20 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):-

ਮਹਿੰਗਾਈ ਦੇ ਲਗਾਤਾਰ ਵੱਧ ਰਹੇ ਬੋਝ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਨੈਸ਼ਨਲ ਅਕਾਲੀ ਦਲ ਵੱਲੋਂ ਸੇਵਾ ਦਾ ਉਪਰਾਲਾ ਕੀਤਾ ਗਿਆ। ਪੱਛਮੀ ਦਿੱਲੀ ਦੇ ਤਿਲਕ ਨਗਰ ਸਥਿਤ ਸੰਤ ਨਗਰ ਵਿਖੇ ਨੈਸ਼ਨਲ ਅਕਾਲੀ ਦਲ ਦੀ ਸੋਸ਼ਲ ਵਿੰਗ ਦੀ ਕੌਮੀ ਪ੍ਰਧਾਨ ਰਸ਼ਮੀਤ ਕੌਰ ਬਿੰਦਰਾ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਲੋੜਵੰਦ ਪਰਿਵਾਰਾਂ ਅਤੇ ਬੱਚਿਆਂ ਨੂੰ ਰਾਸ਼ਨ, ਸਬਜ਼ੀਆਂ, ਖੰਡ ਸਮੇਤ ਰੋਜ਼ਾਨਾ ਵਰਤੋਂ ਦੀਆਂ ਹੋਰ ਜ਼ਰੂਰੀ ਵਸਤਾਂ ਵੰਡੀਆਂ ਗਈਆਂ। ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਨੈਸ਼ਨਲ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਆਮ ਪਰਿਵਾਰਾਂ ਦੇ ਘਰੇਲੂ ਬਜਟ ’ਤੇ ਭਾਰੀ ਬੋਝ ਪਾਇਆ ਹੈ। ਸੀਮਤ ਆਮਦਨ ਵਾਲੇ ਪਰਿਵਾਰਾਂ ਲਈ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਰੋਜ਼ਾਨਾ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਪਰਮਜੀਤ ਸਿੰਘ ਪੰਮਾ ਅਤੇ ਰਸ਼ਮੀਤ ਕੌਰ ਬਿੰਦਰਾ ਨੇ ਕਿਹਾ ਕਿ ਸਮਾਜ ਸੇਵਾ ਸਿਰਫ਼ ਬਿਆਨਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਲੋੜਵੰਦ ਪਰਿਵਾਰਾਂ ਤੱਕ ਮਦਦ ਪਹੁੰਚਾਉਣਾ ਹੀ ਮਨੁੱਖਤਾ ਦੀ ਅਸਲ ਸੇਵਾ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਅਕਾਲੀ ਦਲ ਆਮ ਲੋਕਾਂ ਦੇ ਮੁੱਦੇ ਉਠਾਉਣ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਲਈ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦਾ ਸਭ ਤੋਂ ਵੱਧ ਅਸਰ ਘੱਟ ਆਮਦਨ ਵਾਲੇ ਪਰਿਵਾਰਾਂ ’ਤੇ ਪੈਂਦਾ ਹੈ। ਖਾਸ ਕਰਕੇ ਬੱਚਿਆਂ ਵਾਲੇ ਪਰਿਵਾਰਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਸੇਵਾ ਪ੍ਰੋਗਰਾਮ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਨੈਸ਼ਨਲ ਅਕਾਲੀ ਦਲ ਦੀ ਸੋਸ਼ਲ ਵਿੰਗ ਵੱਲੋਂ ਭਵਿੱਖ ਵਿਚ ਵੀ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।ਸਹਾਇਤਾ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਪਰਮਜੀਤ ਸਿੰਘ ਪੰਮਾ ਅਤੇ ਰਸ਼ਮੀਤ ਕੌਰ ਬਿੰਦਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਰਥਿਕ ਮੁਸ਼ਕਲਾਂ ਦੇ ਸਮੇਂ ਮਿਲੀ ਇਹ ਸਹਾਇਤਾ ਉਨ੍ਹਾਂ ਲਈ ਵੱਡਾ ਸਹਾਰਾ ਹੈ। ਇਸ ਮੌਕੇ ਪੰਮਾ ਅਤੇ ਬਿੰਦਰਾ ਨੇ ਸਮਾਜ ਦੇ ਸਮਰੱਥ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਰਹਿੰਦੇ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਆਪਣੀ ਸਮਰੱਥਾ ਅਨੁਸਾਰ ਉਨ੍ਹਾਂ ਦੀ ਮਦਦ ਕਰਨ, ਤਾਂ ਜੋ ਕੋਈ ਵੀ ਪਰਿਵਾਰ ਆਰਥਿਕ ਤੰਗੀ ਕਾਰਨ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝਾ ਨਾ ਰਹੇ। ਇਸ ਮੌਕੇ ਵਰੁਣ ਤਲਵਾਰ, ਵਰਿੰਦਰ ਆਰੀਆ, ਸੁਨੀਤਾ ਅਰੋੜਾ, ਰਿਧਮ ਚੱਢਾ ਸਮੇਤ ਕਈ ਹੋਰ ਸਮਾਜਿਕ ਮੈਂਬਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।