ਚੰਡੀਗੜ੍ਹ, 24 ਸਤੰਬਰ ,ਬੋਲੇ ਪੰਜਾਬ ਬਿਊਰੋ;
ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਬਾਹਰ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਵਿੱਚ ED ਦੀ ਰੇਡ ਖ਼ਤਮ ਹੋ ਗਈ ਹੈ। ਲਗਭਗ 48 ਘੰਟਿਆਂ ਬਾਅਦ ਟੀਮਾਂ ਗੱਡੀਆਂ ਵਿੱਚ ਸਵਾਰ ਹੋ ਕੇ ਮੋਹਾਲੀ ਸਥਿਤ GMADA ਦਫਤਰ ਤੋਂ ਨਿਕਲ ਗਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਟੀਮਾਂ ਆਪਣੇ ਨਾਲ ਕਈ ਕਾਗਜ਼ਾਤ ਲੈ ਗਈਆਂ ਹਨ। ਹਾਲਾਂਕਿ, ਇਸ ਰੇਡ ਵਿੱਚ ਹੁਣ ਤੱਕ ਟੀਮ ਨੂੰ ਕੀ-ਕੀ ਮਿਲਿਆ, ਉਸ ਬਾਰੇ ED ਅਧਿਕਾਰੀਆਂ ਵੱਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦੱਸ ਦਈਏ ਕਿ ED ਨੇ ਮੰਗਲਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਟਿਕਾਣਿਆਂ ‘ਤੇ ਛਾਪਾ ਮਾਰਿਆ ਸੀ। ਉਦੋਂ ਤੋਂ ਟੀਮ ਦੀ ਕਾਰਵਾਈ ਜਾਰੀ ਸੀ। ਪੰਜਾਬ ਵਿੱਚ 2 ਦਿਨ ਚੱਲੀ ED ਦੀ ਰੇਡ ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਵਲੋਂ ਅੱਜ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। AAP ਦੇ ਵਰਕਰ ਵੀਰਵਾਰ ਸਵੇਰੇ ਮੋਹਾਲੀ ਸਥਿਤ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰ ਬਾਹਰ ਪਹੁੰਚ ਗਏ। ਇਸ ਦੌਰਾਨ AAP ਵਰਕਰ ਪੁਲਿਸ ਦਾ ਬੈਰੀਕੇਡ ਤੋੜ ਕੇ ਗਮਾਡਾ ਕੈਂਪਸ ਵਿੱਚ ਵੜ ਗਏ। ਇਸ ਦੌਰਾਨ ਪੁਲਿਸ ਨਾਲ ਧੱਕਾਮੁੱਕੀ ਵੀ ਹੋਈ।
ਉਨ੍ਹਾਂ ਨੇ ਗਮਾਡਾ ਦਫ਼ਤਰ ਵਿੱਚ ਵੜ ਕੇ ED ਟੀਮ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਆਏ CRPF ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਗੁੱਸੇ ਵਿੱਚ ਆਏ AAP ਵਰਕਰਾਂ ਵੱਲੋਂ ED ਟੀਮ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ।











