ਲੇਖਕ ਸਭਾ ਦਾ ਕੌਣ ਬਣੇਗਾ ਪ੍ਰਧਾਨ?
ਕੁਝ ਸਮਾਂ ਪਹਿਲਾਂ ਟੀਵੀ ’ਤੇ ਇੱਕ ਸੀਰੀਅਲ ਆਇਆ ਕਰਦਾ ਸੀ—‘ਕੌਣ ਬਣੇਗਾ ਕਰੋੜਪਤੀ?’ ਇਸ ਨੂੰ ਹਿੰਦੀ ਫ਼ਿਲਮਾਂ ਦੇ ਅਭਿਨੇਤਾ ਅਮਿਤਾਭ ਬੱਚਨ ਚਲਾਇਆ ਕਰਦੇ ਸਨ। ਇਸ ਵਿੱਚ ਸਵਾਲ ਪੁੱਛਿਆ ਜਾਂਦਾ ਸੀ ਅਤੇ ਹਰ ਸਵਾਲ ਦੀ ਇੱਕ ਕੀਮਤ ਹੁੰਦੀ ਸੀ। ਸਵਾਲਾਂ ਦੇ ਜਵਾਬ ਦੇਣ ਲਈ ਮੁਕਾਬਲੇਬਾਜ਼ਾਂ ਨੂੰ ਬਹੁਤ ਤਿਆਰੀ ਕਰਨੀ ਪੈਂਦੀ ਸੀ। ਮੁਕਾਬਲਾ ਸਖ਼ਤ ਵੀ ਹੁੰਦਾ ਸੀ ਤੇ ਦਿਲਚਸਪ ਵੀ। ਦਰਸ਼ਕ ਵੀ ਇਸ ਵਿੱਚ ਆਪਣੀ ਦਿਲਚਸਪੀ ਅਨੁਸਾਰ ਹਿੱਸਾ ਲੈਂਦੇ ਸਨ। ਖ਼ੈਰ, ਇਹ ਮੁਕਾਬਲਾ ਕਾਫ਼ੀ ਦੇਰ ਚੱਲਦਾ ਰਿਹਾ।
ਹੁਣ ਪੰਜਾਬ ਵਿੱਚ ਵੀ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਉਣ ਵਾਲੇ ਸਮੇਂ ਵਿੱਚ ਹੋਣੀਆਂ ਹਨ। ਉਧਰ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਦੀਆਂ ਚੋਣਾਂ ਵੀ ਹੋ ਰਹੀਆਂ ਹਨ। ਇੱਕ ਸਭਾ ਦੀ ਅੱਜ ਚੋਣ ਹੈ ਤੇ ਦੂਜੀ ਦੀ ਅਗਲੇ ਮਹੀਨੇ।
ਹੁਣ ਕਿਆਸਅਰਾਈਆਂ ਲੱਗ ਰਹੀਆਂ ਹਨ—ਕੌਣ ਬਣੇਗਾ ਪ੍ਰਧਾਨ?
ਭਾਵੇਂ ਪਿਛਲੇ ਸਮਿਆਂ ਤੋਂ ਇਨ੍ਹਾਂ ਦੀਆਂ ਚੋਣਾਂ ਵੀ ਕਈ ਵਾਰ ਮੈਚ ਫਿਕਸਿੰਗ ਵਰਗੀਆਂ ਲੱਗਦੀਆਂ ਹਨ। ਜਿਹੜਾ ਇੱਕ ਵਾਰ ਕਿਸੇ ਅਹੁਦੇ ’ਤੇ ਕਾਬਜ਼ ਹੋ ਗਿਆ, ਉਹ ਅਹੁਦੇ ਨਾਲ ਇਸ ਤਰ੍ਹਾਂ ਚਿੰਬੜ ਜਾਂਦਾ ਹੈ ਜਿਵੇਂ ਸਿਆਸੀ ਪਾਰਟੀਆਂ ਸੱਤਾ ਨਾਲ। ਫਿਰ ਅਹੁਦਾ ਛੱਡਣ ਦੀ ਥਾਂ ਜੋੜ-ਤੋੜ ਕਰਕੇ ਮੁੜ ਆਪਣੀ ਥਾਂ ਪੱਕੀ ਕਰਨ ਦੇ ਯਤਨ ਹੁੰਦੇ ਰਹਿੰਦੇ ਹਨ।
ਇਨ੍ਹਾਂ ਸਭਾਵਾਂ ਦੀ ਪੰਜਾਬੀ ਸਾਹਿਤ ਨੂੰ ਵੱਡੀ ਦੇਣ ਹੈ। ਉਹ ਦੇਣ ਕੀ ਹੈ, ਇਹ ਤਾਂ ਪਤਾ ਨਹੀਂ! ਪਰ ਇਹ ਪੂਰੀ ਤਰ੍ਹਾਂ ਸਰਗਰਮ ਹਨ। ਇਨ੍ਹਾਂ ਦੀਆਂ ਸਰਗਰਮੀਆਂ ਸਾਰਾ ਸਾਲ ਚੱਲਦੀਆਂ ਰਹਿੰਦੀਆਂ ਹਨ। ਕਿਤੇ ਕਿਤਾਬ ਲੋਕ ਅਰਪਣ, ਕਿਤੇ ਸੈਮੀਨਾਰ ਤੇ ਕਿਤੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ।
ਖ਼ੈਰ, ਪਾਠਕਾਂ ਨੂੰ ਪ੍ਰਭਾਵਿਤ ਕਰਨ ਲਈ ਜਿਵੇਂ ਲੇਖਕ ਆਪਣੀ ਲਿਖਤ ਵਿੱਚ ਮਸਾਲਾ ਪਾਉਂਦਾ ਹੈ, ਉਸੇ ਤਰ੍ਹਾਂ ਇਨ੍ਹਾਂ ਸਭਾਵਾਂ ਨੂੰ ਵੀ ਆਪਣਾ ਪ੍ਰਭਾਵ ਸਿਰਜਣ ਵਾਸਤੇ ਕੋਈ ਨਾ ਕੋਈ ਪਾਪੜ ਵੇਲਣਾ ਪੈਂਦਾ ਹੈ। ਕਿਸ ਨੂੰ ਪੁਰਸਕਾਰ ਦੇਣਾ ਹੈ, ਕਿਸ ਨੂੰ ਦਵਾਉਣਾ ਹੈ, ਇਹ ਵੀ ਸਾਹਿਤਕ ਸਰਗਰਮੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਕਿਉਂਕਿ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਲੇਖਕ ਹੁਣ ਪਾਠਕਾਂ ਲਈ ਘੱਟ ਤੇ ਪੁਰਸਕਾਰਾਂ ਲਈ ਵਧੇਰੇ ਸਰਗਰਮ ਦਿਖਾਈ ਦਿੰਦੇ ਹਨ। ਇੱਕ ਵਾਰ ਕਿਸੇ ਪਾਠਕ ਨੇ ਪੁੱਛਿਆ:
“ਯਾਰ, ਹੁਣ ਕੋਈ ਲੇਖਕ ਨਹੀਂ ਮਿਲਦਾ। ਬਹੁਤੇ ਜੁਗਾੜੀਏ ਬਣ ਗਏ ਹਨ?”
ਮੈਂ ਕਿਹਾ, “ਲੇਖਕ ਤਾਂ ਪੁਰਸਕਾਰਾਂ ਮਗਰ ਦੌੜਿਆ ਫਿਰਦਾ ਹੈ। ਤੂੰ ਕੀ ਲੈਣਾ?”
ਉਹ ਐਨੀ ਜ਼ੋਰ ਦੀ ਹੱਸਿਆ ਕਿ ਸੜਕ ’ਤੇ ਆਵਾਜਾਈ ਹੀ ਠੱਪ ਹੋ ਗਈ। ਟਰੈਫ਼ਿਕ ਪੁਲੀਸ ਭੱਜੀ ਆਈ। ਗੱਲ ਕਿਸੇ ਨੂੰ ਸਮਝ ਨਹੀਂ ਆਈ ਕਿ ਹੋਇਆ ਕੀ ਹੈ!
ਗੱਲ ਤਾਂ ਆਪਾਂ ਚੋਣਾਂ ਦੀ ਕਰਦੇ ਸੀ, ਇਹ ਹਾਸੇ-ਠੱਠੇ ਵਾਲੀ ਗੱਲ ਵਿਚਕਾਰ ਇਉਂ ਆ ਗਈ ਜਿਵੇਂ ਚਾਹ ਵਿੱਚ ਮੱਖੀ ਆ ਡਿੱਗਦੀ ਹੈ। ਹੁਣ ਤੁਸੀਂ ਕਹੋਗੇ ਕਿ ਅੱਖੀਂ ਦੇਖ ਕੇ ਚਾਹ ਨਹੀਂ ਪੀਤੀ ਜਾਂਦੀ। ਪਰ ਚਾਹ ਦੇ ਗਿਲਾਸ ਵਿੱਚ ਡਿੱਗੀ ਮੱਖੀ ਕੱਢ ਕੇ ਚਾਹ ਪੀਣ ਵਾਲਿਆਂ ਦੀ ਗਿਣਤੀ ਹੁਣ ਬਹੁਤ ਵਧ ਗਈ ਹੈ।
ਪਹਿਲਾਂ ਨੈਤਿਕ ਕਦਰਾਂ-ਕੀਮਤਾਂ ਹੁੰਦੀਆਂ ਸਨ। ਹੁਣ ਮੌਕਾ ਦੇਖ ਕੇ ਫ਼ੈਸਲੇ ਬਦਲਦੇ ਜਾਂਦੇ ਹਨ।
ਪਿਛਲੇ ਸਮਿਆਂ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੁਰਸਕਾਰ, ਸਾਹਿਤ ਰਤਨ ਅਤੇ ਸ਼੍ਰੋਮਣੀ ਲੇਖਕ ਪੁਰਸਕਾਰ ਦਿੱਤੇ ਜਾਂਦੇ ਸਨ। ਇਸ ਲਈ ਇੱਕ ਕਮੇਟੀ ਬਣੀ ਹੋਈ ਸੀ। ਜਦੋਂ ਪੁਰਸਕਾਰ ਵੰਡਣੇ ਹੁੰਦੇ ਸਨ ਤਾਂ ਪਹਿਲਾਂ ਹੀ ਆਪੋ-ਆਪਣੇ ਬੰਦਿਆਂ ਵਿੱਚ ਵੰਡ ਕਰ ਲਈ ਜਾਂਦੀ ਅਤੇ ਮੀਟਿੰਗ ਮੌਕੇ ਖ਼ਾਨਾਪੂਰਤੀ ਕੀਤੀ ਜਾਂਦੀ।
ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਲੱਖ ਰੁਪਏ ਦੇ ਇਨਾਮ ਦਾ ਵਿਰੋਧ ਕਰਦੇ ਸਨ, ਉਹੀ ਪੰਜ ਤੇ ਦਸ ਲੱਖ ਰੁਪਏ ਦੇ ਪੁਰਸਕਾਰ ਹਾਸਲ ਕਰ ਗਏ। ਕਿਸੇ ਨੇ ਆਪਣੀ ਪਤਨੀ ਨੂੰ, ਕਿਸੇ ਨੇ ਪਤੀ ਨੂੰ ਤੇ ਕਿਸੇ ਨੇ ਆਪਣੇ ਚਹੇਤੇ-ਚਹੇਤੀ ਨੂੰ ਪੁਰਸਕਾਰ ਦੇਣ ਵਿੱਚ ਵੀ ਕੋਈ ਸੰਗ-ਸ਼ਰਮ ਨਹੀਂ ਕੀਤੀ।
ਜਦੋਂ ਪੰਜਾਬੀ ਸਾਹਿਤ ਦੇ ਨਾਮਵਰ ਨਾਵਲਕਾਰ ਮਿੱਤਰ ਸੈਨ ਮੀਤ ਤੇ ਉਨ੍ਹਾਂ ਦੀ ਟੀਮ ਨੇ ਇਸ ਸਾਰੇ ਮਾਮਲੇ ਦਾ ਚੁਰਾਹੇ ਭਾਂਡਾ ਭੰਨਿਆ ਤਾਂ ਵੀ ਕਿਸੇ ਨੂੰ ਸ਼ਰਮ ਨਹੀਂ ਆਈ। ਜਦੋਂ ਇਹ ਮਾਮਲਾ ਅਦਾਲਤ ਵਿੱਚ ਪੁੱਜਿਆ ਤਾਂ ਮਾਣਯੋਗ ਅਦਾਲਤ ਨੇ ਇਸ ਤਰ੍ਹਾਂ ਦੀ ਵੰਡ ਪ੍ਰਣਾਲੀ ’ਤੇ ਰੋਕ ਲਗਾ ਦਿੱਤੀ।
ਹੁਣ ਕਮੇਟੀ ਮੈਂਬਰ ਲੁਧਿਆਣਾ ਵਿਖੇ ਤਰੀਕਾਂ ਭੁਗਤ ਰਹੇ ਹਨ। ਉਨ੍ਹਾਂ ਦੀਆਂ ਪੌੜੀਆਂ ਚੜ੍ਹਦਿਆਂ ਤੇ ਉਤਰਦਿਆਂ ਦੀ ਹਾਲਤ ਦੇਖ ਕੇ ਹਾਸਾ ਨਿਕਲ ਜਾਂਦਾ ਹੈ—ਜਿਵੇਂ ਪਹਿਲਾਂ ਹਾਸਾ ਨਿਕਲ ਗਿਆ ਸੀ।
ਹੁਣ ਅਗਲੀ ਗੱਲ ਇਹ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪ੍ਰਧਾਨ ਕੌਣ ਬਣੇਗਾ?
ਇਸ ਦਾ ਪ੍ਰਬੰਧ ਮੌਜੂਦਾ ਅਹੁਦੇਦਾਰਾਂ ਨੇ ਪਹਿਲਾਂ ਹੀ ਕਰ ਲਿਆ ਹੈ, ਕਿਉਂਕਿ ਉਨ੍ਹਾਂ ਵੋਟਾਂ ਬਣਾਈਆਂ ਹਨ। ਕਿਸੇ ਸਵਰਗੀ ਸ਼ਾਇਰ ਦੀ ਨੂੰਹ ਤੇ ਕਿਸੇ ਦਾ ਪੁੱਤ ਨੂੰ ਮੈਂਬਰ ਬਣਾਇਆ ਹੈ। ਉਨ੍ਹਾਂ ਨੇ ਪੰਜਾਬੀ ਬੋਲੀ ਦੀ ਕੀ ਸੇਵਾ ਕੀਤੀ ਹੈ, ਇਸ ਨਾਲ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਮੇਰੇ ਵਰਗੇ ਦਾ ਵੋਟ ਸੂਚੀ ਵਿੱਚ ਨਾਮ ਦਰਜ ਹੈ, ਪਰ ਵੋਟ ਨੰਬਰ ਕੋਈ ਨਹੀਂ। ਕਮਾਲ ਦੀ ਗੱਲ ਇਹ ਹੈ ਕਿ ਪ੍ਰਬੰਧਕ ਹੁਣ ਇੱਕ-ਦੂਜੇ ਉੱਤੇ ਗੱਲ ਸੁੱਟ ਰਹੇ ਹਨ।
ਖ਼ੈਰ, ਆਪਾਂ ਕਿਹੜਾ ਚੋਣ ਲੜਨੀ ਹੈ ਤੇ ਨਾ ਵੋਟ ਪਾਉਣੀ ਹੈ। ਪਰ ਮੌਜੂਦਾ ਅਹੁਦੇਦਾਰਾਂ ਦੀ ਇਮਾਨਦਾਰੀ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਹ ਪੰਜਾਬੀ ਸਾਹਿਤ ਪ੍ਰਤੀ ਕਿੰਨੇ ਸਮਰਪਿਤ ਹਨ।
ਹੁਣ ਉਹਨਾਂ ਨੇ ਸੋਧ ਕਰਨ ਲਈ ਭਰੋਸਾ ਦਿਵਾਇਆ ਹੈ। ਭਰੋਸਾ ਤਾਂ ਭਗਵੰਤ ਮਾਨ ਨੇ ਵੀ ਬਹੁਤ ਦਿੱਤਾ ਸੀ ਕਿ ਬਦਲਾਅ ਲਿਆਉਣਾ ਹੈ, ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਪਰ ਪੰਜਾਬ ਕੰਗਲਾ ਹੋ ਗਿਆ ਹੈ।
ਇਹੋ ਹਾਲ ਪੰਜਾਬੀ ਸਾਹਿਤ ਦਾ ਹੋਇਆ ਹੈ। ਲੇਖਕ ਗਰਮੀ ਵਾਂਗ ਵਧਦੇ ਜਾ ਰਹੇ ਹਨ, ਪਾਠਕ ਲੱਭਿਆ ਨਹੀਂ ਲੱਭਦੇ। ਉਂਝ ਪ੍ਰਕਾਸ਼ਕਾਂ ਦੀ ਚਾਂਦੀ ਸੋਨਾ ਬਣ ਗਈ ਹੈ।
ਕਿਉਂਕਿ ਜਿਵੇਂ ਦੁਕਾਨਦਾਰ ਬਿਨਾਂ ਪੈਸੇ ਸੌਦਾ ਨਹੀਂ ਦਿੰਦਾ, ਐਦਾਂ ਹੀ ਪ੍ਰਕਾਸ਼ਕ ਬਗ਼ੈਰ ਰੁਪਏ ਲਿਆਂ ਕਿਤਾਬ ਨਹੀਂ ਛਾਪਦਾ। ਜੇਕਰ ਤੁਹਾਨੂੰ ਕੋਈ ਬਗ਼ੈਰ ਰੁਪਏ ਲਿਆਂ ਕਿਤਾਬ ਛਾਪਣ ਵਾਲਾ ਪ੍ਰਕਾਸ਼ਕ ਪਤਾ ਹੈ ਤਾਂ ਜ਼ਰੂਰ ਦੱਸਿਓ। ਮੈਂ ਵੀ ਆਪਣੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇਣਾ ਹੈ।
ਖ਼ੈਰ, ਉਦੋਂ ਤੱਕ ਤੁਸੀਂ ਵੀ ਸੋਚੋ
ਕੇਂਦਰੀ ਪੰਜਾਬੀ ਲੇਖਕ ਸਭਾ ਦਾ ਕੌਣ ਬਣੇਗਾ ਪ੍ਰਧਾਨ ਤੇ ਜਨਰਲ ਸਕੱਤਰ ਕੌਣ?
ਕਿਤੇ ਇਹ ਵੀ ਨਾ ਹੋਵੇ ਕਿ ਸਵਾਲ ਪੰਜਾਬੀ ਸਾਹਿਤ ਦਾ ਹੋਵੇ, ਪਰ ਜਵਾਬ ਅਹੁਦਿਆਂ ਦਾ ਨਿਕਲ ਆਵੇ!
+++
ਬੁੱਧ ਸਿੰਘ ਨੀਲੋਂ
9464370823












