ਸਰਕਾਰੀ ਤੋਤਿਆਂ ਨੂੰ ਭਾਜਪਾ ਦੇ ਬਾਗ਼ ਕਿਉਂ ਨਹੀਂ ਦਿਖਦੇ?
ਪੰਜਾਬ ਦੇ ਲੋਕਾਂ ਨੂੰ ਸੱਠ ਸਾਲ ਬਾਅਦ ਦੁਨੀਆਂ ਦੀ ਸਭ ਤੋਂ ਇਮਾਨਦਾਰ ਸਰਕਾਰ ਨਸੀਬ ਹੋਈ ਹੈ। ਲੋਕ ਆਥਣ ਸਵੇਰ ਪੰਜਾਬ ਸਰਕਾਰ ਦੀ ਆਰਤੀ ਕਰਦੇ ਹਨ। ਉਹ ਤਾਂ ਐਨੇ ਖ਼ੁਸ਼ ਹਨ, ਕਿ ਪੰਜਾਬ ਦੇ ਲੋਕ ਇਸ ਖੁਸ਼ੀ ਵਿੱਚ ਨਸ਼ੇ ਨਾਲ਼ ਟੁੰਨ ਹੋ ਕੇ ਆਪਣੇ ਹਾਸੇ ਠੱਠੇ ਨੂੰ ਰੋਕਦੇ ਹਨ। ਕਿਉਂਕਿ ਇਮਾਨਦਾਰ ਮੁੱਖ ਮੰਤਰੀ ਦੇ ਚੁਟਕਲੇ ਐਨੇ ਕਰਾਰੇ ਹੁੰਦੇ ਹਨ, ਐਨੇ ਕਰਾਰੇ ਤੇ ਸੁਆਦ ਤਾਂ ਪੰਨਾ ਲਾਲ ਦੇ ਪਕੌੜੇ ਵੀ ਨਹੀਂ ਹੁੰਦੇ। ਪਿੰਡਾਂ ਦੇ ਲੋਕ ਸੱਥਾਂ ਵਿੱਚ ਬਹਿ ਕੇ ਇਸ ਇਮਾਨਦਾਰ ਸਰਕਾਰ ਦੇ ਗੁਣ ਗਾਉਂਦੇ ਹਨ। ਘਰ ਘਰ ਗੱਲਾਂ ਹੁੰਦੀਆਂ ਹਨ। ਬਾਬਾ ਕੀੜੂ ਆਪਣੀਆਂ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਸੂਤ ਕਰਦਾ ਦੱਸਦਾ ਹੈ ਕਿ, ਮੱਲਾ ਉਹਨੇ ਇਹੋ ਜਿਹੀ ਇਮਾਨਦਾਰੀ ਅੰਗਰੇਜ਼ ਹਕੂਮਤ ਵੇਲੇ ਵੀ ਨਹੀਂ ਦੇਖੀ। ਕੋਈ ਕੁੜੀ ਕੱਤਰੀ, ਤਾਂ ਕੀ ਕਿਸੇ ਨੇ ਬੁੜੀਆਂ ਦੇ ਕੰਨਾਂ ਦੀ ਵਾਲੀਆਂ ਨਹੀਂ ਉਤਾਰੀਆਂ। ਉਹੀ ਹਾਲ ਹੁਣ ਐ, ਕਿਧਰੇ ਕੋਈ ਲੁੱਟ ਖੋਹ ਨਹੀਂ ਹੁੰਦੀ।
ਨਸ਼ਾ ਤਾਂ ਹੁਣ ਕੋਈ ਸਹੁੰ ਖਾ ਕੇ ਵੀ ਨਹੀਂ ਦੱਸ ਸਕਦਾ ਕਿ ਕਿਧਰੇ ਭੋਰਾ ਭਰ ਮਿਲ਼ਦਾ ਹੋਵੇ। ਅੰਗਰੇਜ਼ ਹਕੂਮਤ ਵੇਲੇ ਤਾਂ ਲੋਕ ਸ਼ਰੇਆਮ ਗੋਲੀਆਂ, ਚਿੱਟਾ ਵੇਚਦੇ ਸਨ। ਉਦੋਂ ਕਹਾਵਤ ਹੁੰਦੀਆਂ ਸਨ ਕਿ ਜੇ ਕੋਈ ਨਸ਼ਾ ਕਿਸੇ ਵਪਾਰੀ ਤੋਂ ਨਹੀਂ ਮਿਲਦਾ ਤਾਂ ਕਿਸੇ ਥਾਣੇਦਾਰ ਤੋਂ ਖਰੀਦਿਆ ਜਾ ਸਕਦਾ। ਹੁਣ ਤਾਂ ਪੁਲਿਸ ਐਨੀ ਜ਼ਿਆਦਾ ਸਾਊ ਤੇ ਨਿਮਰ ਐ। ਇਸ ਨੇ ਹੁਣ ਨਵੀਂ ਪਿਰਤ ਪਾਈ ਹੈ।
ਇੱਕ ਲੋਕ ਬੋਲੀ ਸੁਣੋ ਜੀ, ਨੀਂ ਖਾ ਲੈ ਬਿਲੋ ਨਾਸ਼ਪਾਤੀਆਂ ਨਿੱਤ ਨਿੱਤ ਮੇਲੇ ਆਉਣਾ!
ਉਹ ਗੱਲ ਹੋਈ ਹੈ ਇਹਨਾਂ ਵਰਗੀ ਇਮਾਨਦਾਰ, ਸੂਝਵਾਨ, ਸਾਊ ਤੇ ਸੰਗਾਊ ਸਰਕਾਰ ਪੰਜਾਬ ਦੇ ਲੋਕਾਂ ਨੂੰ ਦੀਵਾ ਬਾਲ ਕੇ ਵੀ ਨੀਂ ਲੱਭਣੀ। ਹੁਣ ਤਾਂ ਇਸ ਇਮਾਨਦਾਰ ਸਰਕਾਰ ਨੇ ਪੁਲਿਸ ਨੂੰ ਲੋਕਾਂ ਦੀ ਸੇਵਾ ਸੰਭਾਲ ਕਰਨ ਦੀ ਪੂਰੀ ਛੁੱਟੀ ਦਿੱਤੀ ਹੋਈ ਹੈ। ਲੋਕ ਐਵੇਂ ਇਸ ਇਮਾਨਦਾਰ ਸਰਕਾਰ ਨੂੰ ਛੱਜ ਵਿਚ ਪਾ ਕੇ ਛੱਟੀ ਜਾਂਦੇ ਹਨ। ਪੰਜਾਬ ਸਰਕਾਰ ਨੇ ਹੁਣ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਨਵੀਂ ਯੋਜਨਾ ਤਿਆਰ ਕੀਤੀ ਹੈ। ਉਹ ਯੋਜਨਾ ਅਜੇ ਸੰਗਰੂਰ ਜ਼ਿਲ੍ਹੇ ਵਿੱਚ ਲਾਗੂ ਕੀਤੀ ਹੈ। ਕਿਉਂਕਿ ਜਦੋਂ ਕੋਈ ਵਿਗਿਆਨੀ ਦਵਾਈ ਬਣਾਉਂਦਾ ਹੈ, ਉਹ ਪਹਿਲਾਂ ਚੂਹਿਆਂ ਦੇ ਉਪਰ ਵਰਤ ਕੇ ਤਜਰਬਾ ਕਰਦਾ ਹੈ। ਦਵਾਈ ਦਾ ਅਸਰ ਕੀ ਹੋਇਆ ਹੈ ਅਤੇ ਨੁਕਸਾਨ ਕੀ ਹੈ। ਇਸੇ ਕਰਕੇ ਉਹਨਾਂ ਨੇ ਇਸ ਨਵੀਂ ਨੀਤੀ ਦਾ ਤਜਰਬਾ ਸੰਗਰੂਰ ਜ਼ਿਲ੍ਹੇ ਵਿੱਚ ਕੀਤਾ ਹੈ। ਉਹ ਬਹੁਤ ਸਫ਼ਲ ਰਿਹਾ ਹੈ, ਉਸਦੇ ਥੋੜੇ ਬਹੁਤੇ ਮਾਰੂ ਲੱਛਣ ਦੇਖੇ ਗਏ। ਪਰ ਪੰਜਾਬ ਦੇ ਲੋਕਾਂ ਨੇ ਉਸ ਸਕੀਮ ਨੂੰ ਅਮਲ ਵਿੱਚ ਲਿਆਉਣ ਲਈ ਆਪਣੀ ਚੁੱਪ ਰਹਿ ਕੇ ਸਹਿਮਤੀ ਪ੍ਰਗਟ ਕੀਤੀ। ਇਸ ਸਕੀਮ ਦਾ ਲਾਭ ਲੈਣ ਵਿੱਚ ਸਭ ਤੋਂ ਮੋਹਰੀ ਗੁਲਜ਼ਾਰ ਸਿੰਘ ਰਿਹਾ। ਇਸ ਸਭ ਤੋਂ ਖੁਸ਼ ਹੋ ਕੇ ਪੰਜਾਬ ਸਰਕਾਰ ਨੇ ਉਸਦੇ ਘਰ ਤੇ ਪਰਵਾਰ ਨੂੰ ਗੋਦ ਲਿਆ ਹੈ। ਜਿਵੇਂ ਸੰਸਦ ਮੈਂਬਰ ਆਪਣੇ ਹਲਕੇ ਦਾ ਕੋਈ ਪਿੰਡ ਗੋਦ ਲੈਂਦੇ ਹਨ। ਹੁਣ ਤੁਸੀਂ ਕਹੋਗੇ ਕਿ ਇਸ ਨਾਲ ਉਸ ਪਿੰਡ ਨੂੰ ਕੀ ਮਿਲਿਆ ਹੈ?
ਮਿਲਿਆ ਤਾਂ ਕਹਿੰਦੇ ਸੀਬੀਆਈ ਨੂੰ ਵੀ ਕੁੱਝ ਨਹੀਂ, ਉਹਨਾਂ ਨੂੰ ਸਿਰਫ ਕਾਗਜ਼ ਪੱਤਰ ਮਿਲੇ ਹਨ। ਹੁਣ ਕਾਗਜ਼ਾਂ ਦੀ ਪੜਤਾਲ ਕਰਨਗੇ।
ਅੱਜ ਪੰਜਾਬ ਦੇ ਲੋਕ ਸੀਬੀਆਈ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨਗੇ। ਕਿਉਂਕਿ ਉਹਨਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਹ ਛਾਪਾ ਪੰਜਾਬ ਸਰਕਾਰ ਉਤੇ ਨਹੀਂ ਸਗੋਂ ਪੰਜਾਬ ਦੇ ਲੋਕਾਂ ਉਪਰ ਪਿਆ ਹੈ। ਕਿਉਂਕਿ ਪੰਜਾਬ ਦੇ ਲੋਕ ਦੁਨੀਆਂ ਭਰ ਵਿੱਚ ਇਮਾਨਦਾਰ ਮਨੁੱਖ ਵਜੋਂ ਪ੍ਰਸਿੱਧ ਹਨ। ਇਹ ਧੋਤੀਆਂ ਤੇ ਟੋਪੀਆਂ ਵਾਲਿਆ ਨੇ ਪੰਜਾਬ ਨੂੰ ਉਜਾੜਨ ਲਈ ਕੋਈ ਕਸਰ ਨਹੀਂ ਛੱਡੀ। ਹੁਣ ਲੋਕ ਪੁੱਛਦੇ ਹਨ ਕਿ ਕੇਂਦਰ ਸਰਕਾਰ ਦੇ ਇਹਨਾਂ ਤੋਤਿਆਂ ਨੂੰ ਭਾਜਪਾ ਦੇ ਬਾਗ਼ ਕਿਉਂ ਨਹੀਂ ਨਜ਼ਰ ਆਉਂਦੇ?
ਕੀੜੂ ਬਾਬੇ ਦੀਆਂ ਗੱਲਾਂ ਵਿਚ ਦਮ ਹੈ।
ਸੀਬੀਆਈ ਦੇ ਤੋਤਿਆਂ ਨੇ ਸਾਰਾ ਬਾਗ਼ ਉਜਾੜ ਦਿੱਤਾ ਹੈ। ਉਹ ਫਲ ਟੁੱਕ ਟੁੱਕ ਹੇਠਾਂ ਸੁੱਟ ਰਹੇ ਹਨ। ਉਹ ਟੁਕੇ ਹੋਏ ਫ਼ਲ ਕਿਸੇ ਕੰਮ ਨਹੀਂ ਆਉਂਦੇ। ਹੁਣ ਦਿਨ ਵੇਲੇ ਪਤਾ ਲੱਗੇਗਾ ਕਿ ਕੀ ਨੁਕਸਾਨ ਹੋਇਆ ਹੈ।
ਉਧਰ ਘਰਾਚੋਂ ਵਿੱਚ ਲੋਕਾਂ ਨੇ ਢੋਲ ਵਜਾ ਕੇ ਤੋਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੇ ਢੋਲ ਦੀ ਆਵਾਜ਼ ਕਿਸੇ ਨਹੀਂ ਸੁਣੀ।
ਬਾਗ਼ਾਂ ਦਾ ਮਾਲਕ ਕਹਿੰਦਾ, ਨਿੰਮ ਦਾ ਤੂੰ ਮਾਣ ਨਾ ਕਰੀਂ ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ!
ਹੁਣ ਲੋਕ ਗੱਲਾਂ ਕਰਦੇ ਆ ਕਿ ਹੁਣ ਖਿੱਦੋ ਉਧੜਨ ਲੱਗੀ ਹੈ, ਹੁਣ ਇਮਾਨਦਾਰੀ ਦੀਆਂ ਲੀਰਾਂ ਸਾਹਮਣੇ ਆਉਣਗੀਆਂ। ਇਮਾਨਦਾਰ ਆਗੂ ਕਹਿੰਦਾ ਹੈ ਕਿ ਸੀਬੀਆਈ ਦੇ ਤੋਤਿਆਂ ਨੂੰ ਭਾਜਪਾ ਦੇ ਬਾਗ਼ ਕਿਉਂ ਨਹੀਂ ਦਿਖਾਈ ਦਿੰਦੇ?
ਹੁਣ ਤਾਂ ਭੂੰਡਾਂ ਵਾਂਗ ਹਾਲਤ ਬਣੀ ਹੋਈ ਹੈ, ਪੰਜਾਬ ਵਿੱਚ ਭੀਂ ਭੀਂ ਹੁੰਦੀ ਹੈ।
ਤਾਇਆ ਬੱਕਰੀਆਂ ਵਾਲਾ ਕਹਿੰਦਾ ਸਾਡੇ ਵਿਹੜੇ ਪਤਾ ਨਹੀਂ ਕਦੋਂ ਸੀਬੀਆਈ ਦੀ ਬਰਾਤ ਉਤਰਨੀ ਹੈ। ਮੈਂ ਤਾਂ ਹਰ ਰੋਜ਼ ਰੱਬ ਅੱਗੇ ਅਰਦਾਸ ਕਰਦਾ ਕਿ ਕਦੇ ਸਾਡੇ ਵੀ ਬਨੇਰੇ ਉੱਤੇ ਬੋਲ ਵੇ, ਨਿੱਤ ਬੋਲਦਾਂ ਗੁਆਂਢੀਆਂ ਦੇ ਕਾਵਾਂ।
ਕਹਿੰਦੇ ਹਨ ਕਿ ਕਾਵਾਂ ਦੇ ਪੰਜਿਆਂ ਨਾਲ ਬਨੇਰੇ ਨਹੀਂ ਢਹਿੰਦੇ।
ਅਮਰਜੋਤ ਗਾਉਂਦੀ ਹੈ, ਭੱਜ ਜਾ ਵੇ ਮਿੱਤਰਾ ਸੱਥ ਵਿੱਚ ਟੱਕੂਆ ਖੜਕੇ!
ਪੰਡਤ ਡੇਹਲੋਂ ਵਾਲ਼ਾ ਕਵੀਸ਼ਰ ਗਾਉਂਦਾ ਹੈ, ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।
ਹੁਣ ਤਾਂ ਰੱਬ ਜਾਣਦਾ ਹੈ ਕਿ ਕੌਣ ਕਿੰਨੇ ਪਾਣੀ ਵਿੱਚ ਡੁੱਬ ਗਿਆ ਹੈ।
++++
ਬੁੱਧ ਸਿੰਘ ਨੀਲੋਂ
9464370823












