ਵੀਸੀਐਸ ਬ੍ਰਹਮਾ ਦੇ ਨਿਵੇਸ਼ਕਾਂ ਨੇ ਲਾਇਆ ਠੱਗੀ ਦਾ ਲਾਇਆ ਦੋਸ਼

ਚੰਡੀਗੜ੍ਹ ਪੰਜਾਬ

ਪੀੜਤ ਨਿਵੇਸ਼ਕਾਂ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

ਐਸ.ਏ.ਐਸ. ਨਗਰ, 10 ਅਕਤੂਬਰ,ਬੋਲੇ ਪੰਜਾਬ ਬਿਊਰੋ :

ਜ਼ੀਰਕਪੁਰ ਸਥਿਤ ਵੀਸੀਐਸ ਇਨਵੈਸਟਰਜ਼ ਅਤੇ ਡਿਵੈਲਪਰਜ਼ ਉਤੇ ਨਿਵੇਸ਼ਕਾਂ ਨੇ ਕਰੋੜਾਂ ਰੁਪਏ ਦੀ ਠੱਗੀ ਦਾ ਦੋਸ਼ ਲਾਇਆ ਹੈ। ਇਥੇ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਹਰਕੀਰਤ ਸਿੰਘ ਡੇਰਾਬੱਸੀ ਅਤੇ ਅਰਵਿੰਦਰ ਸਿੰਘ ਜ਼ੀਰਕਪੁਰ ਨੇ ਦੱਸਿਆ ਕਿ ਉਪਰੋਕਤ ਪ੍ਰੋਜੈਕਟ ਦੇ ਡਾਇਰੈਕਟਰ ਸੁਨੀਲਜੀਤ ਸਿੰਘ ਜੌਲੀ ਅਤੇ ਉਸਦੀ ਡਾਇਰੈਕਟਰ ਪਤਨੀ ਨੇ ਤਕਰੀਬਨ 80 ਨਿਵੇਸ਼ਕਾਂ ਤੋਂ ਇਸ ਪ੍ਰੋਜੈਕਟ ਵਿਚ ਕਰੋੜਾਂ ਰੁਪਿਆ ਨਿਵੇਸ਼ ਤਾਂ ਕਰਵਾ ਲਿਆ, ਹੁਣ ਨਾ ਤਾਂ ਇਹਨਾਂ ਨੂੰ ਇਥੇ ਜ਼ਮੀਨ ਮਿਲ ਰਹੀ ਹੈ ਅਤੇ ਨਾ ਹੀ ਪੈਸੇ ਵਾਪਸ ਕੀਤੇ ਜਾ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਇਸ ਕੰਪਨੀ ਦਾ ਰੇਰਾ ਨੰਬਰ ਤੱਕ ਫਰਜ਼ੀ ਹੈ, ਜਿਸਦੀ ਸ਼ਿਕਾਇਤ ਉਹਨਾਂ ਵਲੋਂ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ (ਰੇਰਾ) ਨੂੰ ਵੀ ਕਰ ਦਿੱਤੀ ਹੈ।

ਇਸ ਤੋਂ ਇਲਾਵਾ ਨਿਵੇਸ਼ਕਾਂ ਨੂੰ ਦਿੱਤੇ ਗਏ ਬੈਂਕ ਚੈੱਕ ਵੀ ਬਾਊਂਸ ਹੋ ਗਏ ਹਨ। ਜਿਸ ਕਰਕੇ ਇਹਨਾਂ ਦੇ ਖਿ਼ਲਾਫ ਧਾਰਾ 138 ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਨਿਵੇਸ਼ਕਾਂ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਸੁਪਨਾ ਦਿਖਾਇਆ ਗਿਆ ਸੀ ਕਿ ਇਹ ਬਹੁਮੰਜ਼ਿਲਾ ਪ੍ਰੋਜੈਕਟ ਉਤਰੀ ਭਾਰਤ ਇਕ ਆਲੀਸ਼ਾਨ ਕਮਰਸ਼ੀਅਲ ਪ੍ਰੋਜੈਕਟ ਹੋਵੇਗਾ ਪਰ ਕਰੀਬ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ, ਅੱਜ ਵੀ ਉਹ ਜ਼ਮੀਨ ਬਿਰਾਨ ਪਈ ਹੈ।

ਪੱਤਰਕਾਰਾਂ ਦਾ ਸਵਾਲਾਂ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਸਿਰਫ਼ ਜ਼ਮੀਨ ਦੇਖੀ ਸੀ, ਜਿਥੇ ਬਿਲਡਰ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਸ਼ਹਿਰ ਦੇ ਪ੍ਰਸਿੱਧ ਇਲਾਕੇ ਵਿਚ ਸਥਿਤ ਹੋਣ ਕਰਕੇ ਲੋਕਾਂ ਨੇ ਇਥੇ ਨਿਵੇਸ਼ ਕਰਨ ਵਿਚ ਦਿਲਚਸਪੀ ਦਿਖਾਈ। ਹੁਣ ਜਦੋਂ ਕੁਝ ਸਮੇਂ ਤੋਂ ਨਾ ਤਾਂ ਇਥੇ ਕੋਈ ਉਸਾਰੀ ਦਾ ਕਾਰਜ ਆਰੰਭਿਆ ਗਿਆ, ਨਾ ਹੀ ਦਫ਼ਤਰ ਵਿਚੋਂ ਸਟਾਫ਼ ਵੀ ਗਾਇਬ ਹੈ। ਇਸ ਕਰਕੇ ਨਿਵੇਸ਼ਕਾਂ ਨੂੰ ਇਸ ਪ੍ਰੋਜੈਕਟ ਉਤੇ ਵੱਡੀ ਠੱਗੀ ਦਾ ਸ਼ੱਕ ਪੈਦਾ ਹੋ ਗਿਆ। ਉਹਨਾਂ ਦੱਸਿਆ ਕਿ ਹੁਣ ਇਹ ਬਿਲਡਰ ਨਿਊ ਚੰਡੀਗੜ੍ਹ ਵਾਲੇ ਪਾਸੇ ਵੀ ਵੱਡਾ ਪ੍ਰੋਜੈਕਟ ਸ਼ੁਰੂ ਕਰਨ ਦੀ ਤਾਕ ਵਿਚ ਹੈ। ਜਦੋਂ ਇਸ ਸਬੰਧੀ ਪਤਾ ਲਗਾਇਆ ਗਿਆ ਤਾਂ ਸੀਐਲਯੂ ਅਤੇ ਹੋਰ ਦਸਤਾਵੇਜ਼ਾਂ ਵਿਚ ਗੜਬੜੀਆਂ ਸਾਹਮਣੇ ਆਈਆਂ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਪ੍ਰੋਜੈਕਟ ਨਿਰਾ ਠੱਗੀ ਦਾ ਵਣਜ ਹੈ। ਇਸ ਕਰਕੇ ਆਮ ਲੋਕ ਇਸ ਪ੍ਰੋਜੈਕਟ ਵਿਚ ਆਪਣਾ ਨਿਵੇਸ਼ ਨਾ ਕਰਨ।

ਉਪਰੋਕਤ ਪੀੜਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਿਵੈਲਪਰ ਖਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਵਾਪਸ ਕਰਵਾਏ ਜਾਣ। ਨਾਲ ਹੀ ਹੋਈ ਮਾਨਸਿਕ ਪਰੇਸ਼ਾਨੀ ਅਤੇ ਆਰਥਿਕ ਨੁਕਸਾਨ ਦਾ ਉਚਿਤ ਮੁਆਵਜ਼ਾ ਦਿਵਾਇਆ ਜਾਵੇ।

ਇਸ ਮੌਕੇ ਉਹਨਾਂ ਨਾਲ ਨਿਵੇਸ਼ਕ ਕਰਨ ਸਰਵੇਸ ਗੁੜਗਾਉਂ, ਦੀਪਕ ਸ਼ਰਮਾ ਮੋਹਾਲੀ ਆਦਿ ਹਾਜ਼ਰ ਸਨ।

ਕੀ ਕਹਿਣਾ ਹੈ ਡਾਇਰੈਕਟਰ ਸੁਨੀਲਜੀਤ ਸਿੰਘ ਜੌਲੀ ਦਾ :

ਇਸ ਦੌਰਾਨ ਜਦੋਂ ਪ੍ਰੋਜੈਕਟ ਦੇ ਡਾਇਰੈਕਟਰ ਸੁਨੀਲਜੀਤ ਸਿੰਘ ਜੌਲੀ ਨਾਲ ਫੋਨ ਉਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਸ ਵੱਲੋਂ ਨਿਵੇਸ਼ਕਾਂ ਨੂੰ ਦਿੱਤੇ ਗਏ ਚੈੱਕ ਸਕਿਊਰਿਟੀ ਦੇ ਤੌਰ ਉਤੇ ਦਿੱਤੇ ਗਏ ਸਨ, ਜੋ ਕਿ ਉਪਰੋਕਤ ਨਿਵੇਸ਼ਕਾਂ ਵਲੋਂ ਬੈਂਕਾਂ ਵਿਚ ਲਗਾ ਕੇ ਬਾਊਂਸ ਕਰਵਾ ਲਏ। ਜੌਲੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਵਾਅਦੇ ਮੁਤਾਬਕ ਉਹਨਾਂ ਦੀ ਰਾਸ਼ੀ ਦਸੰਬਰ ਤੱਕ ਦੇ ਦਿੱਤੀ ਜਾਵੇਗੀ। ਜੌਲੀ ਨੇ ਕਿਹਾ ਕਿ ਉਸ ਵੱਲੋਂ ਨਿਵੇਸ਼ਕਾਂ ਨੂੰ ਮੂਲ ਰਕਮ ਦਾ ਵਿਆਜ਼ ਲਗਾਤਾਰ ਦਿੱਤਾ ਜਾਂਦਾ ਰਿਹਾ ਹੈ ਅਤੇ ਅੱਗੇ ਵੀ ਉਹ ਰਕਮ ਦੇਣ ਲਈ ਤਿਆਰ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।