ਚੰਡੀਗੜ੍ਹ 11 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਹਰਿਆਣਾ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਤੋਂ ਚੱਲਦੇ ਇੱਕ ਨਿਊਜ਼ ਚੈਨਲ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.), ਤਿੰਨ ਪੱਤਰਕਾਰਾਂ ਅਤੇ ਚੈਨਲ ਦੇ ਇੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਚੈਨਲ ਉੱਤੇ ਇੱਕ ਕਥਿਤ ਜਾਅਲੀ ਸਟਿੰਗ ਅਪਰੇਸ਼ਨ ਪ੍ਰਸਾਰਿਤ ਕਰਨ ਅਤੇ ਸ਼ਿਕਾਇਤਕਰਤਾ ਨੂੰ ਬਲੈਕਮੇਲ ਕਰਨ ਦੇ ਗੰਭੀਰ ਦੋਸ਼ਾਂ ਦੇ ਆਧਾਰ ‘ਤੇ ਕੀਤੀ ਗਈ ਹੈ।ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਚੈਨਲ ਨੇ ਛੇ ਮਹੀਨੇ ਪੁਰਾਣੀ ਇੱਕ ਨਿੱਜੀ ਵੀਡੀਓ ਨੂੰ ਜਾਅਲੀ ਸਟਿੰਗ ਆਪਰੇਸ਼ਨ ਵਜੋਂ ਅਪ੍ਰੈਲ ਮਹੀਨੇ ਵਿੱਚ ਆਪਣੇ ਚੈਨਲ ‘ਤੇ ਦਿਖਾਇਆ ਸੀ। ਇਹ ਵੀਡੀਓ ਦੋ ਵਿਅਕਤੀਆਂ ਵਿਚਕਾਰ ਹੋਈ ਨਿੱਜੀ ਗੱਲਬਾਤ ਅਤੇ ਮਾਮਲੇ ਨਾਲ ਸਬੰਧਤ ਸੀ, ਜਿਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ।
ਸ਼ਿਕਾਇਤਕਰਤਾ ਨੇ ਪੁਲੀਸ ਕੋਲ ਦੋਸ਼ ਲਾਇਆ ਹੈ ਕਿ ਵੀਡੀਓ ਦੀ ਸੱਚਾਈ ਸਾਹਮਣੇ ਲਿਆਉਣ ਜਾਂ ਇਸ ਨੂੰ ਨਾ ਚਲਾਉਣ ਦੇ ਨਾਂ ‘ਤੇ ਉਸ ਨੂੰ ਲਗਾਤਾਰ ਧਮਕਾਇਆ ਅਤੇ ਬਲੈਕਮੇਲ ਕੀਤਾ ਜਾ ਰਿਹਾ ਸੀ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕੁਰੂਕਸ਼ੇਤਰ ਦੇ ਪੁਲੀਸ ਕਪਤਾਨ ਚੰਦਰ ਮੋਹਨ ਨੇ ਦੱਸਿਆ ਕਿ ਥਾਨੇਸਰ ਸਿਟੀ ਥਾਣੇ ਵਿੱਚ ਆਈ.ਟੀ. ਐਕਟ (IT Act) ਅਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
ਸ਼ਿਕਾਇਤਕਰਤਾ ਮੁਤਾਬਕ 16 ਅਪਰੈਲ 2026 ਨੂੰ ਬਣਾਈ ਗਈ ਉਸ ਦੀ ਪੁਰਾਣੀ ਵੀਡੀਓ ਨੂੰ ਚੈਨਲ ਵੱਲੋਂ ਸਟਿੰਗ ਆਪਰੇਸ਼ਨ ਵਜੋਂ ਦਿਖਾਇਆ ਗਿਆ ਸੀ। ਪੁਲੀਸ ਕਪਤਾਨ ਨੇ ਸਪੱਸ਼ਟ ਕੀਤਾ ਕਿ ਪੁਲੀਸ ਕੋਲ ਇਸ ਮਾਮਲੇ ਨਾਲ ਸਬੰਧਤ ਪੁਖ਼ਤਾ ਅਤੇ ਅਹਿਮ ਸਬੂਤ ਮੌਜੂਦ ਹਨ। ਇਨ੍ਹਾਂ ਵਿੱਚ ਅਸਲ ਵੀਡੀਓ, ਵੀਡੀਓ ਰਿਕਾਰਡ ਕਰਨ ਦੀ ਸਹੀ ਤਰੀਕ ਅਤੇ ਇਸ ਨੂੰ ਤਿਆਰ ਕਰਨ ਵਾਲੇ ਵਿਅਕਤੀਆਂ ਬਾਰੇ ਪੂਰੀ ਜਾਣਕਾਰੀ ਸ਼ਾਮਲ ਹੈ।
ਪੁਲੀਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਤਰ੍ਹਾਂ ਦੀ ਗ਼ਲਤ ਅਤੇ ਭੁਲੇਖਾਪਾਊ ਜਾਣਕਾਰੀ ਫੈਲਾਉਣ ਪਿੱਛੇ ਅਸਲ ਮਕਸਦ ਕੀ ਸੀ? ਦੂਜੇ ਪਾਸੇ, ਨਿਊਜ਼ ਚੈਨਲ ਨੇ ਪੁਲੀਸ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਚੈਨਲ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਦਾਅਵਾ ਕੀਤਾ ਹੈ ਕਿ ਇਹ ਗ੍ਰਿਫ਼ਤਾਰੀਆਂ ਹਰਿਆਣਾ ਵਿੱਚ ਨਾਜਾਇਜ਼ ਨਸ਼ਾ ਕਾਰੋਬਾਰ ਵਿਰੁੱਧ ਚਲਾਈ ਜਾ ਰਹੀ ਉਨ੍ਹਾਂ ਦੀ ਵਿਸ਼ੇਸ਼ ਮੁਹਿੰਮ ਦਾ ਨਤੀਜਾ ਹਨ। ਚੈਨਲ ਮੁਤਾਬਕ ਉਹ ਨਸ਼ਾ ਮੁਕਤ ਦੇਸ਼ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਜਨਤਕ ਹਿੱਤ ਵਿੱਚ ਸੱਚਾਈ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ‘ਤੇ ਅਜਿਹੀਆਂ ਕਾਰਵਾਈਆਂ ਕਰਨਾ ਜਾਇਜ਼ ਹੈ?ਇਸ ਮਾਮਲੇ ਨੇ ਹੁਣ ਸਿਆਸੀ ਅਤੇ ਸਮਾਜਿਕ ਰੂਪ ਵੀ ਧਾਰਨ ਕਰ ਲਿਆ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਨੇ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਅਤੇ ਹਿਰਾਸਤ ‘ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਇਸ ਦੀ ਨਿਖੇਧੀ ਕੀਤੀ ਹੈ। ਪ੍ਰੈੱਸ ਕਲੱਬ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਪੁਲੀਸ ਗ੍ਰਿਫ਼ਤਾਰੀ ਦੇ ਸਪੱਸ਼ਟ ਕਾਰਨ ਜਨਤਕ ਕਰਨ ਅਤੇ ਪੱਤਰਕਾਰਾਂ ਦੇ ਕਾਨੂੰਨੀ ਹੱਕਾਂ ਦੀ ਰੱਖਿਆ ਕਰਨ। ਕਲੱਬ ਨੇ ਕਿਹਾ ਕਿ ਪੁਲੀਸ ਸ਼ਕਤੀਆਂ ਦੀ ਵਰਤੋਂ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਜਿਸ ਨਾਲ ਪ੍ਰੈੱਸ ਦੀ ਆਜ਼ਾਦੀ ‘ਤੇ ਹਮਲਾ ਹੋਵੇ। ਇਸ ਤੋਂ ਇਲਾਵਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਵੀ ਪੱਤਰਕਾਰਾਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਨਿਸ਼ਾਨਾ ਸਾਧਿਆ ਹੈ।












