ਸੂਬੇ ਭਰ ਵਿੱਚੋਂ ਮਹਿਲਾ ਮੁਲਾਜ਼ਮਾਂ ਵੱਡੀ ਗਿਣਤੀ ਵਿੱਚ ਕਰਨਗੀਆਂ ਸ਼ਮੂਲੀਅਤ
ਬਠਿੰਡਾ , 24 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਵੱਖ-ਵੱਖ ਵਿਭਾਗਾਂ ਅੰਦਰ ਸੇਵਾ ਨਿਭਾਅ ਰਹੀਆਂ ਮਹਿਲਾ ਕਰਮਚਾਰੀਆਂ ਦੀ ਸੰਘਰਸ਼ਸ਼ੀਲ ਜੱਥੇਬੰਦੀ ‘ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ’ ਵਲੋਂ ਜਲੰਧਰ ਵਿਖੇ ਸੂਬਾ ਪੱਧਰੀ ਕਾਨਫਰੰਸ ਕਰਕੇ ਊਲੀਕੇ ਗਏ ਸੰਘਰਸ਼ ਦੇ ਤਹਿਤ ਮਿਤੀ 1 ਨਵੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਜੱਥੇਬੰਦੀ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ, ਜਨਰਲ ਸਕੱਤਰ ਗੁਰਪ੍ਰੀਤ ਕੌਰ ਅਤੇ ਵਿੱਤ ਸਕੱਤਰ ਰਣਜੀਤ ਕੌਰ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਕਿਸੇ ਵੀ ਸਰਕਾਰ ਵਲੋਂ ਮਹਿਲਾ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਿਸਤੋਂ ਸਪੱਸ਼ਟ ਹੈ ਕਿ ਬਾਕੀ ਸਰਕਾਰਾਂ ਵਾਂਗ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵੀ ਇਸਤਰੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ ਹੈ। ਮਹਿਲਾ ਮੁਲਾਜ਼ਮਾਂ ਨੂੰ ਪੁਰਸ਼ ਮੁਲਾਜ਼ਮਾਂ ਦੀ ਵਜਾਏ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਘਰਾਂ ਦੇ ਕੰਮ ਦੇ ਨਾਲ ਨਾਲ ਡਿਊਟੀ ਦੇ ਕੰਮਾਂ ਨੂੰ ਵੀ ਨਿਭਾਉਣਾ ਪੈਂਦਾ ਹੈ। ਕਈ ਵਾਰ ਡਿਊਟੀ ਵਾਲੇ ਸਥਾਨਾਂ ਤੇ ਪੁਰਸ਼ ਅਧਿਕਾਰੀਆਂ ਦੀਆਂ ਗਲਤ ਹਰਕਤਾਂ ਕਾਰਣ ਹੀਣ ਭਾਵਨਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਸਰਕਾਰ ਵਲੋਂ ਇਸਤਰੀ ਮੁਲਾਜ਼ਮਾਂ ਨਾਲ ਸਬੰਧਿਤ ਤਿਉਹਾਰਾਂ ਦੀਆਂ ਛੂੱਟੀਆਂ ਵੀ ਨਹੀਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪ੍ਰੈਸ ਨੂੰ ਜਾਰੀ ਕਰਦਿਆਂ ਜੱਥੇਬੰਦੀ ਦੀ ਸੂਬਾ ਪ੍ਰੈਸ ਸਕੱਤਰ ਪ੍ਰਵੀਨ ਬਾਲਾ ਨੇ ਕਿਹਾ ਕਿ ਇਸਤਰੀ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਸਰਕਾਰ ਦਾ ਧਿਆਨ ਦਵਾਉਣ ਅਤੇ ਉਹਨਾਂ ਨੂੰ ਹੱਲ ਕਰਨ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਅਤੇ ਇਸਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉਹਨਾਂ ਕਿਹਾ ਕਿ 1 ਨਵੰਬਰ ਦੀ ਰੈਲੀ ਪ੍ਰਤੀ ਸੂਬੇ ਭਰ ਅੰਦਰ ਮਹਿਲਾ ਮੁਲਾਜ਼ਮਾਂ ਅੰਦਰ ਭਾਰੀ ਉਤਸ਼ਾਹ ਹੈ ਅਤੇ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹਿਆਂ ਵਿੱਚੋਂ ਮਹਿਲਾ ਮੁਲਾਜ਼ਮਾਂ ਪ.ਸ.ਸ.ਫ. ਦੇ ਆਗੂਆਂ ਦੇ ਸਹਿਯੋਗ ਨਾਲ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਸੰਗਰੂਰ ਦੇ ਆਗੂਆਂ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਰੈਲੀ ਦਾ ਪ੍ਰਬੰਧ ਪੂਰਾ ਕਰ ਲਿਆ ਗਿਆ ਹੈ।ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ, ਜਨਰਲ ਸਕੱਤਰ ਲਖਵਿੰਦਰ ਕੌਰ ਚਬਾਲ, ਮਿਡ ਡੇ ਮੀਲ ਵਰਕਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਬਿਮਲਾ ਰਾਣੀ, ਜਨਰਲ ਸਕੱਤਰ ਕਮਲਜੀਤ ਕੌਰ ਖੜੌਦੀ, ਆਂਗਣਵਾੜੀ ਮੁਲਾਜ਼ਮ ਯੂਨੀਅਨ ਆਗੂ ਸ਼ਰਮੀਲਾ ਦੇਵੀ, ਪੈਰਾ ਮੈਡੀਕਲ ਯੂਨੀਅਨ ਆਗੂ ਕਮਲਜੀਤ ਰੰਧਾਵਾ, ਦਰਜਾ ਚਾਰ ਆਗੂ ਮੋਨੀਕਾ ਮਸੀਹ, ਸਫਾਈ ਸੇਵਕ ਯੂਨੀਅਨ ਗੁਰਜੀਤ ਕੌਰ ਨੇ ਕਿਹਾ ਕਿ ਸਰਕਾਰ ਕੋਲੋਂ ਇਸਤਰੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਸੰਘਰਸ਼ ਅਰੰਭ ਕੀਤਾ ਗਿਆ ਹੈ ਜਿਸ ਅਨੁਸਾਰ ਮੰਗ ਕੀਤੀ ਗਈ ਹੈ ਕਿ ਇਸਤਰੀ ਮੁਲਾਜ਼ਮਾਂ ਨਾਲ ਵਾਪਰਦੀਆਂ ਸੈਕਸੁਅਲ ਹਰਾਸਮੈਂਟ ਦੀਆਂ ਘਟਨਾਵਾਂ ਦੇ ਨਿਪਟਾਰੇ ਲਈ ਬਣਾਈਆਂ ਗਈਆਂ ਕਮੇਟੀਆਂ ਨੂੰ ਜਨਤਕ ਕੀਤਾ ਜਾਵੇ, ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਦੀ ਛੁੱਟੀ ਬਹਾਲ ਕੀਤੀ ਜਾਵੇ ਅਤੇ ਔਰਤਾਂ ਨਾਲ ਸਬੰੀਧਤ ਲੋਹੜੀ ਦੇ ਤਿਉਹਾਰ ਦੀ ਹਰ ਸਾਲ ਛੁੱਟੀ ਕੀਤੀ ਜਾਵੇ, ਮਿਡ ਡੇ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਦਾ ਸਰਕਾਰੀਕਰਣ ਕੀਤਾ ਜਾਵੇ, 10 ਜਾਂ ਇਸ ਤੋਂ ਵੱਧ ਇਸਤਰੀ ਮੁਲਾਜ਼ਮਾਂ ਲਈ ਦਫਤਰ/ ਸੰਸਥਾ ਵਿੱਚ ਵੱਖਰੇ ਰੈਸਟ ਰੂਮ/ ਸਿਟਿੰਗ ਰੂਮ ਦਾ ਪ੍ਰਬੰਧ ਕੀਤਾ ਜਾਵੇ, ਚੌਥੇ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਇਸਤਰੀ ਮੁਲਾਜ਼ਮਾਂ ਨੂੰ ਉਸਦੇ ਪਤੀ ਦੀ ਕਮਾਈ ਛੁੱਟੀ ਵਰਤਣ ਦੀ ਆਗਿਆ ਦਿੱਤੀ ਜਾਵੇ, ਪਾਰਟ ਟਾਈਮ ਮਹਿਲਾ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾਵੇ, ਜ਼ਿਲ੍ਹਾ ਕੇਡਰ ਵਿੱਚ ਬਦਲ ਕੇ ਆਈਆਂ ਮਹਿਲਾ ਮੁਲਾਜ਼ਮਾਂ ਦੀ ਸਨਿਆਰਤਾ ਪੁਰਾਣੀ ਰੱਖੀ ਜਾਣ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ, ਇਸਤਰੀ ਮੁਲਾਜ਼ਮਾਂ ਦੀਆਂ ਪੈਂਡਿੰਗ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਅਤੇ ਸਮਾਂਬੱਧ ਕੀਤਾ ਜਾਵੇ, ਸਿਹਤ ਵਿਭਾਗ ਅੰਦਰ ਕੰਮ ਕਰਦੀਆਂ ਸਟਾਫ ਨਰਸਾਂ ਨੂੰ ਦੂਜੇ ਸੂਬਿਆਂ ਦੀ ਤਰਜ਼ ਤੇ ਨਰਸਿੰਗ, ਵਰਦੀ ਅਤੇ ਰਿਸਕ ਭੱਤਾ ਦਿੱਤਾ ਜਾਵੇ।ਆਗੂਆਂ ਵਲੋਂ ਸਮੂਹ ਇਸਤਰੀ ਮਲਿਾਜ਼ਮਾਂ ਨੂੰ 1 ਨਵੰਬਰ ਦੀ ਸੰਗਰੂਰ ਰੈਲੀ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਮਮਤਾ ਰਾਣੀ, ਸੰਦੀਪ ਕੌਰ, ਰੁਪਿੰਦਰ ਕੌਰ, ਰਾਕ ਰਾਣੀ, ਜਸਬੀਰ ਕੌਰ, ਕਰਮਜੀਤ ਕੌਰ ਰਾਏਸਰ, ਕਮਲੇਸ਼ ਕੌਰ, ਹਰਮੇਸ਼ ਕੌਰ, ਅਮਰ ਜੋਤੀ ਮਾਂਗਟ, ਨਿਰਮਲ ਕੌਰ, ਪਰਮਜੀਤ ਕੌਰ, ਪੂਜਾ ਰਾਣੀ, ਸ਼ਵਿੰਦਰ ਕੌਰ,ਆਸ਼ਾ ਰਾਣੀ, ਪੂਜਾ ਰਾਣੀ, ਕਮਲਜੀਤ ਕੌਰ ਮਹਿਤਾ, ਪਰਮਜੀਤ ਕੌਰ, ਰਾਜ ਬੇਦੀ ਅਨੰਦ, ਗੁਰਦੀਪ ਸਿੰਘ ਬਾਜਵਾ ਆਦਿ ਆਗੂ ਵੀ ਹਾਜਰ ਸਨ।












