ਤੂੰ ਉੱਡ ਜਾ ਭੋਲਿਆ ਪੰਛੀਆ, ਤੇਰੀ ਜਾਨ ਨੂੰ ਖ਼ਤਰਾ!

ਸਾਹਿਤ ਪੰਜਾਬ

ਤੂੰ ਉੱਡ ਜਾ ਭੋਲਿਆ ਪੰਛੀਆ, ਤੇਰੀ ਜਾਨ ਨੂੰ ਖ਼ਤਰਾ!

ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ। ਚੋਣਾਂ ਦਾ ਮੌਸਮ ਅਜੇ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਇਆ, ਪਰ ਸਿਆਸੀ ਪੰਛੀਆਂ ਨੇ ਆਪਣੇ ਆਲ੍ਹਣੇ ਬਦਲਣੇ ਸ਼ੁਰੂ ਕਰ ਦਿੱਤੇ ਹਨ। ਸਿਆਸੀ ਪਾਰਟੀਆਂ ਵਿੱਚ ਹਲਚਲ ਤੇਜ਼ ਹੋ ਰਹੀ ਹੈ। ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਚੌਥੀ ਵਿਧਾਇਕ ਅਨਮੋਲ ਕੌਰ ਨੇ ਪਾਰਟੀ ਛੱਡ ਦਿੱਤੀ।ਆਪਣੀ ਪਾਰਟੀ ਨੂੰ ਅਲਵਿਦਾ ਕਹਿਣ ਵੇਲੇ ਉਨ੍ਹਾਂ ਨੇ ਦਿੱਲੀ ਦੇ ਆਗੂਆਂ ਉੱਪਰ ਗੰਭੀਰ ਦੋਸ਼ ਲਾਏ ਹਨ।
ਇਹ ਕੋਈ ਨਵੀਂ ਗੱਲ ਨਹੀਂ। ਸਿਆਸਤ ਵਿੱਚ ਜਦੋਂ ਕੋਈ ਆਗੂ ਆਪਣੀ ਮਾਂ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾਂਦਾ ਹੈ ਤਾਂ ਪਹਿਲਾਂ ਵਾਲੀ ਪਾਰਟੀ ਉਸ ਨੂੰ ਬੁਰੀ ਲੱਗਣ ਲੱਗ ਪੈਂਦੀ ਹੈ ਅਤੇ ਨਵੀਂ ਪਾਰਟੀ ਵਿੱਚ ਉਸ ਨੂੰ ਸਾਰੇ ਗੁਣ ਹੀ ਗੁਣ ਨਜ਼ਰ ਆਉਣ ਲੱਗਦੇ ਹਨ। ਕੱਲ੍ਹ ਤੱਕ ਜਿਸ ਪਾਰਟੀ ਦੇ ਗੁਣ ਗਾਉਂਦੇ ਨਹੀਂ ਥੱਕਦੇ ਸਨ, ਅੱਜ ਉਸੇ ਦੇ ਨੁਕਸ ਗਿਣਾਉਣ ਲੱਗ ਪੈਂਦੇ ਹਨ। ਸਿਆਸਤ ਦਾ ਇਹ ਵੀ ਇੱਕ ਅਜੀਬ ਰੰਗ ਹੈ। ਕੁਰਸੀ ਬਦਲਦਿਆਂ ਹੀ ਵਿਚਾਰਧਾਰਾ ਵੀ ਕੱਪੜਿਆਂ ਵਾਂਗ ਬਦਲ ਜਾਂਦੀ ਹੈ।
ਸਵਾਲ ਇਹ ਹੈ ਕਿ ਅਕਾਲੀ, ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਾਜਪਾ ਵੱਲ ਕਿਉਂ ਜਾ ਰਹੇ ਹਨ? ਕੀ ਇਹ ਸਿਰਫ਼ ਵਿਚਾਰਧਾਰਕ ਤਬਦੀਲੀ ਹੈ ਜਾਂ ਇਸ ਪਿੱਛੇ ਸਿਆਸੀ ਭਵਿੱਖ ਦੀ ਸੁਰੱਖਿਆ ਦਾ ਕੋਈ ਹੋਰ ਗਣਿਤ ਵੀ ਕੰਮ ਕਰ ਰਿਹਾ ਹੈ?
ਵਿਰੋਧੀ ਧਿਰਾਂ ਦੇ ਕਈ ਆਗੂਆਂ ਵੱਲੋਂ ਇਹ ਦੋਸ਼ ਲਾਏ ਜਾਂਦੇ ਰਹੇ ਹਨ ਕਿ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਸਿਆਸੀ ਦਬਾਅ ਬਣਾਉਣ ਲਈ ਕੀਤੀ ਜਾਂਦੀ ਹੈ। ਈਡੀ ਅਤੇ ਸੀਬੀਆਈ ਦੀ ਕਾਰਵਾਈ ਨੂੰ ਲੈ ਕੇ ਵੀ ਅਕਸਰ ਸਵਾਲ ਉੱਠਦੇ ਹਨ। ਇਹ ਦੋਵੇਂ ਸੰਸਥਾਵਾਂ ਕਾਨੂੰਨ ਅਧੀਨ ਸੁਤੰਤਰ ਤੌਰ ’ਤੇ ਕੰਮ ਕਰਨ ਲਈ ਬਣੀਆਂ ਹਨ, ਪਰ ਜਦੋਂ ਉਨ੍ਹਾਂ ਦੀ ਕਾਰਵਾਈ ਸਿਆਸੀ ਪੱਖਪਾਤ ਦੇ ਦੋਸ਼ਾਂ ਵਿੱਚ ਘਿਰਦੀ ਹੈ ਤਾਂ ਲੋਕਤੰਤਰ ਦੀ ਭਰੋਸੇਯੋਗਤਾ ਉੱਪਰ ਸਵਾਲੀਆ ਨਿਸ਼ਾਨ ਲੱਗਦਾ ਹੈ।
ਇੱਥੇ ਸਵਾਲ ਪੁੱਛਣਾ ਬਣਦਾ ਹੈ ਕਿ ਜੇ ਕੋਈ ਆਗੂ ਬੇਦੋਸ਼ ਹੈ ਤਾਂ ਉਸ ਨੂੰ ਜਾਂਚ ਤੋਂ ਡਰਨ ਦੀ ਕੀ ਲੋੜ ਹੈ? ਅਤੇ ਜੇ ਕੋਈ ਦੋਸ਼ੀ ਹੈ ਤਾਂ ਪਾਰਟੀ ਬਦਲਣ ਨਾਲ ਕਾਨੂੰਨ ਤੋਂ ਰਾਹਤ ਕਿਵੇਂ ਮਿਲ ਸਕਦੀ ਹੈ? ਕਾਨੂੰਨ ਦੀ ਨਜ਼ਰ ਵਿੱਚ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਹੋਣਾ ਚਾਹੀਦਾ ਹੈ। ਪਾਰਟੀ ਦਾ ਰੰਗ ਬਦਲਣ ਨਾਲ ਕਾਨੂੰਨ ਦਾ ਰੰਗ ਨਹੀਂ ਬਦਲਣਾ ਚਾਹੀਦਾ।
ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸੀ ਤਾਂ ਇਸ ਨੇ ਰਵਾਇਤੀ ਸਿਆਸਤ ਨੂੰ ਬਦਲਣ, ਭ੍ਰਿਸ਼ਟਾਚਾਰ ਖ਼ਤਮ ਕਰਨ ਅਤੇ ਆਮ ਲੋਕਾਂ ਦੀ ਸਰਕਾਰ ਬਣਾਉਣ ਦੇ ਵੱਡੇ ਦਾਅਵੇ ਕੀਤੇ ਸਨ। ਲੋਕਾਂ ਨੇ ਵੀ ਇਸ ਉਮੀਦ ਨਾਲ ਸਾਥ ਦਿੱਤਾ ਸੀ ਕਿ ਹੁਣ ਸਿਆਸਤ ਵਿੱਚ ਕੋਈ ਨਵੀਂ ਇਬਾਰਤ ਲਿਖੀ ਜਾਵੇਗੀ। ਪਰ ਸਮੇਂ ਦੇ ਨਾਲ ਇਸ ਪਾਰਟੀ ਦੀ ਕਾਰਜਸ਼ੈਲੀ, ਨੀਤੀਆਂ ਅਤੇ ਸਿਆਸੀ ਫ਼ੈਸਲਿਆਂ ਬਾਰੇ ਕਈ ਸਵਾਲ ਉੱਠਣ ਲੱਗੇ। ਆਲੋਚਕਾਂ ਨੇ ਇਸ ਦੀ ਸਿਆਸਤ ਵਿੱਚ ਭਾਜਪਾ ਦੀਆਂ ਨੀਤੀਆਂ ਨਾਲ ਮਿਲਦੇ-ਜੁਲਦੇ ਪੱਖ ਵੀ ਉਭਾਰੇ ਹਨ।
ਜੇ ਕੋਈ ਪਾਰਟੀ ਆਪਣੇ ਆਪ ਨੂੰ ਬਦਲਾਅ ਦੀ ਮਿਸਾਲ ਦੱਸਦੀ ਹੈ ਤਾਂ ਉਸ ਨੂੰ ਆਪਣੇ ਅਮਲਾਂ ਨਾਲ ਇਹ ਸਾਬਤ ਵੀ ਕਰਨਾ ਪਵੇਗਾ। ਸਿਰਫ਼ ਨਾਂ ਵਿੱਚੋਂ ‘ਆਮ ਆਦਮੀ’ ਜੋੜ ਲੈਣ ਨਾਲ ਕੋਈ ਪਾਰਟੀ ਆਮ ਲੋਕਾਂ ਦੀ ਨਹੀਂ ਬਣ ਜਾਂਦੀ। ਲੋਕਾਂ ਦੇ ਹੱਕਾਂ, ਰੁਜ਼ਗਾਰ, ਸਿੱਖਿਆ, ਸਿਹਤ ਅਤੇ ਲੋਕਤੰਤਰੀ ਆਜ਼ਾਦੀਆਂ ਲਈ ਖੜ੍ਹਨਾ ਪੈਂਦਾ ਹੈ।
ਪਰ ਸਿਆਸਤ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਜਿਹੜੇ ਆਗੂ ਕੱਲ੍ਹ ਤੱਕ ਲੋਕਾਂ ਨੂੰ ਇਨਕਲਾਬ ਦੇ ਸੁਪਨੇ ਦਿਖਾਉਂਦੇ ਸਨ, ਉਹ ਅੱਜ ਆਪਣੇ ਸਿਆਸੀ ਭਵਿੱਖ ਦੀ ਸੁਰੱਖਿਆ ਲਈ ਨਵੇਂ ਦਰਵਾਜ਼ੇ ਲੱਭ ਰਹੇ ਹਨ। ਲੋਕਾਂ ਦੇ ਫ਼ਤਵੇ ਦੀ ਕੀਮਤ ਕੀ ਰਹਿ ਜਾਂਦੀ ਹੈ, ਜਦੋਂ ਚੁਣੇ ਹੋਏ ਨੁਮਾਇੰਦੇ ਪਾਰਟੀ ਬਦਲ ਲੈਂਦੇ ਹਨ?
ਇਹ ਲੋਕਤੰਤਰ ਹੈ ਜਾਂ ਸਿਆਸੀ ਪੰਛੀਆਂ ਦੀ ਪਰਵਾਸ ਯਾਤਰਾ?
ਪੰਛੀ ਤਾਂ ਮੌਸਮ ਬਦਲਣ ’ਤੇ ਆਪਣਾ ਟਿਕਾਣਾ ਬਦਲਦੇ ਹਨ, ਪਰ ਸਿਆਸੀ ਪੰਛੀ ਹਵਾ ਦਾ ਰੁਖ਼ ਵੇਖ ਕੇ ਆਪਣਾ ਆਲ੍ਹਣਾ ਬਦਲ ਲੈਂਦੇ ਹਨ। ਕਦੇ ਸੱਤਾ ਦਾ ਡਰ, ਕਦੇ ਜਾਂਚ ਦਾ ਡਰ, ਕਦੇ ਅਹੁਦੇ ਦੀ ਲਾਲਸਾ ਅਤੇ ਕਦੇ ਸਿਆਸੀ ਭਵਿੱਖ ਦੀ ਚਿੰਤਾ।
ਹੁਣ ਲੋਕਾਂ ਨੂੰ ਵੀ ਸਮਝਣਾ ਪਵੇਗਾ ਕਿ ਵੋਟ ਪਾਉਣ ਦਾ ਮਤਲਬ ਸਿਰਫ਼ ਕਿਸੇ ਚਿਹਰੇ ਨੂੰ ਜਿਤਾਉਣਾ ਨਹੀਂ, ਸਗੋਂ ਉਸ ਨੂੰ ਜਵਾਬਦੇਹ ਬਣਾਉਣਾ ਵੀ ਹੈ। ਜਿਹੜਾ ਆਗੂ ਲੋਕਾਂ ਦੀਆਂ ਵੋਟਾਂ ਲੈ ਕੇ ਆਪਣੀ ਸਹੂਲਤ ਅਨੁਸਾਰ ਪਾਰਟੀ ਬਦਲ ਲੈਂਦਾ ਹੈ, ਉਸ ਨੂੰ ਲੋਕਾਂ ਦੇ ਸਵਾਲਾਂ ਦਾ ਜਵਾਬ ਵੀ ਦੇਣਾ ਚਾਹੀਦਾ ਹੈ।
ਆਖ਼ਰ ਵਿੱਚ ਸਿਆਸੀ ਪੰਛੀਆਂ ਨੂੰ ਇੱਕੋ ਗੱਲ ਕਹਿਣੀ ਬਣਦੀ ਹੈ:
ਤੂੰ ਉੱਡ ਜਾ ਭੋਲਿਆ ਪੰਛੀਆ, ਤੇਰੀ ਜਾਨ ਨੂੰ ਖ਼ਤਰਾ! ਪਰ ਯਾਦ ਰੱਖੀਂ, ਆਲ੍ਹਣਾ ਬਦਲਣ ਨਾਲ ਪੁਰਾਣੇ ਕਰਮਾਂ ਦਾ ਹਿਸਾਬ ਨਹੀਂ ਬਦਲਦਾ।
++
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।