ਈਟਾਨਗਰ, 12 ਨਵੰਬਰ, ਬੋਲੇ ਪੰਜਾਬ ਬਿਊਰੋ :
ਅਰੁਣਾਚਲ ਪ੍ਰਦੇਸ਼ ਦੇ ਕੁਰੁੰਗ ਕੁਮੇ ਜ਼ਿਲ੍ਹੇ ਵਿੱਚ ਅੱਜ ਵੀਰਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਅੱਗ ਵਿੱਚ ਇੱਕ ਔਰਤ ਅਤੇ ਉਸ ਦੇ ਤਿੰਨ ਨਾਬਾਲਗ ਬੱਚੇ—ਦੋ ਪੁੱਤਰ ਅਤੇ ਇੱਕ ਧੀ—ਦੀ ਮੌਤ ਹੋ ਗਈ। ਔਰਤ ਦਾ ਪਤੀ ਅਜੇ ਵੀ ਲਾਪਤਾ ਹੈ, ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅਧਿਕਾਰੀਆਂ ਅਨੁਸਾਰ, ਅੱਗ ਲੱਗਣ ਕਾਰਨ ਘੱਟੋ-ਘੱਟ 24 ਘਰ ਨੁਕਸਾਨੇ ਗਏ ਜਾਂ ਤਬਾਹ ਹੋ ਗਏ।
ਡਿਪਟੀ ਕਮਿਸ਼ਨਰ ਚਿਚੁੰਗ ਚੁਖੂ ਨੇ ਦੱਸਿਆ ਕਿ ਅੱਗ ਜ਼ਿਲ੍ਹੇ ਦੇ ਪਾਰਸੀ-ਪਾਰਲੋ ਕਸਬੇ ਵਿੱਚ ਸਵੇਰੇ ਕਰੀਬ 2:30 ਵਜੇ ਲੱਗੀ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਨਾਲ ਲੱਗਦੇ ਘਰਾਂ ਤੱਕ ਫੈਲ ਗਈਆਂ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਅਨੁਸਾਰ, 19 ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ, ਜਦਕਿ ਪੰਜ ਹੋਰ ਘਰਾਂ ਨੂੰ ਅੰਸ਼ਕ ਨੁਕਸਾਨ ਪਹੁੰਚਿਆ।












