ਥੁੱਕ ਚੱਟਣਾ ਤੇ ਸਿਰ ਉੱਚਾ ਰੱਖਣਾ! ਬੇਸ਼ਰਮਾਂ ਦਾ ਮੁਕਾਬਲਾ!
ਸਿਆਸਤ ਵਿੱਚ ਥੁੱਕ ਕੇ ਚੱਟਣ ਵਾਲਿਆਂ ਨੂੰ ਵੀ ਵੱਡੇ ਆਗੂ ਮੰਨਿਆ ਜਾਂਦਾ ਹੈ। ਸਿਆਸਤ ਦਾ ਇਹੋ ਜਿਹਾ ਚਰਿੱਤਰ ਹੈ ਕਿ ਜਿਹੜੇ ਲੋਕ ਕੱਲ੍ਹ ਤੱਕ ਇੱਕ-ਦੂਜੇ ਨੂੰ ਪਾਣੀ ਪੀ-ਪੀ ਕੇ ਕੋਸਦੇ ਸਨ, ਅੱਜ ਉਹੋ ਇੱਕੋ ਮੇਜ਼ ਉੱਤੇ ਬੈਠ ਕੇ ਰਾਜਨੀਤੀ ਦੀ ਖਿਚੜੀ ਪਕਾ ਰਹੇ ਹਨ। ਕੱਲ੍ਹ ਦੇ ਦੁਸ਼ਮਣ ਅੱਜ ਦੇ ਮਿੱਤਰ ਬਣ ਜਾਂਦੇ ਹਨ ਅਤੇ ਕੱਲ੍ਹ ਦੇ ਵਾਅਦੇ ਅੱਜ ਦੀਆਂ ਫਾਈਲਾਂ ਵਿੱਚ ਦਫ਼ਨ ਹੋ ਜਾਂਦੇ ਹਨ।
ਪੰਜਾਬ ਦੀ ਮੌਜੂਦਾ ਸਰਕਾਰ ਵੱਲ ਹੀ ਦੇਖ ਲਓ। ਪਿਛਲੇ ਸਮਿਆਂ ਵਿੱਚ ਕਿੰਨੀ ਵਾਰ ਆਪਣੇ ਕੀਤੇ ਫ਼ੈਸਲਿਆਂ ਤੋਂ ਪਿੱਛੇ ਹਟਣਾ ਪਿਆ, ਕਿੰਨੇ ਐਲਾਨਾਂ ਨੂੰ ਵਾਪਸ ਲੈਣਾ ਪਿਆ ਅਤੇ ਕਿੰਨੇ ਵਾਅਦਿਆਂ ਦੀ ਹਵਾ ਨਿਕਲੀ, ਇਸ ਦੀ ਕੋਈ ਇੱਕ-ਇੱਕ ਗਿਣਤੀ ਕਰਨੀ ਵੀ ਔਖੀ ਹੈ। ਪਹਿਲਾਂ ਫ਼ੈਸਲਾ ਕਰਨਾ, ਫਿਰ ਵਿਰੋਧ ਹੋਣ ‘ਤੇ ਪੈਰ ਪਿੱਛੇ ਖਿੱਚ ਲੈਣੇ ਅਤੇ ਅੰਤ ਵਿੱਚ ਇਸ ਨੂੰ ਲੋਕ-ਹਿੱਤ ਦਾ ਫ਼ੈਸਲਾ ਦੱਸ ਦੇਣਾ, ਸਿਆਸੀ ਕਲਾ ਦਾ ਨਵਾਂ ਨਮੂਨਾ ਬਣ ਗਿਆ ਹੈ।
ਹੁਣ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਦੇ ਮੁੱਖ ਸਕੱਤਰ ਨੂੰ ਜਵਾਬਦੇਹੀ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਦਾਲਤ ਵੱਲੋਂ ਸਰਕਾਰੀ ਪੱਖ ਦੇ ਬਿਆਨਾਂ ਅਤੇ ਕਾਰਵਾਈਆਂ ਉੱਤੇ ਸਵਾਲ ਉਠਾਏ ਜਾਣੇ ਕੋਈ ਛੋਟੀ ਗੱਲ ਨਹੀਂ। ਜੇ ਅਦਾਲਤ ਕਿਸੇ ਅਧਿਕਾਰੀ ਨੂੰ ਗ਼ਲਤ ਬਿਆਨਬਾਜ਼ੀ ਲਈ ਜੁਰਮਾਨਾ ਕਰਦੀ ਹੈ ਤਾਂ ਇਹ ਸਿਰਫ਼ ਇੱਕ ਅਧਿਕਾਰੀ ਦਾ ਮਸਲਾ ਨਹੀਂ ਰਹਿੰਦਾ, ਸਗੋਂ ਪੂਰੀ ਪ੍ਰਸ਼ਾਸਕੀ ਵਿਵਸਥਾ ਦੀ ਭਰੋਸੇਯੋਗਤਾ ਉੱਤੇ ਸਵਾਲ ਬਣ ਜਾਂਦਾ ਹੈ।
ਦੂਜੇ ਪਾਸੇ, ਸੁਖਬੀਰ ਸਿੰਘ ਬਾਦਲ ਤੋਂ ਸਿਆਸੀ ਦੂਰੀ ਬਣਾਉਣ ਵਾਲੇ ਕੁਝ ਆਗੂਆਂ ਦੇ ਮੁੜ ਬਦਲਦੇ ਰੁਖ਼ ਵੀ ਚਰਚਾ ਦਾ ਵਿਸ਼ਾ ਹਨ। ਜਿਹੜੇ ਕੱਲ੍ਹ ਤੱਕ ਵੱਖਰੇ ਰਾਹਾਂ ਦੇ ਦਾਅਵੇ ਕਰਦੇ ਸਨ, ਅੱਜ ਮੁੜ ਪੁਰਾਣੇ ਸਿਆਸੀ ਦਰਵਾਜ਼ਿਆਂ ਵੱਲ ਦੇਖ ਰਹੇ ਹਨ। ਲੱਗਦਾ ਹੈ ਕਿ ਸਿਆਸਤ ਵਿੱਚ ਅਸੂਲਾਂ ਦੀ ਉਮਰ ਚੋਣਾਂ ਦੇ ਕੈਲੰਡਰ ਨਾਲੋਂ ਵੀ ਛੋਟੀ ਹੋ ਗਈ ਹੈ। ਇਨ੍ਹਾਂ ਆਗੂਆਂ ਨੇ ਬੇਸ਼ਰਮੀ ਦੇ ਲੋਦੇ ਕਿਹੜੇ ਹਸਪਤਾਲ ਤੋਂ ਲਗਵਾਏ ਹਨ, ਇਹ ਸੱਚਮੁੱਚ ਖੋਜ ਦਾ ਵਿਸ਼ਾ ਹੈ!
ਸਿਆਸਤ ਵਿੱਚ ਥੁੱਕ ਚੱਟਣ ਦੀ ਕਲਾ ਦਾ ਆਪਣਾ ਹੀ ਵਿਗਿਆਨ ਹੈ। ਜਦੋਂ ਕੁਰਸੀ ਸਾਹਮਣੇ ਹੋਵੇ ਤਾਂ ਕੱਲ੍ਹ ਦੀ ਬੋਲੀ ਅੱਜ ਬਦਲ ਜਾਂਦੀ ਹੈ। ਜਿਹੜਾ ਕੱਲ੍ਹ ਗ਼ਲਤ ਸੀ, ਅੱਜ ਸਹੀ ਹੋ ਜਾਂਦਾ ਹੈ। ਜਿਹੜਾ ਕੱਲ੍ਹ ਭ੍ਰਿਸ਼ਟ ਸੀ, ਅੱਜ ਸਿਆਸੀ ਸਾਥੀ ਬਣ ਜਾਂਦਾ ਹੈ। ਜਿਹੜਾ ਕੱਲ੍ਹ ਲੋਕਤੰਤਰ ਦਾ ਦੁਸ਼ਮਣ ਸੀ, ਅੱਜ ਲੋਕਤੰਤਰ ਬਚਾਉਣ ਵਾਲਾ ਐਲਾਨਿਆ ਜਾਂਦਾ ਹੈ।
ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਨੂੰ ਹੁਣ ਕੁਝ ਮਹੀਨੇ ਰਹਿ ਗਏ ਹਨ। ਸਿਆਸੀ ਪਾਰਟੀਆਂ ਨੇ ਆਪੋ-ਆਪਣੀਆਂ ਦੁਕਾਨਾਂ ਸਜਾ ਲਈਆਂ ਹਨ। ਕੋਈ ਪੁਰਾਣੀ ਪਾਰਟੀ ਛੱਡ ਕੇ ਨਵੀਂ ਦੁਕਾਨ ਵਿੱਚ ਜਾ ਬੈਠਦਾ ਹੈ, ਕੋਈ ਪੁਰਾਣੇ ਗਾਹਕਾਂ ਨੂੰ ਨਵੇਂ ਵਾਅਦਿਆਂ ਦੀ ਪੈਕਿੰਗ ਵਿੱਚ ਮਾਲ ਵੇਚਣ ਲੱਗ ਪੈਂਦਾ ਹੈ। ਕੋਈ ਪੰਜਾਬ ਬਚਾਉਣ ਦਾ ਨਾਅਰਾ ਲਾਉਂਦਾ ਹੈ ਤੇ ਕੋਈ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਦਾ ਸੁਪਨਾ ਦਿਖਾਉਂਦਾ ਹੈ। ਪਰ ਸਵਾਲ ਇਹ ਹੈ ਕਿ ਪੰਜਾਬ ਨੂੰ ਬਚਾਉਣ ਵਾਲਾ ਕੌਣ ਹੈ?
ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਕਿੱਥੇ ਹੈ? ਕਿਸਾਨਾਂ ਦੀ ਆਰਥਿਕਤਾ ਦਾ ਕੀ ਬਣੇਗਾ? ਮਜ਼ਦੂਰਾਂ ਦੀ ਜ਼ਿੰਦਗੀ ਕਦੋਂ ਬਦਲੇਗੀ? ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਕਦੋਂ ਸੁਧਰੇਗੀ? ਨਸ਼ਿਆਂ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਕਰਜ਼ੇ ਅਤੇ ਪਰਵਾਸ ਦੇ ਮਸਲਿਆਂ ਦਾ ਜਵਾਬ ਕੌਣ ਦੇਵੇਗਾ?
ਇਨ੍ਹਾਂ ਸਵਾਲਾਂ ਦੇ ਜਵਾਬ ਕਿਸੇ ਵੀ ਸਿਆਸੀ ਆਗੂ ਦੀ ਜੇਬ ਵਿੱਚ ਨਹੀਂ ਮਿਲਦੇ। ਕਿਉਂਕਿ ਬਹੁਤਿਆਂ ਦੀ ਦਿਲਚਸਪੀ ਪੰਜਾਬ ਦੀ ਤਕਦੀਰ ਬਦਲਣ ਵਿੱਚ ਨਹੀਂ, ਆਪਣੀ ਤਕਦੀਰ ਚਮਕਾਉਣ ਵਿੱਚ ਹੈ। ਕਿਸੇ ਨੂੰ ਕੁਰਸੀ ਦੀ ਚਿੰਤਾ ਹੈ, ਕਿਸੇ ਨੂੰ ਆਪਣੀ ਸਿਆਸੀ ਹੋਂਦ ਦੀ ਅਤੇ ਕਿਸੇ ਨੂੰ ਆਪਣੀ ਜਾਇਦਾਦ ਦੇ ਵਾਧੇ ਦੀ। ਜਾਇਜ਼ ਤੇ ਨਾਜਾਇਜ਼ ਢੰਗ ਨਾਲ ਬਣਾਈਆਂ ਜਾਇਦਾਦਾਂ ਦੀ ਰਾਖੀ ਵੀ ਸਿਆਸੀ ਸਰਗਰਮੀ ਦਾ ਅਹਿਮ ਹਿੱਸਾ ਬਣ ਗਈ ਹੈ।
ਪਰ ਲੋਕਤੰਤਰ ਕੋਈ ਸਿਆਸੀ ਸਰਾਂ ਨਹੀਂ, ਜਿੱਥੇ ਆਗੂ ਆਪਣੀ ਸਹੂਲਤ ਮੁਤਾਬਕ ਆਉਣ-ਜਾਣ ਅਤੇ ਟਿਕਾਣਾ ਬਦਲਦੇ ਰਹਿਣ। ਇਹ ਲੋਕਾਂ ਦੇ ਵਿਸ਼ਵਾਸ ਦੀ ਵਿਵਸਥਾ ਹੈ। ਇਸ ਵਿੱਚ ਆਗੂਆਂ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਪਾਰਟੀ ਬਦਲਣਾ ਕੋਈ ਗੁਨਾਹ ਨਹੀਂ, ਪਰ ਲੋਕਾਂ ਨਾਲ ਕੀਤੇ ਵਾਅਦਿਆਂ, ਵਿਚਾਰਧਾਰਾ ਅਤੇ ਜਨਤਕ ਜਵਾਬਦੇਹੀ ਨੂੰ ਪੈਰਾਂ ਹੇਠ ਰੋਲਣਾ ਸਿਆਸੀ ਬੇਈਮਾਨੀ ਹੈ।
ਥੁੱਕ ਕੇ ਚੱਟਣ ਵਾਲੇ ਸ਼ਾਇਦ ਕੁਰਸੀ ਉੱਤੇ ਬੈਠ ਜਾਣ, ਪਰ ਲੋਕਾਂ ਦੇ ਮਨਾਂ ਵਿੱਚ ਉੱਚੇ ਨਹੀਂ ਹੋ ਸਕਦੇ। ਜਿਸ ਸਿਆਸਤ ਵਿੱਚ ਜ਼ਮੀਰ ਨਾਲੋਂ ਜ਼ਿਆਦਾ ਕੁਰਸੀ ਦੀ ਕੀਮਤ ਹੋਵੇ, ਉੱਥੇ ਲੋਕਤੰਤਰ ਸਿਰਫ਼ ਚੋਣਾਂ ਤੱਕ ਸੀਮਤ ਰਹਿ ਜਾਂਦਾ ਹੈ। ਲੋਕਾਂ ਨੂੰ ਹੁਣ ਚਿਹਰੇ ਨਹੀਂ, ਚਰਿੱਤਰ ਪਛਾਨਣੇ ਪੈਣਗੇ। ਨਾਅਰੇ ਨਹੀਂ, ਕਾਰਗੁਜ਼ਾਰੀ ਦੇਖਣੀ ਪਵੇਗੀ। ਐਲਾਨ ਨਹੀਂ, ਹਿਸਾਬ ਮੰਗਣਾ ਪਵੇਗਾ। ਕਿਉਂਕਿ ਪੰਜਾਬ ਕੋਈ ਸਿਆਸੀ ਪ੍ਰਯੋਗਸ਼ਾਲਾ ਨਹੀਂ, ਜਿੱਥੇ ਹਰ ਪੰਜ ਸਾਲ ਬਾਅਦ ਨਵੀਂ ਸਰਕਾਰ ਆ ਕੇ ਲੋਕਾਂ ਦੇ ਸਬਰ ਦੀ ਪਰਖ ਕਰੇ।
ਯਾਦ ਰੱਖਿਓ! ਥੁੱਕ ਚੱਟ ਕੇ ਕੁਰਸੀ ਤਾਂ ਮਿਲ ਸਕਦੀ ਹੈ, ਪਰ ਇਤਿਹਾਸ ਵਿੱਚ ਸਿਰ ਉੱਚਾ ਰੱਖਣ ਲਈ ਜ਼ਮੀਰ ਜ਼ਿੰਦਾ ਹੋਣਾ ਚਾਹੀਦਾ ਹੈ। ਹੁਣ ਤਾਂ ਮਰੀਆਂ ਜਮੀਰਾਂ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੇਜਾ ਸਿੰਘ ਸੁਤੰਤਰ ਵਰਗੇ ਸਮਾਜ ਦੇ ਆਗੂ ਕਿਥੋਂ ਪੈਦਾ ਹੋਣਗੇ। ਜੀਹਨਾਂ ਨੇ ਆਪਣੇ ਕਿਰਦਾਰ ਨੂੰ ਹਮੇਸ਼ਾ ਉਪਰ ਰੱਖਿਆ ਹੈ। ਉਹਨਾਂ ਦੀ ਸੰਸਦ ਭਵਨ ਵਿੱਚ ਮੌਤ ਵੇਲੇ ਉਹਨਾਂ ਦੇ ਝੋਲੇ ਵਿਚੋਂ ਮਿੱਸੀਆਂ ਰੋਟੀਆਂ ਤੇ ਅਚਾਰ ਮਿਲਿਆ ਸੀ। ਇਹ ਸੀ ਉਹਨਾਂ ਦੀ ਨਿੱਜੀ ਜਾਇਦਾਦ ਤੇ ਹੁਣ ਕਿਸੇ ਮੁਹੱਲਾ ਆਗੂ ਦੇ ਘਰੋਂ ਕਰੋੜਾਂ ਰੁਪਏ ਮਿਲ ਜਾਂਦੇ ਹਨ। ਖ਼ੈਰ ਥੁੱਕ ਕੇ ਚੱਟਣ ਵਾਲਿਆਂ ਨੂੰ ਲੋਕ ਆਪਣੇ ਆਗੂ ਮੰਨਦੇ ਹਨ ਹਨ। ਕਸੂਰ ਆਗੂਆਂ ਦਾ ਨਹੀਂ ਲੋਕਾਂ ਦੀ ਸੋਚ ਤੇ ਕਿਰਦਾਰ ਹੈ।
+++
ਬੁੱਧ ਸਿੰਘ ਨੀਲੋਂ
9464370823












