ਜਦੋਂ ਦੀ ਜਗੀਰੋ ਜੰਮ ਪਈ!
ਜਿਸ ਦਿਨ ਜਗੀਰੋ ਨੇ ਸੁਖਬੀਰ ਦੇ ਵਿਹੜੇ ਵਿੱਚ ਪਜੰਤਰ ਫੁੱਟੀ ਛਾਲ ਮਾਰੀ ਹੈ, ਉਸ ਦਿਨ ਤੋਂ ਬਾਦਲਾਂ ਦੇ ਬਨੇਰਿਆਂ ਉੱਤੇ ਨਵੇਂ ਰਾਗ ਅਲਾਪੇ ਜਾਣ ਲੱਗ ਪਏ ਹਨ। ਕਿਤੇ ਢੋਲ ਜਗੀਰੋ ਦਾ ਵੱਜ ਰਿਹਾ ਹੈ ਤੇ ਕਿਤੇ ਪੁਰਾਣੀਆਂ ਯਾਦਾਂ ਦੀਆਂ ਟੇਪਾਂ ਮੁੜ ਚਲਾ ਦਿੱਤੀਆਂ ਗਈਆਂ ਹਨ। ਉਧਰ ਇੱਕ ਸੱਜਣ ਨੇ ਸਿਰ ਉੱਤੇ ਮੰਜੀ ਚੁੱਕੀ ਹੋਈ ਹੈ ਤੇ ਗਲ ਵਿੱਚ ਟੇਪ ਰਿਕਾਰਡ ਪਾਇਆ ਫਿਰਦਾ ਹੈ। ਉਹ ਇੱਕੋ ਗੀਤ ਵਾਰ-ਵਾਰ ਸੁਣਾਉਂਦਾ ਹੈ,
ਜਦੋਂ ਦੀ ਜਗੀਰੋ ਜੰਮ ਪਈ, ਕਦੇ ਜੋੜ ਮੰਜੀਆਂ ਨਾ ਡਾਹੀਆਂ! ਫੇਸਬੁੱਕ ਖੋਲ੍ਹੋ ਤਾਂ ਕਦੇ ਮਾਣਕ ਦੀ ਆਵਾਜ਼ ਸੁਣਾਈ ਦਿੰਦੀ ਹੈ, ਕਦੇ ਜਿਉਣਾ ਮੌੜ ਘੋੜੀ ਉੱਤੇ ਫ਼ਰਾਰ ਹੁੰਦਾ ਦਿਸਦਾ ਹੈ। ਪਿੱਛੇ ਕੌਣ ਬੈਠਾ ਹੈ, ਇਹ ਦੇਖਣ ਲਈ ਐਨਕ ਦੀ ਨਹੀਂ, ਸਿਆਸੀ ਸਮਝ ਦੀ ਲੋੜ ਹੈ। ਉਧਰ ਅਕਾਲੀ ਕੰਪਨੀ ਦੀ ਰੈਲੀ ਵਿੱਚ ਪੁਰਾਣੇ ਚਿਹਰੇ ਨਵੇਂ ਜੋਸ਼ ਨਾਲ ਹਾਜ਼ਰ ਹਨ। ਜਗੀਰੋ ਦੇ ਮਿੱਠੇ ਬੋਲਾਂ ਵਿੱਚੋਂ ਸਿਆਸਤ ਦੀ ਪੁਰਾਣੀ ਖੰਡ ਵੀ ਝਲਕਦੀ ਹੈ। ਉਹ ਪੁੱਛਦੀ ਹੈ,ਜ਼ਰਾ ਲੱਤਾਂ ਸਿੱਧੀਆਂ ਕਰੋ, ਮੈਂ ਦੇਖਣਾ ਤੁਹਾਡੀਆਂ ਲੱਤਾਂ ਵਿੱਚ ਜਾਨ ਹੈ?
ਹੁਣ ਸਵਾਲ ਇਹ ਹੈ ਕਿ ਲੱਤਾਂ ਵਿੱਚ ਜਾਨ ਹੈ ਜਾਂ ਕੁਰਸੀਆਂ ਵਿੱਚ? ਕਿਉਂਕਿ ਸਿਆਸਤ ਵਿੱਚ ਕਈ ਵਾਰ ਤੁਰਨ ਵਾਲੇ ਪੈਰਾਂ ਨਾਲੋਂ ਕੁਰਸੀ ਵੱਲ ਵਧਦੇ ਕਦਮ ਵੱਧ ਮਹੱਤਵ ਰੱਖਦੇ ਹਨ। ਕਰ ਲਵੋ ਘਿਓ ਨੂੰ ਭਾਂਡਾ! ਵਿਰਾਸਤ ਦੀ ਪੰਡ ਖੁੱਲ੍ਹ ਗਈ ਹੈ। ਪੁਰਾਣੇ ਸੰਦੂਕਾਂ ਵਿੱਚੋਂ ਨਵੇਂ ਸੁਪਨੇ ਕੱਢੇ ਜਾ ਰਹੇ ਹਨ। ਕਿਸੇ ਨੂੰ ਸਰਦੀ ਵਿੱਚ ਤੌਣੀਆਂ ਆਉਂਦੀਆਂ ਹਨ ਤੇ ਕਿਸੇ ਨੂੰ ਬਸੰਤ ਦੀ ਆਸ ਲੱਗੀ ਹੋਈ ਹੈ। ਉਧਰ ਸਾਈਕਲ ਵਾਲੇ ਸਵਾਰ ਨੇ ਵੀ ਆਪਣੀ ਯਾਤਰਾ ਆਰੰਭ ਦਿੱਤੀ ਹੈ। ਸਾਈਕਲ ਦੀਆਂ ਟੱਲੀਆਂ ਵੱਜ ਰਹੀਆਂ ਹਨ। ਰਾਹ ਵਿੱਚ ਕਈ ਹੱਥ ਮਿਲਦੇ ਹਨ, ਕਈ ਹੱਥ ਛੁੱਟਦੇ ਹਨ। ਕੌਣ ਕਿਸ ਦੇ ਸਾਈਕਲ ਉੱਤੇ ਸਵਾਰ ਹੈ ਤੇ ਕੌਣ ਕਿਸ ਨੂੰ ਪਿੱਛੇ ਬਿਠਾ ਕੇ ਲਿਜਾ ਰਿਹਾ ਹੈ, ਇਹ ਤਾਂ ਚੋਣਾਂ ਦੇ ਮੋੜ ਉੱਤੇ ਪਤਾ ਲੱਗੇਗਾ।
ਨੀਂ ਬਹਿ ਜਾ ਮੇਰੇ ਸਾਈਕਲ ਤੇ, ਟੱਲੀਆਂ ਵਜਾਉਂਦਾ ਜਾਊਂ!
ਇੱਧਰ ਖੇਤੀਬਾੜੀ ਦੇ ਖੇਤਾਂ ਦਾ ਇੱਕ ਮਾਲੀ ਦਿੱਲੀ ਵਾਲੇ ਮਾਲੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ ਨਜ਼ਰ ਆ ਰਿਹਾ ਹੈ। ਦੋਵਾਂ ਦੇ ਹੱਥਾਂ ਵਿੱਚ ਕਿਸਾਨੀ ਦੀ ਫ਼ਸਲ ਦੇ ਸੁਪਨੇ ਹਨ। ਵੇਖਣਾ ਇਹ ਹੈ ਕਿ ਬੀਜ ਕੌਣ ਪਾਉਂਦਾ ਹੈ, ਖਾਦ ਕੌਣ ਪਾਉਂਦਾ ਹੈ ਤੇ ਵਾਢੀ ਵੇਲੇ ਫ਼ਸਲ ਕਿਸ ਦੇ ਘਰ ਜਾਂਦੀ ਹੈ। ਆਮ ਆਦਮੀ ਦੇ ਵਿਹੜਿਆਂ ਵਿੱਚ ਅੱਜਕੱਲ੍ਹ ਪੀਪਣੀਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਕਿਤੇ ਬਿਸਮਿੱਲਾ ਖ਼ਾਂ ਦੀ ਸ਼ਹਿਨਾਈ ਦਾ ਜ਼ਿਕਰ ਹੈ ਤੇ ਕਿਤੇ ਸਰਕਾਰੀ ਫਾਈਲਾਂ ਦੀ ਸਰਸਰਾਹਟ ਸੁਣਾਈ ਦਿੰਦੀ ਹੈ।
ਲੋਕ ਘੁਸਰ-ਮੁਸਰ ਕਰਦੇ ਹਨ ਕਿ ਹੁਣ ਕੋਈ ਨਵੀਂ ਪਟਾਰੀ ਖੁੱਲ੍ਹਣ ਵਾਲੀ ਹੈ। ਤਿੰਨ ਉੱਚ ਅਧਿਕਾਰੀਆਂ ਤੱਕ ਸੰਮਨਾਂ ਦੀ ਦਸਤਕ ਪਹੁੰਚਣ ਦੀਆਂ ਖ਼ਬਰਾਂ ਹਨ। ਅਦਾਲਤਾਂ ਦੇ ਦਰਵਾਜ਼ਿਆਂ ਉੱਤੇ ਸਰਕਾਰੀ ਦਲੀਲਾਂ ਦੀਆਂ ਪੋਟਲੀਆਂ ਪਈਆਂ ਹਨ। ਹੁਣ ਹਾਈਕੋਰਟ ਵਿੱਚ ਕਿਹੜੀ ਪਟਾਰੀ ਖੁੱਲ੍ਹੇਗੀ, ਕਿਹੜੀ ਫਾਈਲ ਬੋਲੇਗੀ ਤੇ ਕਿਹੜਾ ਕਾਗਜ਼ ਕਿਸ ਦੀ ਚੁੱਪ ਤੋੜੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਰ ਪੰਜਾਬ ਦੀ ਸਿਆਸਤ ਦਾ ਤਮਾਸ਼ਾ ਦੇਖ ਕੇ ਇੱਕ ਗੱਲ ਸਮਝ ਨਹੀਂ ਆਉਂਦੀ। ਕੋਈ ਮੰਜੀ ਚੁੱਕੀ ਫਿਰਦਾ ਹੈ, ਕੋਈ ਸਾਈਕਲ ਚਲਾ ਰਿਹਾ ਹੈ, ਕੋਈ ਢੋਲ ਵਜਾ ਰਿਹਾ ਹੈ, ਕੋਈ ਪੀਪਣੀ ਵਜਾ ਰਿਹਾ ਹੈ ਤੇ ਕੋਈ ਵਿਰਾਸਤ ਦੀ ਪੰਡ ਖੋਲ੍ਹ ਰਿਹਾ ਹੈ। ਪਰ ਪੰਜਾਬ ਦੇ ਵਿਹੜੇ ਵਿੱਚ ਬੈਠੇ ਲੋਕਾਂ ਦੀ ਮੰਜੀ ਕਦੋਂ ਡਾਹੀ ਜਾਵੇਗੀ? ਉਨ੍ਹਾਂ ਦੀਆਂ ਸਮੱਸਿਆਵਾਂ ਦੀ ਗੱਠੜੀ ਕੌਣ ਖੋਲ੍ਹੇਗਾ? ਸਿਆਸਤਦਾਨਾਂ ਦੇ ਵਿਹੜੇ ਵਿੱਚ ਰੌਣਕਾਂ ਹਨ, ਪਰ ਪੰਜਾਬ ਦੇ ਘਰਾਂ ਵਿੱਚ ਸਵਾਲਾਂ ਦਾ ਹਨੇਰਾ ਹੈ। ਗੀਤ ਬਦਲ ਰਹੇ ਹਨ, ਸਾਜ਼ ਬਦਲ ਰਹੇ ਹਨ, ਗਵੱਈਏ ਬਦਲ ਰਹੇ ਹਨ, ਪਰ ਰਾਗ ਉਹੀ ਪੁਰਾਣਾ ਹੈ। ਕੁਰਸੀ ਦੀ ਸੁਰ, ਸੱਤਾ ਦਾ ਤਾਲ ਤੇ ਲੋਕਾਂ ਦੀ ਤਾੜੀ!
ਬੁੱਧ ਬਾਣ ਦਾ ਸਵਾਲ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਲੋਕ ਕਦੋਂ ਮੁੱਖ ਪਾਤਰ ਬਣਨਗੇ ਤੇ ਆਗੂ ਕਦੋਂ ਜਵਾਬਦੇਹ ਹੋਣਗੇ? ਜ਼ਿੰਦਗੀ ਜ਼ਿੰਦਾਬਾਦ ਹੈ, ਪਰ ਸਿਆਸੀ ਨਾਟਕ ਦਾ ਅੰਤ ਕਦੋਂ ਹੋਵੇਗਾ?
ਪੰਜਾਬ ਸਿਉਂ ਸਿਰ ਖੁਰਕਦਾ ਹੈ, ਉਸਦੇ ਸਿਰ ਵਿੱਚੋਂ ਸਿਰਕੀ ਡਿੱਗਦੀ ਹੈ। ਪੰਜਾਬ ਸਿਉਂ ਦੀ ਬੇਬੇ ਪੁੱਛਦੀ ਹੈ ਕਿ ਪੁੱਤ ਇਹ ਸਿਰ ਚਿੱਟਾ ਕਿਥੋਂ ਪੁਆ ਆਇਆ?
++++
ਬੁੱਧ ਸਿੰਘ ਨੀਲੋਂ
9464370823












