ਕਲਮ ਦਾ ਫੁੱਲ ਖਿੜੇਗਾ ਜਾਂ ਕਮਲ ਦਾ?
ਫੁੱਲ ਦੀ ਖੁਸ਼ਬੂ ਕੁੱਝ ਸਮੇਂ ਲਈ ਹੁੰਦੀ ਹੈ, ਪਰ ਕਲਮ ਨਾਲ ਲਿਖਿਆ ਸਦੀਆਂ ਤੱਕ ਮਹਿਕਦਾ ਹੋਇਆ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਖੁਸ਼ਬੂ ਵੰਡਦਾ ਹੈ। ਪੰਜਾਬ ਦੇ ਕਲਮਾਂ ਦੀ ਕੋਈ ਘਾਟ ਨਹੀਂ, ਘਾਟ ਇਸ ਗੱਲ ਦੀ ਹੈ ਕਿ ਉਹ ਲੋਕ ਪੱਖੀ ਵਿਚਾਰਧਾਰਾ ਨੂੰ ਪ੍ਰਣਾਈਆਂ ਹੋਈਆਂ ਹਨ ਜਾਂ ਫਿਰ ਉਹ ਆਪਣੇ ਮੰਨੋਰੰਜਨ ਦਾ ਸਾਧਨ ਬਣੀਆ ਹੋਈਆ ਹਨ? ਕਲਮ ਦਾ ਜਨਮ ਦੁਖਾਂ ਦਰਦਾਂ ਤੋਂ ਹੁੰਦਾ ਹੈ। ਉਹ ਜ਼ਬਰ ਤੇ ਜ਼ੁਲਮ ਦੀਆਂ ਜ਼ੰਜੀਰਾਂ ਨੂੰ ਤੋੜਣ ਤੇ ਦੱਬੇ ਕੁਚਲਿਆ ਨੂੰ ਜਗਾਉਣ ਤੇ ਜੋੜਣ ਲਈ ਹੁੰਦੀ ਹੈ।
ਛੱਪੜ ਵਿੱਚ ਕਮਲ ਖਿੜਦਾ ਹੈ। ਇਹ ਕੁਦਰਤ ਦਾ ਇੱਕ ਅਦਭੁੱਤ ਵਰਤਾਰਾ ਹੈ। ਚਿੱਕੜ ਵਿੱਚੋਂ ਉੱਠ ਕੇ ਕਮਲ ਦਾ ਖਿੜਨਾ ਕੁਦਰਤ ਦੀ ਖ਼ੂਬਸੂਰਤੀ ਵੀ ਹੈ ਅਤੇ ਜੀਵਨ ਦਾ ਫ਼ਲਸਫ਼ਾ ਵੀ। ਪਰ ਸਿਆਸਤ ਵਿੱਚ ਖਿੜਨ ਵਾਲੇ ਕਮਲ ਅਤੇ ਛੱਪੜ ਵਿੱਚ ਖਿੜਨ ਵਾਲੇ ਕਮਲ ਦਾ ਫ਼ਰਕ ਸਮਝਣਾ ਜ਼ਰੂਰੀ ਹੈ। ਕੁਦਰਤ ਦਾ ਕਮਲ ਚਿੱਕੜ ਵਿੱਚੋਂ ਨਿਕਲ ਕੇ ਖ਼ੁਸ਼ਬੂ ਵੰਡਦਾ ਹੈ, ਪਰ ਸਿਆਸਤ ਦਾ ਕਮਲ ਕਿਹੜੀ ਮਿੱਟੀ ਵਿੱਚੋਂ ਉੱਗਦਾ ਹੈ ਅਤੇ ਕਿਸ ਦੀ ਖਾਦ ਨਾਲ ਪਲਦਾ ਹੈ, ਇਹ ਪੜਤਾਲ ਦਾ ਵਿਸ਼ਾ ਹੈ।
ਪੰਜਾਬ ਇਸ ਵੇਲੇ ਸਿਆਸੀ, ਸਮਾਜਿਕ, ਆਰਥਿਕ ਅਤੇ ਬੌਧਿਕ ਖੜੋਤ ਦਾ ਸ਼ਿਕਾਰ ਹੈ। ਜਦੋਂ ਸਮਾਜ ਦੀ ਸੋਚ ਰੁਕ ਜਾਵੇ, ਸਿਆਸਤ ਸਿਧਾਂਤਾਂ ਤੋਂ ਬੇਮੁਖ ਹੋ ਜਾਵੇ ਅਤੇ ਲੋਕਾਂ ਦੇ ਸੁਪਨਿਆਂ ਦੀ ਥਾਂ ਸੱਤਾ ਦੀਆਂ ਕੁਰਸੀਆਂ ਮੱਲ ਲੈਣ ਤਾਂ ਸਮਾਜ ਵਿੱਚ ਅਨੇਕਾਂ ਅਲਾਮਤਾਂ ਜਨਮ ਲੈਂਦੀਆਂ ਹਨ। ਪੰਜਾਬ ਦੀ ਸਿਆਸਤ ਵੀ ਅੱਜ ਇਸੇ ਚੌਰਾਹੇ ਉੱਤੇ ਖੜ੍ਹੀ ਦਿਖਾਈ ਦਿੰਦੀ ਹੈ।
ਅਕਾਲੀ ਦਲ ਦੇ ਕਈ ਆਗੂ ਭਾਜਪਾ ਵੱਲ ਰੁਖ਼ ਕਰ ਰਹੇ ਹਨ। ਕਾਂਗਰਸ ਅੰਦਰ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਣ ਵਾਲੇ ਆਗੂਆਂ ਦੀ ਆਪਸੀ ਖਿੱਚੋਤਾਣ ਕਿਸੇ ਤੋਂ ਲੁਕੀ ਹੋਈ ਨਹੀਂ। ਹਰ ਕੋਈ ਆਪਣੇ ਆਪ ਨੂੰ ਪੰਜਾਬ ਦਾ ਭਵਿੱਖੀ ਮੁੱਖ ਮੰਤਰੀ ਸਮਝੀ ਬੈਠਾ ਹੈ। ਪੰਜਾਬ ਦਾ ਵਰਤਮਾਨ ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਪਰ ਭਵਿੱਖ ਦੀ ਕੁਰਸੀ ਹਰ ਕਿਸੇ ਨੂੰ ਦਿਖਾਈ ਦੇ ਰਹੀ ਹੈ।
ਆਮ ਆਦਮੀ ਪਾਰਟੀ ਅਤੇ ਭਾਜਪਾ ਦੀ ਵਿਚਾਰਧਾਰਕ ਨੇੜਤਾ ਬਾਰੇ ਵੀ ਸਵਾਲ ਉੱਠਦੇ ਰਹਿੰਦੇ ਹਨ। ਦੋਹਾਂ ਪਾਰਟੀਆਂ ਦੀ ਸਿਆਸੀ ਕਾਰਜਸ਼ੈਲੀ ਅਤੇ ਕੇਂਦਰੀਕ੍ਰਿਤ ਸਿਆਸੀ ਸੋਚ ਨੂੰ ਲੈ ਕੇ ਆਲੋਚਨਾ ਹੁੰਦੀ ਹੈ। ਨਾਗਪੁਰ ਦੀ ਵਿਚਾਰਧਾਰਕ ਛਾਂ ਦਾ ਜ਼ਿਕਰ ਵੀ ਪੰਜਾਬ ਦੀ ਸਿਆਸੀ ਬਹਿਸ ਵਿੱਚ ਅਕਸਰ ਸੁਣਨ ਨੂੰ ਮਿਲਦਾ ਹੈ। ਪਰ ਸਿਆਸਤ ਵਿੱਚ ਰਿਸ਼ਤੇਦਾਰੀਆਂ ਦੇ ਦਾਅਵੇ ਕਰਨ ਨਾਲੋਂ ਨੀਤੀਆਂ, ਫ਼ੈਸਲਿਆਂ ਅਤੇ ਅਮਲਾਂ ਦੀ ਪੜਤਾਲ ਵਧੇਰੇ ਜ਼ਰੂਰੀ ਹੈ।
ਸਵਾਲ ਇਹ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੀਆਂ ਬਾਹਾਂ ਕੌਣ ਮਰੋੜ ਰਿਹਾ ਹੈ? ਕਿਹੜੀਆਂ ਸਿਆਸੀ ਮਜਬੂਰੀਆਂ ਹਨ, ਜਿਹੜੀਆਂ ਕੱਲ੍ਹ ਤੱਕ ਇੱਕ-ਦੂਜੇ ਦੇ ਵਿਰੋਧੀ ਰਹੇ ਆਗੂਆਂ ਨੂੰ ਅੱਜ ਇੱਕੋ ਸਿਆਸੀ ਛੱਤ ਹੇਠ ਲਿਆ ਖੜ੍ਹਾ ਕਰਦੀਆਂ ਹਨ? ਕਿਹੜੇ ਡਰ, ਲਾਲਚ, ਸੱਤਾ ਦੇ ਸਮੀਕਰਨ ਅਤੇ ਭਵਿੱਖ ਦੀਆਂ ਗਿਣਤੀਆਂ ਉਨ੍ਹਾਂ ਦੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ?
ਇਹ ਸਵਾਲ ਪੰਜਾਬ ਦੇ ਲੋਕਾਂ ਨੂੰ ਪੁੱਛਣੇ ਚਾਹੀਦੇ ਹਨ।
ਭਾਜਪਾ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵਧਾਉਣ ਲਈ ਯਤਨਸ਼ੀਲ ਹੈ। ਜੇਕਰ ਵਿਰੋਧੀ ਪਾਰਟੀਆਂ ਦੇ ਆਗੂ ਹੀ ਇੱਕ-ਇੱਕ ਕਰਕੇ ਉਸ ਦੇ ਪਾਲੇ ਵਿੱਚ ਚਲੇ ਜਾਣ ਤਾਂ ਉਸ ਨੂੰ ਵੱਖਰੇ ਤੌਰ ‘ਤੇ ਵੱਡੀ ਸਿਆਸੀ ਲੜਾਈ ਲੜਨ ਦੀ ਲੋੜ ਕਿੱਥੇ ਰਹਿ ਜਾਂਦੀ ਹੈ? ਜਦੋਂ ਵਿਰੋਧੀ ਧਿਰ ਆਪਣੇ ਅੰਦਰੋਂ ਹੀ ਕਮਜ਼ੋਰ ਹੋ ਜਾਵੇ ਤਾਂ ਸੱਤਾਧਾਰੀ ਧਿਰ ਲਈ ਰਾਹ ਆਪਣੇ ਆਪ ਪੱਧਰਾ ਹੋ ਜਾਂਦਾ ਹੈ।
ਪਰ ਇੱਥੇ ਇੱਕ ਹੋਰ ਸਵਾਲ ਵੀ ਹੈ। ਕੀ ਪੰਜਾਬ ਦੀ ਸਿਆਸਤ ਵਿੱਚ ਕਮਲ ਖਿੜੇਗਾ ਜਾਂ ਲੋਕਾਂ ਦੀ ਚੇਤਨਾ ਵਿੱਚ ਕਲਮ ਦਾ ਫੁੱਲ ਖਿੜੇਗਾ? ਕਮਲ ਖਿੜਨ ਲਈ ਸਿਆਸੀ ਪਾਰਟੀਆਂ ਨੂੰ ਆਪਣੇ ਪੱਤੇ ਵਿਛਾਉਣੇ ਪੈਂਦੇ ਹਨ, ਪਰ ਕਲਮ ਦਾ ਫੁੱਲ ਖਿੜਨ ਲਈ ਲੋਕਾਂ ਦੇ ਮਨਾਂ ਵਿੱਚ ਵਿਚਾਰਾਂ ਦੇ ਬੀਜ ਬੀਜਣੇ ਪੈਂਦੇ ਹਨ। ਕਮਲ ਸੱਤਾ ਦਾ ਪ੍ਰਤੀਕ ਹੋ ਸਕਦਾ ਹੈ, ਪਰ ਕਲਮ ਸਵਾਲ ਕਰਨ, ਸੱਚ ਲਿਖਣ ਅਤੇ ਹੱਕਾਂ ਲਈ ਆਵਾਜ਼ ਉਠਾਉਣ ਦਾ ਪ੍ਰਤੀਕ ਹੈ। ਪੰਜਾਬ ਨੂੰ ਅੱਜ ਕਿਸੇ ਇੱਕ ਪਾਰਟੀ ਦੇ ਕਮਲ ਦੀ ਨਹੀਂ, ਸਗੋਂ ਅਜਿਹੀ ਕਲਮ ਦੀ ਲੋੜ ਹੈ ਜਿਹੜੀ ਸੱਤਾ ਦੇ ਗਲਿਆਰਿਆਂ ਵਿੱਚ ਵਿਕੇ ਨਾ, ਡਰ ਕੇ ਝੁਕੇ ਨਾ ਅਤੇ ਕਿਸੇ ਦੀ ਵਿਚਾਰਧਾਰਾ ਦੀ ਗ਼ੁਲਾਮ ਨਾ ਬਣੇ।
ਕਿਉਂਕਿ ਜਦੋਂ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਜ਼ਮੀਰ ਬਦਲਣ ਲੱਗ ਪੈਣ ਤਾਂ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਨਹੀਂ, ਸਗੋਂ ਸੋਚ ਨੂੰ ਹੋਰ ਤਿੱਖਾ ਕਰਨ ਦੀ ਲੋੜ ਹੁੰਦੀ ਹੈ। ਯਾਦ ਰੱਖਣਾ! ਛੱਪੜ ਵਿੱਚ ਕਮਲ ਤਾਂ ਖਿੜ ਸਕਦਾ ਹੈ, ਪਰ ਸਮਾਜ ਵਿੱਚ ਇਨਕਲਾਬ ਦੀ ਖ਼ੁਸ਼ਬੂ ਕਲਮ ਹੀ ਫੈਲਾਉਂਦੀ ਹੈ। ਸਿਆਸਤਦਾਨਾਂ ਦੀਆਂ ਕਲਮਾਂ ਵਿਕ ਸਕਦੀਆਂ ਹਨ, ਪਰ ਲੋਕਾਂ ਦੀ ਚੇਤਨਾ ਨਹੀਂ ਵਿਕਣੀ ਚਾਹੀਦੀ। ਕਮਲ ਖਿੜੇ ਜਾਂ ਨਾ ਖਿੜੇ, ਪੰਜਾਬ ਦੀ ਕਲਮ ਦਾ ਫੁੱਲ ਜ਼ਰੂਰ ਖਿੜਨਾ ਚਾਹੀਦਾ ਹੈ!
+++
ਬੁੱਧ ਸਿੰਘ ਨੀਲੋਂ
9464370823












