ਭਾਜਪਾ ਨੇ ਚੋਣਾਂ ਦੇ ਮਨੋਰਥ ਪੱਤਰ ਬਾਰੇ ਸੁਝਾਅ ਲੈਣ ਲਈ ਫ਼ੋਨ ਨੰਬਰ ਤੇ ਕਿਊ.ਆਰ. ਕੋਡ ਕੀਤੇ ਜਾਰੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 22 ਨਵੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਭਾਜਪਾ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ‘ਲੋਕਾਂ ਦਾ ਮਨੋਰਥ ਪੱਤਰ’ ਤਿਆਰ ਕਰਨ ਵਾਸਤੇ ਸੂਬੇ ਭਰ ਦੇ ਲੋਕਾਂ ਤੋਂ ਸੁਝਾਅ ਲੈਣ ਲਈ ਐਤਵਾਰ ਨੂੰ ਤਿੰਨ ਫ਼ੋਨ ਨੰਬਰ ਜਾਰੀ ਕੀਤੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਨੰਬਰ 07971943333, 9913002027 ਅਤੇ 7508560065 ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਮਨੋਰਥ ਪੱਤਰ ਲਈ ਲੋਕਾਂ ਤੋਂ ਸੁਝਾਅ ਲੈਣ ਵਾਸਤੇ ਇੱਕ ਕਿਊ.ਆਰ. (QR) ਕੋਡ ਵੀ ਜਾਰੀ ਕੀਤਾ ਗਿਆ ਹੈ।

ਢਿੱਲੋਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਅਸੀਂ ਹਰ ਵਰਗ ਤੋਂ ਸੁਝਾਵਾਂ ਦਾ ਸਵਾਗਤ ਕਰਾਂਗੇ ਅਤੇ ਉਸ ਤੋਂ ਬਾਅਦ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾਵੇਗਾ। ਇਹ ਲੋਕਾਂ ਦਾ ਮਨੋਰਥ ਪੱਤਰ ਹੋਵੇਗਾ।”ਉਨ੍ਹਾਂ ਕਿਹਾ, “ਸਾਡਾ ਸਿਰਫ਼ ਇੱਕ ਹੀ ਏਜੰਡਾ ਹੈ, ਜੋ ਕਿ ਪੰਜਾਬ ਦੀ ਤਰੱਕੀ ਅਤੇ ਵਿਕਾਸ ਹੈ। ਇਹ ਹਰ ਪੰਜਾਬੀ ਦਾ ਮਨੋਰਥ ਪੱਤਰ ਹੋਵੇਗਾ।”ਢਿੱਲੋਂ ਨੇ ਦੱਸਿਆ ਕਿ ਪਾਰਟੀ ਮਨੋਰਥ ਪੱਤਰ ਲਈ ਲੋਕਾਂ ਤੋਂ ਸੁਝਾਅ ਇਕੱਠੇ ਕਰਨ ਵਾਸਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੈਨਾਂ ਵੀ ਭੇਜੇਗੀ। ਅਮਨ-ਕਾਨੂੰਨ, ਨਸ਼ਿਆਂ ਦੀ ਅਲਾਮਤ, ਗੈਂਗਸਟਰਵਾਦ ਅਤੇ ਵਧਦੇ ਕਰਜ਼ੇ ਵਰਗੇ ਮੁੱਦਿਆਂ ’ਤੇ ‘ਆਪ’ (AAP) ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ “ਪੰਜਾਬ ਨੂੰ ਬਰਬਾਦ” ਕਰ ਦਿੱਤਾ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਕਾਸ ਦੇ ਮਾਮਲੇ ਵਿੱਚ ਪੱਛੜ ਗਿਆ ਹੈ ਅਤੇ ‘ਆਪ’ ਸਰਕਾਰ ਇਹ ਯਕੀਨੀ ਬਣਾਉਣ ਵਿੱਚ ਨਾਕਾਮ ਰਹੀ ਹੈ ਕਿ ਕੇਂਦਰ ਵੱਲੋਂ ਭੇਜੇ ਗਏ ਫੰਡ ਸੂਬੇ ਦੇ ਲੋਕਾਂ ਤੱਕ ਪਹੁੰਚਣ।

ਪੰਜਾਬ ਭਾਜਪਾ ਪ੍ਰਧਾਨ ਨੇ ਇਹ ਵੀ ਦਾਅਵਾ ਕੀਤਾ ਕਿ ‘ਆਪ’ ਸਰਕਾਰ ਦੇ ਅਧੀਨ ਸੂਬੇ ਸਿਰ ਬਕਾਇਆ ਕਰਜ਼ਾ 2.82 ਲੱਖ ਕਰੋੜ ਰੁਪਏ ਤੋਂ ਲਗਪਗ ਦੁੱਗਣਾ ਹੋ ਗਿਆ ਹੈ।

ਇਸ ਮੌਕੇ ਪਾਰਟੀ ਦੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਅਤੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ, ਸੋਮ ਪ੍ਰਕਾਸ਼, ਐੱਚ.ਐੱਸ. ਫੂਲਕਾ, ਮਨੋਰੰਜਨ ਕਾਲੀਆ, ਅਸ਼ਵਨੀ ਸੇਖੜੀ, ਪਰਮਪਾਲ ਕੌਰ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਮੌਜੂਦ ਸਨ।

Latest News

Latest News