ਪ੍ਰਧਾਨ ਮੰਤਰੀ ਮੋਦੀ ਨੇ ਬਾਲੇਂਦਰ ਸ਼ਾਹ ਨਾਲ ਮੁਲਾਕਾਤ ਦੌਰਾਨ ਨੇਪਾਲ ਲਈ 15,000 ਕਰੋੜ ਰੁਪਏ ਦੇ ਵਿਕਾਸ ਪੈਕੇਜ ਦਾ ਕੀਤਾ ਐਲਾਨ

ਨੈਸ਼ਨਲ ਪੰਜਾਬ

ਨਵੀਂ ਦਿੱਲੀ 23 ਨਵੰਬਰ ,ਬੋਲੇ ਪੰਜਾਬ ਬਿਊਰੋ;

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਆਪਣੇ ਨੇਪਾਲੀ ਹਮਰੁਤਬਾ ਬਾਲੇਂਦਰ ਸ਼ਾਹ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਨੇਪਾਲ ਲਈ 24,000 ਕਰੋੜ ਨੇਪਾਲੀ ਰੁਪਏ (ਲਗਪਗ 15,000 ਕਰੋੜ ਭਾਰਤੀ ਰੁਪਏ) ਦੇ ਵਿਕਾਸ ਪੈਕੇਜ ਦਾ ਐਲਾਨ ਕੀਤਾ।

ਦੋਵਾਂ ਆਗੂਆਂ ਨੇ ਵਰਚੁਅਲ ਮਾਧਿਅਮ ਰਾਹੀਂ ਨੇਪਾਲ ਵਿੱਚ ਭਾਰਤ ਦੀ ਸਹਾਇਤਾ ਨਾਲ ਚੱਲਣ ਵਾਲੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੇ ਨੇਪਾਲ ਦੇ ਜਨਕਪੁਰ ਧਾਮ ਵਿਚਕਾਰ ਸਰਹੱਦ ਪਾਰ ਯਾਤਰੀ ਰੇਲ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾਸ਼ਾਹ ਐਤਵਾਰ ਨੂੰ ਦੋ ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚੇ ਸਨ, ਜਿਸ ਦਾ ਉਦੇਸ਼ ਦੁਵੱਲੇ ਸਬੰਧਾਂ ਨੂੰ ਨਵੀਂ ਗਤੀ ਦੇਣਾ ਸੀ। ਜ਼ਿਕਰਯੋਗ ਹੈ ਕਿ ਮਈ ਮਹੀਨੇ ਵਿੱਚ ਸ਼ਾਹ ਵੱਲੋਂ ਭਾਰਤ ਅਤੇ ਨੇਪਾਲ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੇ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਚੀਨ ਅਤੇ ਯੂਨਾਈਟਿਡ ਕਿੰਗਡਮ (ਯੂ ਕੇ) ਦੀ ਸ਼ਮੂਲੀਅਤ ਦੀ ਮੰਗ ਕਰਨ ਵਾਲੇ ਬਿਆਨਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਕੁਝ ਤਣਾਅ ਆ ਗਿਆ ਸੀ।

ਨੇਪਾਲੀ ਆਗੂ ਨੇ ਆਪਣੇ ਮੀਡੀਆ ਬਿਆਨ ਵਿੱਚ ਕਿਹਾ, “ਭਾਰਤ ਅਤੇ ਨੇਪਾਲ ਦੇ ਸਬੰਧ ਹਿਮਾਲਿਆ ਵਾਂਗ ਅਟੱਲ ਅਤੇ ਸਮੁੰਦਰਾਂ ਵਾਂਗ ਵਿਸ਼ਾਲ ਹਨ।”ਉਨ੍ਹਾਂ ਕਿਹਾ, “ਇੱਕ ਭਰੋਸੇਮੰਦ ਗੁਆਂਢੀ ਹੋਣ ਦੇ ਨਾਤੇ, ਭਾਰਤ ਨੇਪਾਲ ਵਿੱਚ ਕੁਦਰਤੀ ਆਫ਼ਤਾਂ ਅਤੇ ਮੁਸ਼ਕਲ ਸਮਿਆਂ ਦੌਰਾਨ ਹਮੇਸ਼ਾ ਸਭ ਤੋਂ ਪਹਿਲਾਂ ਮਦਦ ਲਈ ਅੱਗੇ ਆਇਆ ਹੈ।” ਉਨ੍ਹਾਂ ਕਿਹਾ ਕਿ ਆਪਸੀ ਸਤਿਕਾਰ, ਅਟੁੱਟ ਵਿਸ਼ਵਾਸ ਅਤੇ ਸਦਭਾਵਨਾ ਇਨ੍ਹਾਂ ਸਬੰਧਾਂ ਦੀ ਨੀਂਹ ਹਨ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਭਾਰਤ-ਨੇਪਾਲ ਸਬੰਧਾਂ ਦੀ ਮਜ਼ਬੂਤੀ ‘ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਨਵੀਂ ਦਿੱਲੀ ਗੁਆਂਢੀ ਮੁਲਕ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ, “ਭਾਰਤ ਅਤੇ ਨੇਪਾਲ ਦਾ ਰਿਸ਼ਤਾ ਸਿਰਫ਼ ਗੁਆਂਢੀਆਂ ਦਾ ਹੀ ਨਹੀਂ, ਸਗੋਂ ਇਹ ਆਪਸੀ ਸਾਂਝ ਅਤੇ ਅਟੁੱਟ ਵਿਸ਼ਵਾਸ ਦਾ ਹੈ। ਅਸੀਂ ਆਪਣੀਆਂ ਖੁਸ਼ੀਆਂ ਅਤੇ ਚੁਣੌਤੀਆਂ ਸਾਂਝੀਆਂ ਕਰਦੇ ਹਾਂ। ਅਸੀਂ ਇੱਕ-ਦੂਜੇ ਦੀ ਤਰੱਕੀ ਵਿੱਚ ਭਾਈਵਾਲ ਹਾਂ ਅਤੇ ਮੁਸ਼ਕਲ ਸਮਿਆਂ ਵਿੱਚ ਇੱਕ-ਦੂਜੇ ਦਾ ਸਹਾਰਾ ਹਾਂ।”

ਪ੍ਰਧਾਨ ਮੰਤਰੀ ਨੇ ਅਗਸਤ ਵਿੱਚ ਨੇਪਾਲ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਕਾਰਨ ਹੋਏ ਜਾਨੀ ਨੁਕਸਾਨ ‘ਤੇ ਭਾਰਤ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ, “ਅੱਜ ਨੇਪਾਲ ਦੇ ਪੁਨਰ ਨਿਰਮਾਣ ਅਤੇ ਲੰਮੇ ਸਮੇਂ ਦੇ ਵਿਕਾਸ ਨੂੰ ਨਵੀਂ ਤਾਕਤ ਦੇਣ ਲਈ, ਅਸੀਂ 24,000 ਕਰੋੜ ਨੇਪਾਲੀ ਰੁਪਏ ਦੇ ਵਿਕਾਸ ਸਹਿਯੋਗ ਪੈਕੇਜ ਦਾ ਐਲਾਨ ਕੀਤਾ ਹੈ।”

ਪ੍ਰਧਾਨ ਮੰਤਰੀ ਮੋਦੀ ਨੇ ਊਰਜਾ ਖੇਤਰ ਵਿੱਚ ਨੇਪਾਲ ਨੂੰ ਭਾਰਤ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਭਾਰਤ ਸਾਲਾਂ ਤੋਂ ਨੇਪਾਲ ਨੂੰ ਪੈਟਰੋਲੀਅਮ ਪਦਾਰਥਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਭਰੋਸੇਮੰਦ ਸਪਲਾਈ ਕਰਦਾ ਆ ਰਿਹਾ ਹੈ। ਆਪਣੀ ‘ਗੁਆਂਢੀ ਪਹਿਲਾਂ’ (Neighbourhood First) ਨੀਤੀ ਦੀ ਭਾਵਨਾ ਨੂੰ ਕਾਇਮ ਰੱਖਦਿਆਂ, ਇਸ ਸਾਲ ਤੇਲ ਸਪਲਾਈ ਨਾਲ ਸਬੰਧਤ ਗੰਭੀਰ ਚੁਣੌਤੀਆਂ ਦੇ ਬਾਵਜੂਦ, ਅਸੀਂ ਨੇਪਾਲ ਨੂੰ ਈਂਧਨ, ਖਾਦਾਂ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਹੈ।”

ਦੋਵਾਂ ਧਿਰਾਂ ਨੇ ਸਿਹਤ ਅਤੇ ਸਿੱਖਿਆ ਸਮੇਤ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ।

Latest News

Latest News