ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਸੰਵਿਧਾਨ ਦਿਵਸ ਮਨਾਇਆ

ਪੰਜਾਬ

ਵਿਦਿਆਰਥੀਆਂ ਨੂੰ ਸੰਵਿਧਾਨ ਦੀ ਪ੍ਰਸਤਾਵਨਾ, ਮੌਲਿਕ ਕਦਰਾਂ-ਕੀਮਤਾਂ ਅਤੇ ਨਾਗਰਿਕ ਅਧਿਕਾਰਾਂ ਬਾਰੇ ਦਿੱਤੀ ਜਾਣਕਾਰੀ

ਰਾਜਪੁਰਾ, 26 ਨਵੰਬਰ ,ਬੋਲੇ ਪੰਜਾਬ ਬਿਊਰੋ;

ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਮਮਤਾ ਸੇਠੀ ਖੁਰਾਣਾ ਦੇ ਨਿਰਦੇਸ਼ਾਂ ਅਤੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੀ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਦੀ ਰਹਿਨੁਮਾਈ ਹੇਠ ਸਕੂਲ ਵਿਖੇ ਸੰਵਿਧਾਨ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮਾਜਿਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਸਕੂਲ ਦੇ ਹੋਰਨਾਂ ਅਧਿਆਪਕਾਂ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ।

ਵਿਭਾਗ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਸਵੇਰ ਦੀ ਸਭਾ ਦੌਰਾਨ ਸਭ ਤੋਂ ਪਹਿਲਾਂ ਅਮਿਤਾ ਤਨੇਜਾ ਸਮਾਜਿਕ ਸਿੱਖਿਆ ਮਿਸਟ੍ਰੈਸ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ਇਸ ਉਪਰੰਤ ਕਿੰਪੀ ਬਤਰਾ ਸਮਾਜਿਕ ਸਿੱਖਿਆ ਮਿਸਟ੍ਰੈਸ ਨੇ ਭਾਰਤੀ ਸੰਵਿਧਾਨ ਦੇ ਨਿਰਮਾਣ ਦੇ ਇਤਿਹਾਸ, ਸੰਵਿਧਾਨ ਸਭਾ ਦੀ ਭੂਮਿਕਾ ਅਤੇ ਸੰਵਿਧਾਨ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਚਾਨਣਾ ਪਾਇਆ।
ਸਕੂਲ ਦੇ ਸੀਨੀਅਰ ਸਮਾਜਿਕ ਸਿੱਖਿਆ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਚਾਰ ਪ੍ਰਮੁੱਖ ਸ਼ਬਦਾਂ ‘ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰਾ’ ਦੀ ਵਿਸਤਾਰਪੂਰਵਕ ਵਿਆਖਿਆ ਕਰਦਿਆਂ ਵਿਦਿਆਰਥੀਆਂ ਨੂੰ ਸੰਵਿਧਾਨ ਦੇ ਉਦੇਸ਼ਾਂ, ਮਹੱਤਤਾ ਅਤੇ ਇਸ ਵਿੱਚ ਦਰਜ ਨਾਗਰਿਕ ਅਧਿਕਾਰਾਂ ਤੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਨੇ ਸਮੂਹ ਸਮਾਜਿਕ ਸਿੱਖਿਆ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਧਿਆਪਕਾਂ ਨੇ ਬਹੁਤ ਹੀ ਸਰਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਵਿਧਾਨ ਦੀ ਪ੍ਰਸਤਾਵਨਾ ਅਤੇ ਇਸ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਬਹੁਮੁੱਲਾ ਗਿਆਨ ਪ੍ਰਾਪਤ ਹੋਇਆ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਸਦਭਾਵਨਾ, ਭਾਈਚਾਰਕ ਸਾਂਝ, ਇਕ-ਦੂਜੇ ਦੇ ਵਿਚਾਰਾਂ ਦਾ ਸਤਿਕਾਰ ਕਰਨ, ਸਮਾਨਤਾ ਅਤੇ ਆਪਸੀ ਸਹਿਯੋਗ ਦੀ ਭਾਵਨਾ ਅਪਣਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਡਾ. ਬੀ.ਆਰ. ਅੰਬੇਡਕਰ, ਸੰਵਿਧਾਨ ਸਭਾ ਦੇ ਹੋਰ ਪ੍ਰਮੁੱਖ ਮੈਂਬਰਾਂ ਅਤੇ ਸਮੂਹ ਸੰਵਿਧਾਨ ਨਿਰਮਾਤਾਵਾਂ ਨੂੰ ਯਾਦ ਕਰਦਿਆਂ ਸਮਾਜ ਵਿੱਚ ਭਾਈਚਾਰਾ ਅਤੇ ਮਿਲਵਰਤਨ ਬਣਾਈ ਰੱਖਣ ਦੀ ਅਪੀਲ ਕੀਤੀ।
ਸੰਵਿਧਾਨ ਦਿਵਸ ਮੌਕੇ ਸਕੂਲ ਵਿੱਚ ਕਰਵਾਏ ਗਏ ਵਿਸ਼ੇਸ਼ ਡਰਾਇੰਗ ਅਤੇ ਪੇਂਟਿੰਗ ਮੁਕਾਬਲੇ, ਭਾਸ਼ਣ, ਲੇਖ ਲਿਖਣ ਅਤੇ ਕੁਇਜ ਵਿੱਚ ਹਰੇਕ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪਹਿਲੇ, ਦੂਜੇ, ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਕੰਸੋਲਸ਼ਨ ਇਨਾਮ ਵੀ ਸਕੂਲ ਹੈੱਡ ਮਿਸਟ੍ਰੈਸ ਵੀਨਾ ਅਰੋੜਾ ਨੇ ਸਮਾਜਿਕ ਸਿੱਖਿਆ ਅਧਿਆਪਕਾਂ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਵੰਡੇ।
ਇਸ ਪ੍ਰੋਗਰਾਮ ਦੌਰਾਨ ਸੀਨੀਅਰ ਅਧਿਆਪਕਾ ਮੀਨਾ ਰਾਣੀ, ਰੋਜ਼ੀ ਭਟੇਜਾ, ਅਕਸ਼ੈ ਕੁਮਾਰ ਅਤੇ ਹੋਰਨਾਂ ਅਧਿਆਪਕਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਮੁੱਚਾ ਸਮਾਗਮ ਵਿਦਿਆਰਥੀਆਂ ਵਿੱਚ ਸੰਵਿਧਾਨਕ ਚੇਤਨਾ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਭਾਵਨਾ ਪੈਦਾ ਕਰਨ ਵਿੱਚ ਸਹਾਈ ਰਿਹਾ। ਸਮਾਗਮ ਦੌਰਾਨ ਸੋਨੀਆ ਰਾਣੀ ਮੈਥ ਮਿਸਟ੍ਰੈੱਸ, ਜਸਵਿੰਦਰ ਕੌਰ ਨੰਦਾ ਸਾਇੰਸ ਮਿਸਟ੍ਰੈਸ, ਸੁਨੀਤਾ ਰਾਣੀ ਹਿੰਦੀ ਮਿਸਟ੍ਰੈਸ, ਮੀਨੂ ਅਗਰਵਾਲ ਅੰਗਰੇਜ਼ੀ ਮਿਸਟ੍ਰੈਸ, ਸੁਖਵਿੰਦਰ ਕੌਰ ਕੰਪਿਊਟਰ ਫੈਕਲਿਟੀ, ਰਾਜਦੀਪ ਕੌਰ ਸਾਇੰਸ ਮਿਸਟ੍ਰੈਸ, ਸੁਨੀਤਾ ਪਾਹਵਾ ਪੰਜਾਬੀ ਮਿਸਟ੍ਰੈਸ, ਮੋਨਿਕਾ ਮੈਥ ਮਿਸਟ੍ਰੈੱਸ, ਪੂਨਮ ਨਾਗਪਾਲ ਅੰਗਰੇਜ਼ੀ ਮਿਸਟ੍ਰੈਸ, ਨਰੇਸ਼ ਧਮੀਜਾ, ਕੰਪਿਊਟਰ ਫੈਕਲਿਟੀ ਅਤੇ ਸਕੂਲ ਗਾਈਡੈਂਸ ਕਾਊਂਸਲਰ, ਤਲਵਿੰਦਰ ਕੌਰ ਮੈਥ ਮਿਸਟ੍ਰੈੱਸ, ਸੁਖਵਿੰਦਰ ਕੌਰ ਪੰਜਾਬੀ ਮਿਸਟ੍ਰੈਸ, ਮਨਪ੍ਰੀਤ ਸਿੰਘ ਕੰਪਿਊਟਰ ਫੈਕਲਿਟੀ, ਰਵੀ ਕੁਮਾਰ ਕਲਰਕ ਵੀ ਮੌਜੂਦ ਸਨ।

Latest News

Latest News