ਹੱਥੀਂ ਬਣੇ ਉਤਪਾਦ ਅਤੇ ਭਾਰਤੀ ਖਾਣਿਆਂ ਦੇ ਸੁਆਦ ਹੋਣਗੇ ਮੁੱਖ ਖਿੱਚ ਦਾ ਕੇਂਦਰ
ਚੰਡੀਗੜ੍ਹ, 25 ਨਵੰਬਰ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਭਾਰਤ ਸਰਕਾਰ ਦੇ ਬੈਨਰ ਹੇਠ, ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ 27 ਨਵੰਬਰ ਤੋਂ ਕਲਾਗ੍ਰਾਮ ਵਿਖੇ ਨੈਸ਼ਨਲ ਕਰਾਫਟ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਮੇਲੇ ‘ਚ ਦੇਸ਼ ਦੇ 27 ਰਾਜਾਂ ਦੇ ਹੱਥੀਂ ਬਣੇ ਉਤਪਾਦਾਂ ਦੇ ਸਟਾਲ ਲੱਗਣਗੇ, ਜਿੱਥੇ ਖਰੀਦਦਾਰਾਂ ਨੂੰ ਹੱਥਾਂ ਦੀ ਕਾਰੀਗਰੀ ਵਾਲੀਆਂ ਵਸਤੂਆਂ ਦੀ ਵਿਸ਼ਾਲ ਰੇਂਜ ਮਿਲੇਗੀ। ਕਈ ਕਾਰੀਗਰ ਆਪਣੇ ਉਤਪਾਦ ਬਣਾਉਣ ਦਾ ਪ੍ਰਦਰਸ਼ਨ ਵੀ ਕਰਨਗੇ, ਜਦੋਂ ਕਿ ਟ੍ਰਾਈਸਿਟੀ ਵਾਸੀਆਂ ਦੀ ਪਸੰਦ ਨੂੰ ਧਿਆਨ ‘ਚ ਰੱਖਦਿਆਂ ਵੱਖ-ਵੱਖ ਰਾਜਾਂ ਦੇ ਮਸ਼ਹੂਰ ਖਾਣਿਆਂ ਦੇ ਸਟਾਲ ਵੀ ਲਗਾਏ ਜਾਣਗੇ।
ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਦੇ ਡਾਇਰੈਕਟਰ ਡਾ. ਅਸ਼ਵਿਨ ਦਲਵੀ ਨੇ ਦੱਸਿਆ ਕਿ ਇਸ ਸਾਲ ਨੈਸ਼ਨਲ ਕਰਾਫਟ ਮੇਲੇ ‘ਚ ਦੇਸ਼ ਦੇ 27 ਰਾਜਾਂ ਦੇ ਹੱਥੀਂ ਬਣੇ ਉਤਪਾਦਾਂ ਦੇ ਸਟਾਲ ਲਗਾਏ ਜਾਣਗੇ।
ਇਨ੍ਹਾਂ ‘ਚ ਸੋਨੇ ਦੀ ਪਰਤ ਵਾਲੀਆਂ ਤੰਜੌਰ ਪੇਂਟਿੰਗਾਂ, ਕਸ਼ਮੀਰੀ ਕਢਾਈ, ਪੰਜਾਬ ਦੀ ਫੁਲਕਾਰੀ ਅਤੇ ਜੁੱਤੀਆਂ, ਤਾਮਿਲਨਾਡੂ ਅਤੇ ਪੁਡੂਚੇਰੀ ਦੇ ਗਹਿਣੇ, ਕੇਰਲ ਅਤੇ ਰਾਜਸਥਾਨ ਦੀ ਹੈਂਡ ਬਲਾਕ ਪ੍ਰਿੰਟਿੰਗ, ਅਸਾਮ ਦਾ ਬੇਂਤ ਅਤੇ ਬਾਂਸ ਦਾ ਫਰਨੀਚਰ, ਆਂਧਰਾ ਪ੍ਰਦੇਸ਼ ਦੀ ਲੇਸ ਕਰਾਫਟ ਅਤੇ ਓਡੀਸ਼ਾ ਦੇ ਤਾੜ ਪੱਤਰ ਉਤਪਾਦ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।
ਉਨ੍ਹਾਂ ਦੱਸਿਆ ਕਿ ਮੇਲੇ ‘ਚ ਕਈ ਕਾਰੀਗਰ ਆਪਣੇ ਉਤਪਾਦਾਂ ਦੇ ਨਿਰਮਾਣ ਦੀ ਪ੍ਰਕਿਰਿਆ ਦਾ ਪ੍ਰਦਰਸ਼ਨ ਕਰਨਗੇ। ਸੈਲਾਨੀ ਕਸ਼ਮੀਰੀ ਹੈਂਡਲੂਮ, ਪੰਜਾਬ ਦੀ ਫੁਲਕਾਰੀ ਅਤੇ ਹਰਿਆਣਾ ਦੇ ਟੈਰਾਕੋਟਾ ਉਤਪਾਦ ਬਣਦੇ ਹੋਏ ਦੇਖ ਸਕਣਗੇ।
ਇਨ੍ਹਾਂ ‘ਚੋਂ ਰਾਜਸਥਾਨੀ, ਪੰਜਾਬੀ, ਗੁਜਰਾਤੀ, ਬਿਹਾਰੀ, ਦੱਖਣੀ ਭਾਰਤੀ ਅਤੇ ਮਹਾਰਾਸ਼ਟਰੀ ਪਕਵਾਨ, ਜੋ ਟ੍ਰਾਈਸਿਟੀ ਵਾਸੀਆਂ ‘ਚ ਖਾਸ ਤੌਰ ‘ਤੇ ਮਸ਼ਹੂਰ ਹਨ, ਦੇ ਨਾਲ-ਨਾਲ ਦਿੱਲੀ ਦੀ ਚਾਟ ਅਤੇ ਖਾਸ ਤੌਰ ‘ਤੇ ਹਰਿਆਣਾ ਦਾ ਜਲੇਬਾ ਮੁੱਖ ਖਿੱਚ ਹੋਣਗੇ।
ਕਲਾਗ੍ਰਾਮ ‘ਚ ਫੈਲਦੀ ਇਨ੍ਹਾਂ ਪਕਵਾਨਾਂ ਦੀ ਖੁਸ਼ਬੂ ਸੈਲਾਨੀਆਂ ਨੂੰ ਫੂਡ ਕੋਰਟ ਵੱਲ ਖਿੱਚ ਕੇ ਉਨ੍ਹਾਂ ਦੇ ਸੁਆਦ ਦਾ ਆਨੰਦ ਮਾਣਨ ਲਈ ਮਜਬੂਰ ਕਰੇਗੀ।












