ਯੂ.ਪੀ. ਮਾਰਕਿਟਿੰਗ ਬੋਰਡ ਦੇ ਨਵ-ਨਿਯੁਕਤ ਸਕੱਤਰ ਮਾਰਕਿਟ ਕਮੇਟੀਆਂ ਵੱਲੋਂ ਪੰਜਾਬ ਮੰਡੀ ਬੋਰਡ ਦਾ ਦੌਰਾ

ਚੰਡੀਗੜ੍ਹ ਪੰਜਾਬ

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪੰਜਾਬ ਮੰਡੀ ਬੋਰਡ ਦੀਆਂ ਪਹਿਲਕਦਮੀਆਂ ਅਤੇ ਮੰਡੀਕਰਨ ਪ੍ਰਣਾਲੀ ਬਾਰੇ ਦਿੱਤੀ ਜਾਣਕਾਰੀ


ਐਸ.ਏ.ਐਸ. ਨਗਰ (ਮੋਹਾਲੀ), 12 ਨਵੰਬਰ,ਬੋਲੇ ਪੰਜਾਬ ਬਿਊਰੋ;

ਯੂ.ਪੀ. ਮਾਰਕਿਟਿੰਗ ਬੋਰਡ ਦੇ ਨਵ-ਨਿਯੁਕਤ 60 ਸਕੱਤਰ ਮਾਰਕਿਟ ਕਮੇਟੀਆਂ ਵੱਲੋਂ ਪੰਜਾਬ ਮੰਡੀ ਬੋਰਡ ਦੇ ਮੁੱਖ ਦਫ਼ਤਰ ਅਤੇ ਰਾਜਪੁਰਾ ਮੰਡੀ ਦਾ ਦੌਰਾ ਕੀਤਾ ਗਿਆ। ਇਹ ਸਕੱਤਰ ਮਾਰਕਿਟ ਕਮੇਟੀ 45 ਦਿਨਾਂ ਦੇ ਸਿਖਲਾਈ ਪ੍ਰੋਗਰਾਮ ਤੇ ਹਨ, ਜਿਸ ਤਹਿਤ ਉਹਨਾਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਮਾਰਕਿਟਿੰਗ ਬੋਰਡਾਂ, ਮੰਡੀਆਂ ਅਤੇ ਖੇਤੀਬਾੜੀ ਸੰਸਥਾਵਾਂ ਦਾ ਦੌਰਾ ਕਰਵਾਇਆ ਜਾ ਰਿਹਾ ਹੈ। ਇਹ ਸਿਖਲਾਈ ਪ੍ਰੋਗਰਾਮ ਡਾਇਰੈਕਟੋਰੇਟ ਆਫ਼ ਮਾਰਕਿਟਿੰਗ, ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਅਤੇ ਸੰਯੁਕਤ ਸਕੱਤਰ ਸ. ਹਰਜੀਤ ਸਿੰਘ ਸੰਧੂ (ਪੀ.ਸੀ.ਐਸ.) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਨਵ-ਨਿਯੁਕਤ ਸਕੱਤਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਸ. ਹਰਜੀਤ ਸਿੰਘ ਸੰਧੂ ਵੱਲੋਂ ਪੰਜਾਬ ਮੰਡੀ ਬੋਰਡ ਦੇ ਸੰਗਠਨਾਤਮਕ ਢਾਂਚੇ, ਕਾਰਜਪ੍ਰਣਾਲੀ, ਨਿਯਮਾਂ ਅਤੇ ਖਰੀਦ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਨਵ-ਨਿਯੁਕਤ ਸਕੱਤਰਾਂ ਨੇ ਪੰਜਾਬ ਮੰਡੀ ਬੋਰਡ ਵੱਲੋਂ ਕੀਤੀਆਂ ਗਈਆਂ ਉਹਨਾਂ ਪਹਿਲਕਦਮੀਆਂ ਬਾਰੇ ਜਾਣਕਾਰੀ ਹਾਸਲ ਕਰਨ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ, ਜਿਨ੍ਹਾਂ ਪਹਿਲਕਦਮੀਆਂ ਸਦਕਾ ਪੰਜਾਬ ਮੰਡੀ ਬੋਰਡ ਨੂੰ ਚੀਨ ਵਿਖੇ ਵਰਲਡ ਯੂਨੀਅਨ ਆਫ਼ ਹੋਲਸੇਲ ਮਾਰਕਿਟਸ ਦਾ ਮੇਜਰ ਇਨੋਵੇਸ਼ਨ ਐਵਾਰਡ ਮਿਲਿਆ ਹੈ।
ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਕਰਨ ਪ੍ਰਣਾਲੀ ਨੂੰ ਹੋਰ ਮਜ਼ਬੂਤ, ਪਾਰਦਰਸ਼ੀ ਅਤੇ ਆਧੁਨਿਕ ਬਣਾਉਣ ਲਈ ਕੀਤੀਆਂ ਗਈਆਂ ਪ੍ਰਮੁੱਖ ਪਹਿਲਕਦਮੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਇੱਕ ਵਿਸ਼ਾਲ ਖੇਤੀਬਾੜੀ ਮੰਡੀਕਰਨ ਨੈੱਟਵਰਕ ਵਿਕਸਤ ਕੀਤਾ ਗਿਆ ਹੈ, ਜਿਸ ਵਿੱਚ 158 ਮਾਰਕਿਟ ਕਮੇਟੀਆਂ, 152 ਮੁੱਖ ਯਾਰਡ, 285 ਸਬ-ਯਾਰਡ ਅਤੇ 1,485 ਸੀਜ਼ਨਲ ਖਰੀਦ ਕੇਂਦਰ ਸ਼ਾਮਲ ਹਨ। ਬੋਰਡ ਵੱਲੋਂ ਇਸ ਵਿਸ਼ਾਲ ਨੈੱਟਵਰਕ ਦੇ ਆਧੁਨਿਕੀਕਰਨ ਦੇ ਨਾਲ-ਨਾਲ ਕਿਸਾਨਾਂ ਅਤੇ ਮੰਡੀ ਨਾਲ ਜੁੜੇ ਹੋਰਨਾਂ ਵਰਗਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬੋਰਡ ਦੀ ਆਮਦਨ ਵਿੱਚ ਵਾਧਾ ਕਰਨ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਲ 2022-23 ਤੋਂ ਹੁਣ ਤੱਕ ਪੰਜਾਬ ਮੰਡੀ ਬੋਰਡ ਵੱਲੋਂ ਥੋਕ ਮੰਡੀਆਂ ਦੇ 1,846 ਪਲਾਟਾਂ ਦੀ ਖੁੱਲ੍ਹੀ ਈ-ਨਿਲਾਮੀ ਕੀਤੀ ਗਈ ਹੈ, ਜਿਸ ਤੋਂ 746 ਕਰੋੜ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਥੋਕ ਮੰਡੀਆਂ ਵਿੱਚ ਕਿਸਾਨ ਪੈਟਰੋਲ ਪੰਪ ਸਥਾਪਤ ਕਰਨ ਦੀ ਪਹਿਲਕਦਮੀ ਵੀ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਮੰਡੀਆਂ ਨੂੰ ਆਧੁਨਿਕ ਤਕਨੀਕ ਨਾਲ ਲੇਸ ਕਰਦਿਆਂ ਹੋਇਆ ਮੰਡੀਆਂ ਦੇ ਪ੍ਰਵੇਸ਼ ਦੁਆਰਾਂ ‘ਤੇ ਬੂਮ ਬੈਰੀਅਰ ਅਤੇ ਵੇ-ਬ੍ਰਿਜ ਲਗਾਉਣ ਨਾਲ ਪਾਰਦਰਸ਼ਤਾ ਅਤੇ ਆਮਦਨ ਦੀ ਨਿਗਰਾਨੀ ਨੂੰ ਮਜ਼ਬੂਤੀ ਮਿਲੀ ਹੈ। ਇਸੇ ਤਰ੍ਹਾਂ ਆਧਾਰ ਨਾਲ ਜੁੜੀ ਕਿਸਾਨ ਰਜਿਸਟ੍ਰੇਸ਼ਨ, ਆਨਲਾਈਨ ਜੇ-ਫਾਰਮ, ਜ਼ਮੀਨ ਦੀ ਮੈਪਿੰਗ ਅਤੇ ਕਿਊ.ਆਰ. ਕੋਡ ਵਾਲੇ ਜੇ ਫਾਰਮ ਸਮੇਤ ਡਿਜੀਟਲ ਪਹਿਲਕਦਮੀਆਂ ਨੇ ਖੇਤੀਬਾੜੀ ਮੰਡੀਕਰਨ ਵਿੱਚ ਪਾਰਦਰਸ਼ਤਾ ਅਤੇ ਕਾਰਜਕੁਸ਼ਲਤਾ ਨੂੰ ਹੋਰ ਵਧਾਇਆ ਹੈ।
ਇਸ ਦੌਰਾਨ ਯੂ.ਪੀ. ਮਾਰਕਿਟਿੰਗ ਬੋਰਡ ਦੇ ਨਵ-ਨਿਯੁਕਤ ਸਕੱਤਰਾਂ ਨੇ ਪੰਜਾਬ ਮੰਡੀ ਬੋਰਡ ਦੇ ਮਾਰਕਿਟਿੰਗ ਸਿਸਟਮ ਅਤੇ ਆਧੁਨਿਕ ਪਹਿਲਕਦਮੀਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਸੂਬੇ ਵਿੱਚ ਵੀ ਪੰਜਾਬ ਮੰਡੀ ਬੋਰਡ ਦੀ ਤਰਜ਼ ‘ਤੇ ਅਜਿਹੀਆਂ ਪਹਿਲਕਦਮੀਆਂ ਅਪਣਾਉਣ ਦੀ ਇੱਛਾ ਪ੍ਰਗਟਾਈ।
ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਨਵ-ਨਿਯੁਕਤ ਸਕੱਤਰਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਪੂਰੀ ਇਮਾਨਦਾਰੀ, ਸਮਰਪਣ ਅਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ੍ਰੀ ਰਜਨੀਸ਼ ਗੋਇਲ ਡੀ.ਜੀ.ਐਮ. (ਅਸਟੇਟ) ਪੰਜਾਬ ਮੰਡੀ ਬੋਰਡ, ਸ੍ਰੀ ਤਪਸ਼ ਭਟਾਚਾਰੀਆ, ਮੁਖੀ, ਡਾਇਰੈਕਟੋਰੇਟ ਆਫ਼ ਮਾਰਕਿਟਿੰਗ, ਚੰਡੀਗੜ੍ਹ ਅਤੇ ਸ੍ਰੀ ਯੂ.ਐਸ. ਸ਼ੁਕਲਾ, ਡਾਇਰੈਕਟੋਰੇਟ ਆਫ਼ ਮਾਰਕਿਟਿੰਗ, ਲਖਨਊ ਵੀ ਮੌਜੂਦ ਸਨ।

Latest News

Latest News