ਮੋਹਾਲੀ, 16 ਨਵੰਬਰ, ਬੋਲੇ ਪੰਜਾਬ ਬਿਊਰੋ;
ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਰਕਾਰ ਨੇ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਨੂੰ ਭ੍ਰਿਸ਼ਟਾਚਾਰ ਅਤੇ ਜਨਤਾ ਦੇ ਪੈਸੇ ਦੀ ਸਿੱਧੀ ‘ਲੁੱਟ ਯਾਤਰਾ’ ਵਿੱਚ ਤਬਦੀਲ ਕਰ ਦਿੱਤਾ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਤੀਰਥ ਯਾਤਰਾ ਯੋਜਨਾ ਦਾ ਵਿਚਾਰ ਤਾਂ ਚੰਗਾ ਹੈ, ਪਰ ਮੌਜੂਦਾ ਸਰਕਾਰ ਵੱਲੋਂ ਇਸ ਨੂੰ ਲਾਗੂ ਕਰਨ ਦਾ ਢੰਗ ਬੇਹੱਦ ਮਾੜਾ ਅਤੇ ਘਪਲਿਆਂ ਨਾਲ ਭਰਪੂਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਅਣਦੇਖਾ ਕਰਕੇ ਇਸ ਯੋਜਨਾ ਦਾ ਠੇਕਾ ਪੰਜਾਬ ਤੋਂ ਬਾਹਰਲੀਆਂ ਕੰਪਨੀਆਂ ਅਤੇ ਅਰਵਿੰਦ ਕੇਜਰੀਵਾਲ ਦੇ ਚਹੇਤਿਆਂ ਨੂੰ ਬੇਹੱਦ ਮਹਿੰਗੇ ਰੇਟਾਂ ‘ਤੇ ਦਿੱਤਾ ਗਿਆ ਹੈ, ਤਾਂ ਜੋ ਸਰਕਾਰੀ ਖ਼ਜ਼ਾਨੇ ਨੂੰ ਸ਼ਰੇਆਮ ਲੁੱਟਿਆ ਜਾ ਸਕੇ।
ਸਾਬਕਾ ਮੰਤਰੀ ਨੇ ਠੇਕੇਦਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਜਾਨ ਨਾਲ ਖਿਲਵਾੜ ਕਰਦਿਆਂ ਯਾਤਰਾ ਲਈ ਪੁਰਾਣੀਆਂ ਅਤੇ ਕੰਡਮ ਬੱਸਾਂ ਕਿਰਾਏ ‘ਤੇ ਲਈਆਂ ਗਈਆਂ ਹਨ। ਇਨ੍ਹਾਂ ਬੱਸਾਂ ਦੀ ਨਾ ਤਾਂ ਕੋਈ ਸਮਾਂ-ਬੱਧ ਤਕਨੀਕੀ ਜਾਂਚ ਕਰਵਾਈ ਜਾਂਦੀ ਹੈ ਅਤੇ ਨਾ ਹੀ ਇਹਨਾਂ ਦੇ ਡਰਾਈਵਰ ਤਜਰਬੇਕਾਰ ਹਨ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਅਤੇ ਠੇਕੇਦਾਰ ਦੀ ਇਸੇ ਲਾਪਰਵਾਹੀ ਤੇ ਬਦਇੰਤਜ਼ਾਮੀ ਕਾਰਨ ਹਾਲ ਹੀ ਵਿੱਚ ਤਰਨਤਾਰਨ ਨੇੜੇ ਤੀਰਥ ਯਾਤਰਾ ਵਾਲੀਆਂ ਦੋ ਬੱਸਾਂ ਦੀ ਭਿਆਨਕ ਟੱਕਰ ਹੋਈ, ਜਿਸ ਵਿੱਚ 4 ਬੇਕਸੂਰ ਸ਼ਰਧਾਲੂਆਂ ਦੀ ਕੀਮਤੀ ਜਾਨ ਚਲੀ ਗਈ। ਇਸ ਹਾਦਸੇ ਦੀ ਸਿੱਧੀ ਜ਼ਿੰਮੇਵਾਰੀ ਸੂਬਾ ਸਰਕਾਰ ਸਿਰ ਆਉਂਦੀ ਹੈ।
ਸ਼੍ਰੀ ਸਿੱਧੂ ਨੇ ਇਸ ਯੋਜਨਾ ਵਿੱਚ ਹੋ ਰਹੇ ਵਿੱਤੀ ਘਪਲੇ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਬੱਸਾਂ ਵਿੱਚ ਅਸਲ ਯਾਤਰੀਆਂ ਦੀ ਗਿਣਤੀ ਸਿਰਫ਼ 20 ਦੇ ਕਰੀਬ ਹੁੰਦੀ ਹੈ, ਪਰ ਠੇਕੇਦਾਰ ਵੱਲੋਂ ਸਰਕਾਰੀ ਖ਼ਜ਼ਾਨੇ ਵਿੱਚੋਂ 40 ਯਾਤਰੀਆਂ ਦੇ ਹਿਸਾਬ ਨਾਲ ਬਿੱਲ ਵਸੂਲੇ ਜਾ ਰਹੇ ਹਨ। ਇਸੇ ਤਰ੍ਹਾਂ ਸ਼ਰਧਾਲੂਆਂ ਨੂੰ ਦਿੱਤੇ ਜਾਣ ਵਾਲੇ ਖਾਣੇ, ਚਾਹ, ਪਾਣੀ ਅਤੇ ਪਿੱਤਲ ਦੇ ਗਲਾਸਾਂ ਲਈ ਵੀ ਬਾਜ਼ਾਰੀ ਕੀਮਤ ਨਾਲੋਂ ਕਈ ਗੁਣਾ ਵੱਧ ਰੇਟ ਠੇਕੇਦਾਰ ਨੂੰ ਅਦਾ ਕੀਤੇ ਜਾ ਰਹੇ ਹਨ।
ਕਾਂਗਰਸੀ ਆਗੂ ਨੇ ਮੰਗ ਕੀਤੀ ਕਿ ਤੀਰਥ ਯਾਤਰਾ ਯੋਜਨਾ ਵਿੱਚ ਹੋਏ ਇਸ ਕਰੋੜਾਂ ਰੁਪਏ ਦੇ ਘਪਲੇ ਅਤੇ 4 ਸ਼ਰਧਾਲੂਆਂ ਦੀ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਾਹਰਲੇ ਸੂਬਿਆਂ ਦੇ ਠੇਕੇਦਾਰਾਂ ਰਾਹੀਂ ਲੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਂਗਰਸ ਪਾਰਟੀ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰੇਗੀ।












